ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. ਸਿੱਖ ਕੌਮ ਦੇ ਦਾਰਸ਼ਨਿਕ, ਦਾਨਿਸ਼ਵਰ ਵਿਦਵਾਨ ਹੋਏ ਹਨ। ਉਨ੍ਹਾਂ ਦਾ ਜਨਮ ਚੱਕ ਨੰ: 531, ਲਾਇਲਪੁਰ ਵਿਖੇ ਮਾਤਾ ਹਰਨਾਮ ਕੌਰ ਤੇ ਪਿਤਾ ਦੀਦਾਰ ਸਿੰਘ ਦੇ ਘਰ 2 ਮਾਰਚ, 1909 ਈ. ਨੂੰ ਹੋਇਆ। ਉਨ੍ਹਾ ਨੇ ਫ਼ਿਲਾਸਫ਼ੀ ਦੀ ਐਮ.ਏ. ਕਰਕੇ ਉਸ ਵੇਲੇ ਦੀ ਉੱਚ ਸਿੱਖਿਆ ਪ੍ਰਸ਼ਾਸਨਿਕ ਆਈ.ਸੀ.ਐਸ. ਪਾਸ ਕੀਤੀ। ਉਹ ਇਹ ਪ੍ਰੀਖਿਆ ਪਾਸ ਕਰਨ ਵਾਲੇ ਸ੍ਰੀ ਐਮ.ਐਸ. ਰੰਧਾਵਾ ਸਮੇਤ ਗਿਣਵੇਂ ਚੁਣਵੇਂ ਸਿੱਖਾਂ ਵਿੱਚੋਂ ਇਕ ਸਨ। ਗੁਜਰਾਤ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਰਹੇ। ਜ਼ਿੰਦਗੀ ਦੇ ਆਖਰੀ ਵਰ੍ਹੇ ਉਨ੍ਹਾ ਨੇ ਜਗਰਾਉਂ ਵਿੱਚ ਗੁਜਾਰੇ। 1947 ਸਮੇਂ ਆਜ਼ਾਦੀ ਪਿੱਛੋਂ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਕੱਢੇ ਇੱਕ ਖੁਫੀਆ ਪੱਤਰ ਜਿਸ ਵਿੱਚ ਸਿੱਖਾਂ ਨੂੰ ਜੋ ਪਾਕਿਸਤਾਨ ਬਣਨ ਤੇ ਉੱਜੜ ਕੇ ਆਏ, ਜਰਾਇਮ ਪੇਸ਼ਾ ਕਰਾਰ ਦੇ ਕੇ ਨਜ਼ਰਸਾਨੀ ਰੱਖਣ ਲਈ ਕਿਹਾ ਗਿਆ ਸੀ, ਤੋਂ ਭਾਵਾਤਮਕ ਤੌਰ ਤੇ ਬੇਬੱਸ ਹੋ ਗਏ। ਇਸ ਵਿਰੁੱਧ ਸਰਕਾਰ ਨੂੰ ਰੋਸ ਪ੍ਰਗਟ ਕਰਦਿਆਂ ਮੰਨਣ ਤੋਂ ਨਾਂਹ ਕਰ ਦਿੱਤੀ, ਕਿਉਂਕਿ ਅਜ਼ਾਦੀ ਲਈ ਤਨ, ਮਨ, ਧਨ ਦੀਆਂ ਕੁਰਬਾਨੀਆਂ, ਜੇਲਾਂ, ਕੈਦਾਂ, ਕਾਲੇ—ਪਾਣੀਆਂ ਤੇ ਫਾਂਸੀਆਂ ਤੇ ਝੂਲਣ ਵਾਲਿਆਂ ਲਈ ਉਜਾੜੇ ਦੇ ਅਸਹਿ ਤੇ ਅਕਹਿ ਕਸ਼ਟਾਂ, ਬੇਘਰੇ ਹੋਣ ਵਾਲਿਆਂ ਨੂੰ ਇਹ ਕੀ ਹੁਕਮ ਸੁਣਾ ਦਿੱਤਾ ਗਿਆ। ਏਥੋਂ ਸਿਰਦਾਰ ਕਪੂਰ ਸਿੰਘ ਦੀ ਕਲਮ ਨੇ ਸੱਚ ਲਿਖਣਾ ਅਰੰਭਿਆ। ਗੁਰੂ ਦਸਮੇਸ਼ ਪਿਤਾ ਦਾ ਕਥਨ ‘ਜਬੈ ਬਾਣ ਲਾਗਿਓ, ਤਬੈ ਰੋਸ ਜਾਗਿਓ।’ ਸਾਕਾਰ ਹੋ ਗਿਆ।
ਸਰਕਾਰ ਹਿੰਦ ਨੂੰ ਇਹ ਹੁਕਮ ਅਦੂਲੀ ਕਿਵੇਂ ਹਜ਼ਮ ਹੋ ਸਕਦੀ ਸੀ। ਨਿੱਕੇ ਨਿੱਕੇ ਬਹਾਨੇ ਬਣਾ ਕੇ ਅਹੁਦੇ ਤੋਂ ਜਬਰੀ ਬਰਖਾਸਤ ਕਰ ਦਿੱਤਾ। ਕੋਰਟਾਂ ਨੇ ਵੀ ਇੱਕ ਨਾ ਸੁਣੀ। ਬਿਲਕੁਲ ਏਵੇਂ ਹੀ ਜਨਰਲ ਸੁਬੇਗ ਸਿੰਘ ਨਾਲ ਕੀਤਾ ਗਿਆ। ਇਸ ਤੇ ਸਿਰਦਾਰ ਜੀ ਲੋਕ ਕਚਹਿਰੀ ਵਿੱਚ ਆਏ। ਸਾਲ 1962 ਦੀਆਂ ਆਮ ਚੋਣਾਂ ਵਿੱਚ ਲੁਧਿਆਣੇ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ। ਉਥੇ ਸਿੱਖਾਂ ਨਾਲ ਵਿਸਾਹਘਾਤ (Betrayal of Sikhs) ਅਤੇ ਪੰਜਾਬੀ ਸੂਬੇ ਦੀ ਸਥਾਪਨਾ ਬਿਲ ਤੇ ਇਤਿਹਾਸਕ ਭਾਸ਼ਣ ਦਿੱਤੇ। ਇਹ ਹਜ਼ਾਰਾਂ ਦੀ ਗਿਣਤੀ ਵਿੱਚ ਛਾਪਕੇ ਵੰਡੇ ਗਏ। ਉਪਰੰਤ 1969 ਦੀਆਂ ਮੱਧਕਾਲੀ ਚੋਣਾਂ ਵਿੱਚ ਸਮਰਾਲਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਮੈਂਬਰ (ਐਮ.ਐਲ.ਏ.) ਬਣੇ। ਦੋਵੇਂ ਵਾਰ ਕਾਂਗਰਸੀ ਉਮੀਦਵਾਰ ਹਰਾਏ। ਸਿਰਦਾਰ ਜੀ ਨੇ ਬਤੌਰ ਮੀਤ ਪ੍ਰਧਾਨ ਸ਼ਿਰੋਮਣੀ ਅਕਾਲੀ ਦਲ ਅਨੰਦਪੁਰ ਦਾ ਮਤਾ (1973) ਡਰਾਫਟ ਕੀਤਾ ਤੇ ਪ੍ਰਵਾਨ ਕਰਾਇਆ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਬਲਿਦਾਨ ਦੀ ਪਾਰਟੀ ਤੋਂ ਉੱਪਰ ਉਠ ਕੇ ਪ੍ਰੋੜਤਾ ਕੀਤੀ।
ਸਿਰਦਾਰ ਕਪੂਰ ਸਿੰਘ ਦੀ ਵਿਦਵਤਾ ਦਾ ਪ੍ਰਮਾਣ ਉਨ੍ਹਾਂ ਦੀਆਂ ਰਚਨਾਵਾਂ ਹਨ। ਉਹ ਅੰਗਰੇਜ਼ੀ, ਪੰਜਾਬੀ, ਫ਼ਾਰਸੀ, ਸੰਸਕ੍ਰਿਤ ਤੇ ਹਿੰਦੀ ਦੇ ਗੰਭੀਰ ਵਿਦਵਾਨ ਸਨ। ਉਨ੍ਹਾਂ ਦੇ ਵਿਸ਼ਾਲ ਅਧਿਐਨ ਵਿੱਚੋਂ ਹੀ ਕਮਿਊਨਲ ਐਵਾਰਡ (ਜੋ ਪਿੱਛੋਂ ਡਾ. ਗੰਡਾ ਸਿੰਘ ਦੇ ਮੁੱਖਬੰਦ ਸਮੇਤ ‘ਸਾਚੀ ਸਾਖੀ* ਬਣਿਆ ਤੇ ਕਈ ਐਡੀਸ਼ਨ ਛਪੇ ਤੇ ਛਪ ਰਹੇ ਹਨ।) ਪੁਸਤਕ ਨੇ ਜਨਮ ਲਿਆ ਜੋ ਰਾਜਸੀ ਖੇਤਰ ਦੀ ਚਰਚਿਤ ਪੁਸਤਕ ਹੈ, ਇਸ ਪੁਸਤਕ ਤੇ ਪਾਬੰਦੀ ਵੀ ਲੱਗੀ, ਚੋਰੀ ਛਿਪੇ ਵੀ ਪੜ੍ਹੀ ਜਾਂਦੀ ਰਹੀ। ਕਈ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਨੇ ਵੀ ਕਈ ਐਡੀਸ਼ਨ ਛਾਪੇ। ਸਪਤਸ਼੍ਰਿੰਗ, ਸੱਤ ਮਹਾਂਪੁਰਖਾਂ ਦੇ ਜੀਵਨ ਹਨ ਜੋ ਯੂਨੀਵਰਸਿਟੀਆਂ ਦੇ ਐਮ.ਏ. ਕੋਰਸ ਵਿੱਚ ਲੱਗੀ ਰਹੀ। ‘ਪੁੰਦਰੀਕ*, ਬਹੁ ਵਿਸਤਾਰ, ਪ੍ਰਾਸ਼ਰ ਪ੍ਰਸ਼ਨ (ਅੰਗ੍ਰੇਜ਼ੀ) ਅਤੇ ‘ਬਿਖ਼ ਮਹਿ ਅੰਮ੍ਰਿਤ” ਵਿਚਾਰਧਾਰਕ ਨਿਬੰਧ ਪੁਸਤਕਾਂ ਹਨ। ‘ਹਸ਼ੀਸ਼* ਕਾਵਿ—ਸੰਗ੍ਰਹਿ ਹੈ।
ਸਿਰਦਾਰ ਕਪੂਰ ਸਿੰਘ ਨੂੰ ਸ਼੍ਰੋ. ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਤੋਂ ‘ਨੈਸ਼ਨਲ ਪ੍ਰੋ. ਆਫ ਸਿੱਖਿਇਜ਼ਮ’ ਦੀ ਪਦਵੀ ਦਿੱਤੀ ਗਈ। ਉਹ 13. ਅਗਸਤ 1986 ਨੂੰ 77 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਏ। ਸਿਰਦਾਰ ਕਪੂਰ ਸਿੰਘ ਹੁਰਾਂ ਦੀ ਪੁਸਤਕ ‘ਸਾਚੀ ਸਾਖੀ’ ਕਈ ਕਾਰਣਾਂ ਕਰਕੇ ਚਰਚਿਤ ਰਹੀ। ਇਸ ਵਿੱਚ ਵਿਭਿੰਨ ਧਰਮਾਂ ਦੇ ਵੱਖ ਵੱਖ ਭਾਸ਼ਾਵਾਂ ਵਿੱਚ ਹਵਾਲੇ ਹਨ, ਵਿਤਕਰਿਆਂ ਦੀ ਦਾਸਤਾਨ ਹੈ। ਮਹਾਤਮਾ ਗਾਂਧੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਕਹੇ ਸ਼ਬਦਾਂ ਲਈ ਮੁਆਫ਼ੀ ਦਾ ਜ਼ਿਕਰ ਹੈ। ਲਾਲਾ ਲਾਜਪਤ ਰਾਇ ਵੱਲੋਂ ਵਿਦੇਸ਼ਾਂ ਵਿੱਚੋਂ ਇੱਕਤਰ ਧਨ ਹੜੱਪਣ ਤੇ ਕੋਈ ਲਾਠੀ ਲੱਗ ਕੇ ਚਲਾਣਾ ਨਾ ਕਰਨ ਦੀ ਗਵਾਹੀ ਹੈ, ਬਲਕਿ ਦਿਲ ਦੇ ਦੌਰੇ ਨਾਲ ਚਲਾਣੇ ਦੇ ਹਵਾਲੇ ਹਨ। ਸ. ਭਗਤ ਸਿੰਘ ਬਾਰੇ ਇਤਿਹਾਸਕ ਤੱਥ ਹਨ। ਨਹਿਰੂ, ਪਟੇਲ ਤੇ ਗਵਰਨਰ ਪੰਜਾਬ (ਉਦੋਂ) ਬਾਰੇ ਖੁਲਾਸੇ ਹਨ। ਅਕਾਲੀ ਆਗੂਆਂ ਬਲਦੇਵ ਸਿੰਘ, ਹੁਕਮ ਸਿੰਘ, ਮਾ. ਤਾਰਾ ਸਿੰਘ, ਮਹਾਰਾਜਾ ਯਾਦਵਿੰਦਰ ਸਿੰਘ, ਭੁਪਿੰਦਰ ਸਿੰਘ, ਸੰਤ ਫਤਿਹ ਸਿੰਘ, ਜਸਟਿਸ ਗੁਰਨਾਮ ਸਿੰਘ, ਗੁਰਚਰਨ ਸਿੰਘ ਟੌਹੜਾ ਅਤੇ ਹੋਰ ਆਗੂਆਂ ਦੇ ਕਾਰਨਾਮੇ ਹਨ।
‘ਸਾਚੀ ਸਾਖੀ’ ਤੇ ਬਹੁਤ ਸਾਰਾ ਸਾਹਿਤ ਹੈ। ਸਿਰਦਾਰ ਸਾਹਿਬ ਤੇ ਕਈ ਪੁਸਤਕਾਂ ਤੇ ਵਿਸ਼ੇਸ਼ ਅੰਕ ਹਨ। ਇਨ੍ਹਾਂ ਵਿੱਚ ਜਤਿੰਦਰ ਬੀਰ ਸਿੰਘ ਨੰਦਾ ਦੀ ‘ਗੱਦਪਤੀ ਕਪੂਰ ਸਿੰਘ’, ਪੈਪਸੂ ਬੁੱਕ ਡਿੱਪੂ ਪਟਿਆਲਾ ਦੀ ‘ਕਪੂਰ ਸਿੰਘ ਦੀ ਵਾਰਤਕ*, ਪੰਜਾਬੀ ਦੁਨੀਆਂ, ਸਾਹਿਤ ਸਮਾਚਾਰ, ਸਿੱਖ ਸ਼ਹਾਦਤ ਅਤੇ ਜਾਗੋ ਦੇ ਵਿਸ਼ੇਸ਼ ਅੰਕ ਸਮੇਤ ਜੈਤੇਗ ਸਿੰਘ ਅਨੰਤ (ਸਵਰਗੀ) ਦੀਆਂ ਦੋ ਪੁਸਤਕਾਂ ‘ਪੰਚਨਦ’ ਤੇ ‘ਸਿਰਦਾਰ’ ਸ਼ਾਮਿਲ ਹਨ। ਉਨ੍ਹਾਂ ਦੇ ਲੇਖ ਅੰਗ੍ਰੇਜ਼ੀ, ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਛਪੇ ਤੇ ਛਾਪੇ ਜਾ ਰਹੇ ਹਨ। ਉਪਰੋਕਤ ਦੀ ਲੜੀ ਵਿੱਚ ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ‘ਜਾਗੋ ਇੰਟਰਨੈਸ਼ਨਲ’ ਦੇ ਸੰਪਾਦਕ ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਨੇ ‘ਸਾਚੀ ਸਾਖੀ ਦਾ ਅਸਲੀ ਸੱਚ’ ਪੁਸਤਕ ਦਾ ਪ੍ਰਕਾਸ਼ਨ ਇਸ ਵਰ੍ਹੇ 2026 ਵਿੱਚ ਕੀਤਾ ਹੈ ਜੋ ਸਿਰਦਾਰ ਕਪੂਰ ਸਿੰਘ ਜੀ ਬਾਰੇ ਇੱਕ ਸਾਂਭਣਯੋਗ ਇਤਿਹਾਸਕ ਦਸਤਾਵੇਜ਼ ਹੈ।
‘ਸਾਚੀ ਸਾਖੀ ਦਾ ਅਸਲੀ ਸੱਚ’ 478 ਸਫ਼ਿਆਂ ਦੀ ਲੋਕਗੀਤ ਪ੍ਰਕਾਸ਼ਨ ਮੁਹਾਲੀ ਵੱਲੋਂ ਪ੍ਰਕਾਸ਼ਿਤ 695 ਰੁਪਏ ਕੀਮਤ ਦੀ ਬਹੁਮੁੱਲੀ ਪੁਸਤਕ ਹੈ। ਇਸ ਵਿੱਚ ‘ਸਾਚੀ ਸਾਖੀ’ ਦੇ ਮੂਲ ਪਾਠ ਸਮੇਤ ਇਸ ਪੁਸਤਕ ਅਤੇ ਸਿਰਦਾਰ ਕਪੂਰ ਸਿੰਘ ਦੇ ਜੀਵਨ, ਰਚਨਾ ਅਤੇ ਵਿਚਾਰਧਾਰਾ ਬਾਰੇ ਇੱਕੀ ਵਿਦਵਾਨਾਂ ਦੇ ਨਿਬੰਧ ਹਨ। ਪ੍ਰਸਿੱਧ ਆਲੋਚਕ ਡਾ. ਡੇਜਵੰਤ ਮਾਨ ਦੇ ਮੁੱਖ ਸ਼ਬਦ ਅਤੇ ਇੱਕ ਵਿਸਤ੍ਰਿਤ ਸੰਪਾਦਕੀ ਹੈ। ਚਾਰ ਅੰਤਿਕਾਵਾਂ, ਚਿਤਰਾਵਲੀ ਅਤੇ ਪੁਸਤਕ ਸੂਚੀ ਹੈ। ਇਸ ਵਿੱਚ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਗੁਰਤੇਜ ਸਿੰਘ ਆਈ.ਏ.ਐਸ., ਪ੍ਰਿੰ. ਭਰਪੂਰ ਸਿੰਘ, ਡਾ. ਭਗਵਾਨ ਸਿੰਘ, ਪ੍ਰੋ. ਪ੍ਰੀਤਮ ਸਿੰਘ, ਗਜਿੰਦਰ ਸਿੰਘ, ਭਾਈ ਹਰਿਸਿਮਰਨ ਸਿੰਘ, ਡਾ. ਜਸਬੀਰ ਸਿੰਘ ਸਾਬਰ, ਹਰਪਾਲ ਸਿੰਘ ਸੇਵਕ, ਅਵਤਾਰ ਸਿੰਘ, ਗੁਰਚਰਨਜੀਤ ਸਿੰਘ ਲਾਂਬਾ, ਪ੍ਰੋ.ਹਰਪਾਲ ਸਿੰਘ, ਡਾ ਮੇਘਾ ਸਿੰਘ, ਡਾ. ਭਗਵੰਤ ਸਿੰਘ, ਤੇਜਾ ਸਿੰਘ, ਖੁਸ਼ੀ ਰਾਮ ਤੇ ਸੁਤੇ ਅਹੀਰ (ਬੋਧੀ), ਅਲਬੇਲ ਸਿੰਘ ਗਰੇਵਾਲ, ਦਵਿੰਦਰ ਸਿੰਘ ਗਿੱਲ ਤੇ ਗੁਰਮੀਤ ਸਿੰਘ ਸਾਬਕਾ ਮੰਤਰੀ ਦੇ ਨਿਬੰਧ ਸ਼ਾਮਿਲ ਹਨ। ਇਹ ਸਾਰੇ ਵਿਦਵਾਨ ਸਿਰਦਾਰ ਕਪੂਰ ਸਿੰਘ ਦੇ ਜੀਵਨ, ਰਚਨਾ ਤੇ ਕਾਰਜਸ਼ੈਲੀ ਨਾਲ ਜੁੜੇ ਰਹੇ ਹਨ।
ਕਿਸੇ ਵਿਦਵਾਨ ਦੇ ਚਲੇ ਜਾਣ ਪਿੱਛੋਂ ਉਸ ਬਾਰੇ ਸ਼ੋਧ ਕਾਰਜ ਭਾਵੇਂ ਅਤਿਅੰਤ ਕਠਿਨ ਹੋ ਜਾਂਦਾ ਹੈ, ਪ੍ਰੰਤੂ ਅਜਿਹਾ ਹੋਣਾ ਉਸ ਦੀ ਵਿਦਵਤਾ ਅਤੇ ਸ੍ਰੇਸ਼ਟ ਹੋਣ ਦਾ ਵੱਡਾ ਸਬੂਤ ਵੀ ਹੁੰਦਾ ਹੈ। ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਹੁਰੀਂ ਖੋਜੀ ਵਿਦਵਾਨ ਹਨ, ਇਨ੍ਹਾਂ ਨੇ ਪਹਿਲਾਂ ਵੀ ਬਹੁਤ ਸਾਰੇ ਮਹਾਨ ਸੰਪਾਦਨ ਕਾਰਜ ਨੇਪਰੇ ਚਾੜ੍ਹੇ ਹਨ। ਇਹ ਉਨ੍ਹਾਂ ਵਿੱਚ ਇੱਕ ਹੋਰ ਅਗਲੇਰਾ ਵਾਧਾ ਹੈ। ਸਿਰਦਾਰ ਜਿਹੇ ਸਿਰੜੀ, ਨਿਸ਼ਠਾਵਾਨ, ਗੁਰਮਤਿ ਦੇ ਦਾਰਸ਼ਨਿਕ ਬਹੁਭਾਸ਼ਾਈ ਗਿਆਨ ਦੇ ਭੰਡਾਰ ਬਾਰੇ ਗੱਲ ਹੁੰਦੀ ਰਹਿਣੀ ਤੇ ਕਰਦੇ ਰਹਿਣਾ ਸਿਹਤਮੰਦ ਰੁਝਾਨ ਦਾ ਚਿੰਨ੍ਹ ਹੈ। ਇਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।
ਐਨੇ ਵੱਡੇ ਕਾਰਜ ਵਿੱਚ ਕਈ ਕਮੀਆਂ ਰਹਿ ਜਾਣੀਆਂ ਸੁਭਾਵਿਦ ਹਨ ਤੇ ਕੋਈ ਵੀ ਕਾਰਜ ਹੋਰ ਵਾਧੇ ਲਈ ਹੁੰਦਾ ਹੈ। ਸੋ ਇਸ ਵਿੱਚ ਕਈ ਵੇਰਵੇ ਅਸ਼ੁੱਧ ਤੇ ਅਧੂਰੇ ਵੀ ਹਨ, ਭਾਵੇਂ ਇਹ ਵਿਭਿੰਨ ਵਿਦਵਾਨਾਂ ਦੇ ਹਨ ਜੋ ਆਉਣ ਵਾਲੇ ਐਡੀਸ਼ਨਾਂ ਵਿੱਚ ਸੋਧੇ ਜਾਣਗੇ। ਵਿਦਵਾਨਾਂ ਦੇ ਆਪਣੇ ਮੱਤ ਹੁੰਦੇ ਹਨ। ਕਈਆਂ ਨੂੰ ਸਿਰਦਾਰ ਦਾ ਸੁਭਾਅ ਜਿੱਦੀ ਜਾਂ ਕੁਰੱਖਤ ਲੱਗਿਆ ਹੈ,ਪ੍ਰੰਤੂ ਸਿਰਦਾਰ ਦੇ ਜੀਵਨ ਬ੍ਰਿਤਾਂਤ ਵਿੱਚ ਵਿਚਰਦਿਆਂ ਅਜਿਹਾ ਹੋ ਜਾਣਾ ਕੁਦਰਤੀ ਹੈ। ਸੋ ਕਿਸੇ ਵੀ ਵਿਅਕਤੀ ਦੇ ਨਿੱਜੀ ਆਚਰਣ ਤੇ ਟਿੱਪਣੀ ਉਸਦੇ ਸਮਾਕਲੀ ਸਮੇਂ ਨੂੰ ਜਾਣਦਿਆਂ ਉਸ ਪ੍ਰਸੰਗ ਵਿੱਚ ਕੀਤੀ ਜਾਣੀ ਚਾਹੀਦੀ ਹੈ। ਕਈ ਕਾਰਜ ਜਿਵੇਂ ਚੰਡੀਗੜ੍ਹ ਦੇ ਸਿੱਖ ਇੰਸਟੀਚਿਊਟ ਵੱਲੋਂ ਛਾਪੀ ਪੁਸਤਕ ਤੇ ਮੈਗਜ਼ੀਨ (ਅੰਗੇ੍ਰਜ਼ੀ, ਪੰਜਾਬੀ) ਤੇ ਵਿੱਦਿਆ ਕੇਂਦਰ ਚੰਡੀਗੜ੍ਹ ਦਾ ਰਚਨਾ ਕਾਰਜ ਹੋਰ ਵਾਧੇ ਕਰ ਸਕਦਾ ਹੈ। ਪੁਸਤਕ ਦਾ ਨਾਮਕਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁਕ “ਸੰਤਨ ਕੀ ਸੁਣਿ ਸਾਚੀ ਸਾਖੀ” ਸੋ ਬੋਲਹਿ ਜੋ ਪੇਖਹਿ ਆਖੀ” (ਰਾਮਕਲੀ ਮ. 5. 894) ਦਾ ਜ਼ਿਕਰ ਵੀ ਹੋਣਾ ਚਾਹੀਦਾ ਹੈ। ਪ੍ਰੰਤੂ ਇਸ ਸਭ ਕੁੱਝ ਦੇ ਬਾਵਜੂਦ ਇਹ ਪੁਸਤਕ ਦਾ ਸੰਪਾਦਨ ਇੱਕ ਵਡੇਰਾ ਉੱਦਮ ਹੈ, ਕੌਮ ਲਈ ਪਰਉਪਕਾਰੀ ਕੰਮ ਹੈ। ਇਸਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ ਤੇ ਸੰਪਾਦਕ ਡਾ. ਭਗਵੰਤ ਸਿੰਘ, ਸੰਦੀਪ ਮੁਬਾਰਕ ਦੇ ਹੱਕਦਾਰ ਹਨ। ਭਵਿੱਖ ਵਿੱਚ ਇਨ੍ਹਾਂ ਤੋਂ ਅਜਿਹੇ ਹੋਰ ਕਾਰਜਾਂ ਦੀ ਉਮੀਦ ਬਣੀ ਰਹੇਗੀ ਤੇ ਪਾਠਕ ਹੁੰਗਾਰਾ ਭਰਦੇ ਹੁਲਾਰਾ ਦਿੰਦੇ ਰਹਿਣਗੇ।
ਤੇਜਾ ਸਿੰਘ ਤਿਲਕ ਦਾਨਗੜ੍ਹ
ਪ੍ਰਧਾਨ ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ
ਅਤੇ ਗੁਰੂ ਨਾਨਕ ਲਾਇਬ੍ਰੇਰੀ ਦਾਨਗੜ੍ਹ
ਸੰਪਰਕ 98766—36159
(ਇਹ ਪਰਚਾ ਪੰਜਾਬੀ ਸਾਹਿਤ ਸਭਾ ਰਜਿ.) ਸੰਗਰੂਰ ਦੀ ਗੋਸ਼ਟੀ ਵਿੱਚ ਮਿਤੀ 10 ਅਗਸਤ 2026 ਨੂੰ ਪੜਿ੍ਹਆ ਤੇ ਵਿਚਾਰਿਆ ਗਿਆ)

