ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਸਮਰਪਿਤ ਸਾਈਕਲ ਰੈਲੀ ਦੀਆਂ ਤਿਆਰੀਆਂ ਮੁੰਕਮਲ
ਕੋਟਕਪੂਰਾ, 15 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਕਰਤਾਰ ਸਿੰਘ ਸਰਾਭਾ (24 ਮਈ 1896-16 ਨਵੰਬਰ 1915) ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 40 ਕਿਲੋਮੀਟਰ ਸਾਈਕਲ ਰੈਲੀ ਦਾ ਆਯੋਜਨ 15 ਨਵੰਬਰ 2026 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਾਈਕਲ ਰੈਲੀ ਨੂੰ ਲੈ ਕੇ ਪੀ.ਬੀ.04 ਸਾਈਕਲਿੰਗ ਲਵਰਜ਼ ਫ਼ਰੀਦਕੋਟ ਦੀ ਟੀਮ ਵੱਲੋਂ ਤਿਆਰੀਆਂ ਮੁੰਕਮਲ ਕਰ ਦਿੱਤੀਆਂ ਗਈਆਂ ਹਨ। ਇਸ ਸਾਈਕਲ ਰੈਲੀ ਦੀ ਸ਼ੁਰੂਆਤ ਮੌਕੇ ਕੀਤੇ ਜਾ ਰਹੇ ਸਮਾਗਮ ’ਚ ਮੁੱਖ ਮਹਿਮਾਨਾਂ ਵਜੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਅਤੇ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਸ.ਗੁਰਬੰਸ ਸਿੰਘ ਬੈਂਸ ਸ਼ਾਮਲ ਹੋਣਗੇ। ਸੁਸਾਇਟੀ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਾਈਕਲ ਰੈਲੀ ਫ਼ਰੀਦਕੋਟ ਰੈਸਟ ਹਾਊਸ ਤੋਂ ਸਵੇਰੇ 7:30 ਵਜੇ ਸ਼ੁਰੂ ਹੋ ਕੇ ਤਲਵੰਡੀ ਰੋਡ ਹੁੰਦੇ ਹੋਏ ਟਹਿਣਾ ਟੀ- ਪੁਆਇੰਟ ਤੋਂ ਸੱਜੇ ਮੁੜ ਕੇ ਰਾਸ਼ਟਰੀ ਰਾਜ ਮਾਰਗ 54 ‘ਤੇ ਕੋਟਕਪੂਰਾ ਮੋਗਾ ਰੋਡ ਤੇ ਬਣੇ ਫਲਾਈ ਓਵਰ ਦੇ ਥੱਲੇ ਤੋਂ ਵਾਪਸ ਮੁੜ ਕੇ ਸੇਮ ਰੂਟ ਹੁੰਦੇ ਹੋਏ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰੈਸਟ ਹਾਊਸ ਸਮਾਪਤ ਹੋਵੇਗੀ। ਰਾਈਡ ’ਚ ਰਜਿਸਟਰ ਹੋਏ ਸਾਈਕਲਿਸਟ ਹੀ ਹਿੱਸਾ ਲੈਣਗੇ। ਇਸ 40 ਕਿਲੋਮੀਟਰ ਰਾਈਡ ਪੂਰੀ ਕਰਨ ਵਾਲੇ ਹਰ ਸਾਈਕਲਿਸਟ ਨੂੰ ਮੈਡਲ ਅਤੇ ਸਰਪ੍ਰਾਈਜ਼ ਗਿਫ਼ਟ ਦਿੱਤਾ ਜਾਵੇਗਾ ਅਤੇ ਸਾਰੇ ਸਾਈਕਲਿਸਟਾਂ ਲਈ ਰਿਫਰੈਸ਼ਮੈਂਟ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਸਾਈਕਲ ਰੈਲੀ ਦੇ ਪ੍ਰਬੰਧਕ ਰਾਜਿੰਦਰ ਸਿੰਘ ਮਹਿਮੂਆਣਾ, ਕੁਲਦੀਪ ਸ਼ਰਮਾ, ਰਮਿਤ ਬਜਾਜ ਅਤੇ ਵਿਕਾਸ ਛਾਬੜਾ, ਸਹਿਯੋਗੀ ਸੰਦੀਪ ਮਿੱਤਲ ਨੇ ਰੈਲੀ ’ਚ ਭਾਗ ਲੈਣ ਵਾਲੇ ਸਾਈਕਲਿਸਟਾਂ ਨੂੰ ਸਵੇਰੇ 7:00 ਵਜੇ ਪਹੁੰਚਣ ਲਈ ਅਪੀਲ ਕੀਤੀ ਹੈ।

