ਸੰਗਰੂਰ 12 ਅਗਸਤ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਅਖੌਤੀ ਸਿਆਣਿਆ, ਬਾਬਿਆਂ ਦੁਆਰਾ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ,ਓਪਰੀ ਸ਼ੈਅ, ਕੀਤੇ ਕਰਵਾਏ ਦਾ ਅਸਰ ਖਤਮ, ਕਹਿ ਲਵੋ, ਹਰ ਸਮੱਸਿਆ,ਹਰ ਬਿਮਾਰੀ ਦਾ ਹਲ , ਗਰੰਟੀ ਸ਼ੁਦਾ ਇਲਾਜ ਕਰਨ ਦਾ ਦਾਅਵਾ ਕਰਨ ਅਤੇ ਇੱਕ ਵਾਰ ਮੌਕਾ ਦੇਣ ਦੀ ਗੱਲ ਕਹਿ ਕੇ ਭਰਮਾਇਆ ਜਾਂਦਾ ਹੈ। ਆਮ ਤੌਰ ਤੇ ਇਹ ਪੇਸ਼ਾਵਰ ਲੋਕ ਤਜ਼ਰਬੇ ਕਾਰਨ ਤੇ ਲੋਕਾਂ ਦੇ ਲਾਈਲੱਗ ਸੁਭਾਅ ਕਾਰਨ ਮਾਹਿਰ ਹੋ ਜਾਂਦੇ ਹਨ ਅਤੇ ਆਏ ਗਾਹਕ/ਪੀੜਿਤ ਪਰਿਵਾਰ ਤੋਂ ਉਸਦੀ ਪਰਿਵਾਰਿਕ, ਆਰਥਿਕ ਅਤੇ ਮਾਨਸਿਕ ਹਾਲਤ ਬਾਰੇ ਸੌਖਿਆਂ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ ਤੇ ਫਿਰ ਬਹੁਤ ਸਾਰੀਆਂ ਗੋਲ ਮੋਲ ਗੱਲਾਂ ਕਰਕੇ ਜਿਨਾਂ ਦੇ ਕਈ ਸਾਰੇ ਅਰਥ ਬਣਦੇ ਹੁੰਦੇ ਹਨ, ਦੱਸਦੇ ਹਨ। ਗਾਹਕ ਆਪਣੇ ਆਪ ਹੀ ਆਪਣੇ ਉੱਤੇ ਢੁੱਕਵਾਂ ਅਰਥ ਕੱਢ ਲੈਂਦੇ ਹਨ। ਆਮ ਕਰਕੇ ਇਹ ਸਾਰੇ ਪਖੰਡੀ ਦੁੱਖਾਂ ਤਕਲੀਫਾਂ ਲਈ ਕਿਸੇ ਗੁਆਂਢੀ ਜਾਂ ਰਿਸ਼ਤੇਦਾਰ ਨੂੰ ਜਿੰਮੇਵਾਰ ਠਹਿਰਾਉਂਦੇ ਹਨ। ਜਿਨ੍ਹਾਂ ਨੂੰ ਦੁਖੀ ਹੋਇਆ ਮਨ ਬਹੁਤ ਜਲਦੀ ਸਵੀਕਾਰ ਕਰ ਲੈਂਦਾ ਹੈ।
ਸਮਾਜ ਦਾ ਵੱਡਾ ਹਿੱਸਾ ਆਪਣੀਆਂ ਸਮੱਸਿਆਵਾਂ ਦੇ ਅਸਲ ਕਾਰਨ ਲੱਭਣ ਤੋਂ ਅਸਮਰਥ ਹੋਣ ਕਾਰਨ ਇਹਨਾਂ ਪਖੰਡੀਆਂ ਵੱਲ ਤੁਰਿਆ ਰਹਿੰਦਾ ਹੈ। ਪੜਤਾਲ ਕਰਕੇ ਵਿਸ਼ਵਾਸ ਕਰਨ ਦੀ ਗੱਲ ਤਾਂ ਅਜੇ ਬਹੁਤ ਦੂਰ ਹੈ, ਇਸ ਤਰ੍ਹਾਂ ਦੇ ਕੇਸ ਅਕਸਰ ਤਰਕਸ਼ੀਲ ਸੁਸਾਇਟੀ ਕੋਲ ਆਉਂਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੀਤੇ ਕਰਾਏ ਤੇ ਓਪਰੀ ਸ਼ੈਅ ਦੇ ਅਸਰ ਦਾ ਭਰਮ /ਡਰ ਪਾਲ਼ੀ ਬੈਠੇ ਪਰਿਵਾਰ ਦਾ ਇੱਕ ਕੇਸ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਕਈ ਸਾਲ ਪਹਿਲਾਂ ਤਰਕਸ਼ੀਲ ਸੁਸਾਇਟੀ ਕੋਲ ਇੱਕ ਔਰਤ ਆਈ ਤੇ ਕਹਿਣ ਲੱਗੀ, “ਸਾਡੀ ਨੂੰਹ ਦੇ ਬੱਚਾ ਹੋਣ ਵਾਲਾ ਹੈ।ਉਸ ਨੂੰ ਕਿਸੇ ਨੇ ਕੁਝ ਕਰਵਾ ‘ਤਾ’। ਅਸੀਂ ਬਹੁਤ ਸਾਰੇ ਸਿਆਣਿਆਂ ਕੋਲ ਜਾ ਚੁੱਕੇ ਹਾਂ, ਪਰ ਕਿਤੋਂ ਵੀ ਫਰਕ ਨਹੀਂ ਪੈ ਰਿਹਾ। ਉਸ ਦੇ ਦੌਰੇ ਪੈਂਦੇ ਨੇ।ਹਰ ਸਮੇਂ ਡਰੀ, ਡਰੀ ਰਹਿੰਦੀ ਹੈ, ਦਿਨੋਂ ਦਿਨ ਨਿੱਘਰਦੀ ਜਾ ਰਹੀ ਹੈ।” ਅਖੌਤੀ ਸਿਆਣਿਆਂ ਜੋ ਕੁਝ ਦੱਸਿਆ, ਸੁਣ ਕੇ ਮਨ ਨੂੰ ਬਹੁਤ ਠੇਸ ਪਹੁੰਚੀ। ਉਸਨੇ ਕਿਹਾ “ਭਾਈ, ਇੱਕ ਕਹਿੰਦਾ ਤੁਹਾਡੀ ਬਹੂ ਨੂੰ ਓਪਰੀ ਸ਼ੈਅ ਰੂਪੀ ਕਚੀਲ ਚਿੰਬੜੀ ਹੋਈ ਐ।ਕੋਈ ਕਹਿੰਦਾ,ਕਿਸੇ ਨੇ ਕੁੱਝ ਖੁਆ ਤਾ,ਕੋਈ ਕੁੱਝ ਕੋਈ ਕੁੱਝ । ਕਿਸੇ ਨੇ ਗੰਦ ਦੀ ਧੂਣੀ ਦੇਣ ਲਈ ਕਿਹਾ, ਅਸੀਂ ਉਹ ਵੀ ਕੀਤਾ। ਕਿਸੇ ਨੇ ਗੰਦੀ ਜੁੱਤੀ ਸੰਘਾਉਣ ਨੂੰ ਕਿਹਾ, ਅਸੀਂ ਉਹ ਵੀ ਕੀਤਾ। ਕਿਸੇ ਨੇ ਕੜਾਹੀ ਕਰਾਈ, ਕਿਸੇ ਨੇ ਟੂਣਾ ਕਰਨ ਦਾ ਸਮਾਨ ਲਿਆ, ਅਸੀਂ ਸਭ ਕੁੱਝ ਕੀਤਾ, ਕਈ ਸਿਆਣਿਆਂ ਨੇ ਇਸ ਨੂੰ ਚਿਮਟਿਆਂ ਨਾਲ ਕੁੱਟਿਆ। ਕਿਤੋਂ ਵੀ ਇਸ ਦਾ ਇਲਾਜ ਨਹੀਂ ਹੋਇਆ। ਸਾਡੇ ਪਿੰਡ ਵਾਲੇ ਜਸਵਿੰਦਰ ਮਾਸਟਰ ਨੇ ਤੁਹਾਡੀ ਦੱਸ ਪਾਈ ਹੈ। ਸੋ ਭਾਈ ਅਸੀਂ ਬਹੂ ਦੇ ਇਲਾਜ ਲਈ ਤੁਹਾਡੇ ਕੋਲ ਆਏ ਹਾਂ।” ਸਾਰੀ ਗੱਲ ਸੁਣਨ ਤੋਂ ਬਾਅਦ
ਅਗਲੇ ਦਿਨ ਉਹਨਾਂ ਦੇ ਘਰ ਆਉਣ ਬਾਰੇ ਕਹਿ ਕੇ ਉਨ੍ਹਾਂ ਨੂੰ ਤੋਰ ਦਿੱਤਾ। ਮੈਂ ਆਪਣੇ ਤਰਕਸ਼ੀਲ ਸਾਥੀਆਂ ਨਾਲ ਮੀਟਿੰਗ ਕਰਕੇ ਸਾਰੀ ਗੱਲ ਸਾਂਝੀ ਕੀਤੀ। ਪ੍ਰਗਟ ਸਿੰਘ, ਗੁਰਦੀਪ ਸਿੰਘ ਲਹਿਰਾ, ਕ੍ਰਿਸ਼ਨ ਸਿੰਘ ਤੇ ਮੈਂ ਅਗਲੇ ਦਿਨ ਪੀੜਿਤ ਪਰਿਵਾਰ ਦੇ ਘਰ ਜਾਣ ਦੀ ਸਲਾਹ ਕਰਕੇ ਸਵੇਰੇ ਹੀ ਸਬੰਧਤ ਘਰੇ ਜਾ ਪਹੁੰਚੇ। ਅਸੀਂ ਮਨੋਵਿਗਿਆਨਕ ਤੇ ਵਿਗਿਆਨਿਕ ਪੱਖ ਤੋਂ ਕੁੜੀ ਦੇ ਡਰ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਪ੍ਰਾਪਤ ਕਰਕੇ ਪਤਾ ਲੱਗਿਆ ਕਿ ਲੜਕੀ ਦੀ ਪਹਿਲੀ ਡਿਲੀਵਰੀ ਸੀ ਤੇ ਇਸ ਸਬੰਧੀ ਉਸਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਸਨ। ਡਿਲੀਵਰੀ ਦੇ ਡਰ ਕਾਰਨ ਉਹ ਚਿੰਤਾ ਵਿੱਚ ਡੂਬੀ ਰਹਿੰਦੀ ਸੀ ,ਬਾਕੀ ਦੇ ਡਰ ਤਾਂ ਅਖੌਤੀ ਸਿਆਣਿਆਂ ਨੇ ਉਸ ਦੇ ਮਨ ਵਿੱਚ ਭਰ ਦਿੱਤੇ ਸਨ। ਪਰਿਵਾਰ ਅੰਧ ਵਿਸ਼ਵਾਸੀ ਸੀ, ਜਿਵੇਂ ਜਿਵੇਂ ਅਖੌਤੀ ਸਿਆਣੇ ਡਰਾਉਂਦੇ ਰਹੇ ,ਉਹ ਡਰਦੇ ਰਹੇ ਤੇ ਗੈਰ ਵਿਗਿਆਨਿਕ ਢੰਗ ਨਾਲ ਇਲਾਜ ਅਤੇ ਲੁੱਟ ਕਰਵਾਉਂਦੇ ਰਹੇ। ਸਿਆਣਿਆਂ ਨੇ ਰੱਜ ਕੇ ਉਹਨਾਂ ਨੂੰ ਲੁੱਟਿਆ।ਅਸੀਂ ਡਰ ਤੇ ਦੌਰਿਆਂ ਦੇ ਕਾਰਨ ਜਾਣ ਚੁੱਕੇ ਸਾਂ। ਅਸੀਂ ਆਪਣੇ ਢੰਗ ਨਾਲ ਉਸ ਦੇ ਮਨ ਵਿੱਚੋਂ ਉਪਰੀ ਸ਼ੈਅ ਦਾ ਡਰ ਦੂਰ ਕੀਤਾ ਤੇ ਫਿਰ ਇਨ੍ਹਾਂ ਕਾਲਪਨਿਕ ਚੀਜ਼ਾਂ ਦੀ ਅਸਲੀਅਤ ਗੱਲਬਾਤ ਵਿਧੀ ਰਾਹੀਂ ਉਸ ਨੂੰ ਸਮਝਾਈ। ਸਾਡੀ ਗਲਬਾਤ ਦਾ ਉਸ ਤੇ ਅਸਰ ਹੋ ਰਿਹਾ ਸੀ, ਜਿਉਂ, ਜਿਉਂ ਅਸੀਂ ਭੂਤਾਂ ਪ੍ਰੇਤਾਂ,ਕਚੀਲਾਂ ਦੀ ਅਣਹੋਂਦ ਬਾਰੇ ਦਸ ਰਹੇ ਸੀ, ਤਿਉਂ ਤਿਉਂ ਉਹ ਡਰ ਮੁਕਤ ਹੋ ਰਹੀ ਸੀ।ਉਸਨੂੰ ਸਮਝਾਇਆ ਗਿਆ ਕਿ ਡਿਲੀਵਰੀ ਤੋਂ ਡਰਨ ਦੀ ਲੋੜ ਨਹੀਂ। ਖੁਸ਼ੀ ਹੋਣੀ ਚਾਹੀਦੀ ਹੈ, ਨਵਾਂ ਜੀ ਘਰੇ ਆ ਰਿਹਾ ਹੈ।ਉਸਨੂੰ ਪੁੱਛਿਆ ਗਿਆ ਕਿ ਘਰਦਿਆਂ ਵੱਲੋਂ ਨਵੇਂ ਆਉਣ ਵਾਲੇ ਬੱਚੇ ਪ੍ਰਤੀ,ਮੁੰਡੇ ਕੁੜੀ ਬਾਰੇ ਕੋਈ ਗੱਲ ਤਾਂ ਨਹੀਂ ਚੱਲ ਰਹੀ। ਤੇਰਾ ਸਹੁਰਾ ਪਰਿਵਾਰ ਸਿਰਫ ਮੁੰਡੇ ਦੀ ਇੱਛਾ ਤਾਂ ਨਹੀਂ ਕਰ ਰਿਹਾ ?
ਉਸਨੇ ਕਿਹਾ ”ਮੇਰਾ ਸਹੁਰਾ ਪਰਿਵਾਰ ਬਹੁਤ ਚੰਗਾ ਹੈ। ਮੇਰਾ ਬਹੁਤ ਜਿਆਦਾ ਖਿਆਲ ਰੱਖਦਾ ਹੈ। ਸਾਰਿਆਂ ਵੱਲੋਂ ਮੈਨੂੰ ਪੂਰਾ ਮਾਣ ਸਤਿਕਾਰ ਮਿਲਦਾ ਹੈ। ਮੇਰਾ ਘਰ ਵਾਲਾ ਮੇਰਾ ਬਹੁਤ ਖਿਆਲ ਰੱਖਦਾ ਹੈ। ਮੈਨੂੰ ਡਿਲੀਵਰੀ ਦਾ ਡਰ ਲੱਗਿਆ ਰਹਿੰਦਾ ਹੈ। ਮੇਰੇ ਮਨ ਵਿੱਚੋਂ ਇਹ ਗੱਲ ਜਾਂਦੀ ਹੀ ਨਹੀਂ। ਪਿਛਲੇ ਸਾਲ ਸਾਡੀ ਗੁਆਂਢਣ ਦੀ ਡਿਲੀਵਰੀ ਨਾਲ ਮੌਤ ਹੋ ਗਈ ਸੀ। ਅਸੀਂ ਉਸਨੂੰ ਸਮਝਾਇਆ ਕਿ ਤੇਰੇ ਸਹੁਰੇ ਪਰਿਵਾਰ ਨੂੰ ਤੇਰੀ ਡਿਲੀਵਰੀ ਹਸਪਤਾਲ ਵਿੱਚ ਕਰਵਾਉਣ ਬਾਰੇ ਕਹਾਂਗੇ। ਕਿਸੇ ਸਿਆਣੇ ਲੇਡੀ ਡਾਕਟਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਕਹਾਂਗੇ। ਅਸੀਂ ਕਿਹਾ,”ਉਨਾਂ ਔਰਤਾਂ ਨਾਲ ਹੀ ਅਜਿਹੀ ਮੰਦਭਾਗੀ ਘਟਨਾ ਵਾਪਰਦੀ ਹੈ ਜਿਹੜੇ ਪਰਿਵਾਰ ਡਾਕਟਰਾਂ ਦੇ ਸੰਪਰਕ ਵਿੱਚ ਨਹੀਂ ਰਹਿੰਦੇ।” ਅਸੀਂ ਫਿਰ ਉਸਨੂੰ ਹੌਂਸਲਾ ਦਿੱਤਾ ਤੇ ਓਪਰੀ ਸ਼ੈਅ ਦਾ ਡਰ ਖਤਮ ਕਰਨ ਦਾ ਯਤਨ ਕਰਦੇ ਹੋਏ ਕਿਹਾ; ਮਨਘੜਤ ਭੂਤਾਂ ਪ੍ਰੇਤਾਂ, ਚੁੜੇਲਾਂ, ਕਚੀਲਾਂ ਤੋਂ ਡਰਨ ਦੀ ਲੋੜ ਨਹੀਂ। ਕਿਉਂਕਿ ਜਿਸ ਘਰ ਅਸੀਂ ਆ ਜਾਂਦੇ ਹਾਂ ਤਾਂ ਇਹ ਉੱਥੇ ਜ਼ਿੰਦਗੀ ਭਰ ਨਹੀਂ ਆਉਂਦੀਆਂ। ਇਹ ਤਾਂ ਸਾਡੇ ਨਾਂ ਤੋਂ ਹੀ ਡਰਦੀਆਂ ਨੇ, ਸਾਡੇ ਕਹਿਣ ਦਾ ਮਤਲਬ ਹੈ ਕਿ ਪਰਿਵਾਰ ਇਨ੍ਹਾਂ ਕਾਲਪਨਿਕ ਚੀਜ਼ਾਂ ਤੋਂ ਜਾਣੂੰ ਹੋ ਜਾਂਦਾ ਹੈ।ਅਸਲ ਵਿੱਚ ਇਨ੍ਹਾਂ ਦੀ ਹੋਂਦ ਹੀ ਨਹੀਂ। ਉਸ ਦਾ ਮੁਰਝਾਇਆ ਚਿਹਰਾ ਖਿੜ ਉੱਠਿਆ ਤੇ ਮੁਸਕਰਾਹਟਾਂ ਵਿਖੇਰਨ ਲੱਗਿਆ। ਡਰ ਖੰਭ ਲਾ ਕੇ ਉੱਡ ਚੁੱਕਿਆ ਸੀ ।ਉਸਨੂੰ ਜ਼ਿੰਦਗੀ ਦੀ ਅਸਲੀਅਤ ਤੇ ਭੂਤਾਂ ਪ੍ਰੇਤਾਂ ਦੀ ਅਣਹੋਂਦ ਬਾਰੇ ,ਦੱਸਣਾ ,ਉਸ ਉੱਪਰ ਡੂੰਘਾ ਅਸਰ ਪਾ ਰਿਹਾ ਸੀ। ਅਸੀਂ ਉਸਨੂੰ ਪੁੱਛਿਆ ਹੁਣ ਤੂੰ ਕਿਵੇਂ ਮਹਿਸੂਸ ਕਰ ਰਹੀ ਹੈ ? ਉਸਨੇ ਕਿਹਾ ,”ਅੰਕਲ ਤੁਸੀਂ ਮੈਨੂੰ ਬਚਾ ਲਿਆ, ਇਨਾਂ ਨਾ -ਮੁਰਾਦ ਅਖੌਤੀ ਸਿਆਣਿਆਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ।”
ਫਿਰ ਅਸੀਂ ਪਰਿਵਾਰਿਕ ਮੈਂਬਰਾਂ ਨੂੰ ਇਕੱਠਾ ਕੀਤਾ ਤੇ ਕਿਹਾ, ਅਖੌਤੀ ਸਿਆਣੇ ਸਾਨੂੰ ਡਰਾ ਕੇ ਲੁੱਟਦੇ ਨੇ। ਜਦ ਉਹ ਆਪ ਬਿਮਾਰ ਹੁੰਦੇ ਹਨ ਤਾਂ ਉਹ ਡਾਕਟਰਾਂ ਤੋਂ ਇਲਾਜ ਕਰਵਾਉਂਦੇ ਹਨ। ਅੱਜ ਕੱਲ ਵਿਗਿਆਨ ਦਾ ਯੁੱਗ ਹੈ। ਵਿਗਿਆਨ ਨੇ ਸਾਨੂੰ ਜ਼ਿੰਦਗੀ ਲਈ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ। ਤੁਸੀਂ ਡਰੀ ਜਾਂਦੇ ਹੋ, ਇਹ ਡਰਾਈ ਜਾਂਦੇ ਹਨ। ਤੁਸੀਂ ਝੜੀ ਜਾਂਦੇ ਹੋ, ਤੇ ਇਹ ਤੁਹਾਨੂੰ ਝਾੜਨ ਦੇ ਹੋਰ ਢੰਗ ਤਰੀਕੇ ਲੱਭੀ ਜਾਂਦੇ ਹਨ। ਸੋ ਇਹ ਤੁਹਾਨੂੰ ਡਰਾ ਕੇ ਖੂਬ ਲੁੱਟਦੇ ਹਨ। ਅਸੀਂ ਕਿਹਾ ,”ਤੁਸੀਂ ਆਪ ਸੋਚੋ ਕਿ ਇਹਨਾਂ ਕੋਲ ਅਜਿਹੀ ਕਿਹੜੀ ਸ਼ਕਤੀ ਹੈ ਜਿਸ ਨਾਲ ਇਹ ਤੁਹਾਡਾ ਇਲਾਜ ਕਰ ਸਕਣ। ਇਹਨਾਂ ਕੋਲ ਸਿਰਫ਼ ਇੱਕ ਹੀ ਗੱਲ ਹੈ, ਤੁਹਾਨੂੰ ਡਰਾ ਕੇ ਲੁੱਟਣਾ। ਆਪ ਸਿਆਣੇ ਬਣੋ। ਧਾਗੇ ਤਵੀਤ, ਟੂਣੇ -ਟਾਮਣ ਤਿਆਗੋ ਅਤੇ ਵਿਗਿਆਨਕ ਸੋਚ ਅਪਣਾਓ।ਅਸੀਂ ਉਨ੍ਹਾਂ ਨੂੰ ਕੁੱਝ ਗੱਲਾਂ ਦੀ ਹਦਾਇਤ ਕੀਤੀ। ਅਸੀਂ ਕਿਹਾ ਕਿ ਤੁਸੀਂ ਕਦੇ ਵੀ ਕਿਸੇ ਅਖੌਤੀ ਸਿਆਣੇ ਕੋਲ ਪੁੱਛਾਂ ਲੈਣ ਨਹੀਂ ਜਾਣਾ। ਇਸ ਦੀ ਡਿਲੀਵਰੀ ਲਈ ਕਿਸੇ ਮਾਹਰ ਡਾਕਟਰ ਨਾਲ ਸੰਪਰਕ ਕਰੋ, ਤੇ ਡਿਲੀਵਰੀ ਹੋਣ ਤੱਕ ਡਾਕਟਰ ਦੀ ਸਲਾਹ ਲੈਂਦੇ ਰਹੋ।
10 ਦਿਨ ਬਾਅਦ ਅਸੀਂ ਉਨਾਂ ਦੇ ਘਰ ਗਏ, ਸਾਰੇ ਬੜੇ ਖੁਸ਼ ਸਨ। ਸਾਡੀ ਅਚਨਚੇਤ ਆਮਦ ਤੇ ਉਹ ਬਹੁਤ ਜ਼ਿਆਦਾ ਅਹਿਸਾਨਮੰਦ ਮਹਿਸੂਸ ਕਰ ਰਹੇ ਸਨ। ਅਸੀਂ ਕਿਹਾ ਕਿ ਕਈ ਵਾਰੀ ਸਬੰਧਤ ਪਰਿਵਾਰ ਠੀਕ ਹੋਣ ਮਗਰੋਂ ਸਾਡੇ ਨਾਲ ਸੰਪਰਕ ਨਹੀਂ ਕਰਦੇ, ਇਸ ਲਈ ਅਸੀਂ ਠੀਕ ਹੋਣ ਤੱਕ ਪਰਿਵਾਰ ਨਾਲ ਸੰਪਰਕ ਰੱਖਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਗਿਆਨ ਕਿਸੇ ਦੇ ਕੰਮ ਆ ਸਕੇ। ਕੁੜੀ ਦੇ ਚਿਹਰੇ ਦੀ ਰੌਣਕ ਉਸਦੇ ਠੀਕ ਹੋਣ ਦਾ ਪ੍ਰਗਟਾਵਾ ਸੀ। ਤਰਕਸ਼ੀਲਾਂ ਦੇ ਸਾਰਥਿਕ ਸੁਝਾਵਾਂ ਨਾਲ ਉਸ ਦਾ ਮੁਰਝਾਇਆ ਚਿਹਰਾ ਖਿੜ ਉਠਿਆ ਸੀ।ਅਸੀਂ ਤਰਕਸ਼ੀਲ ਸਾਥੀ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸੀ। ਮਨੋਕਲਪਿਤ ਭੂਤਾਂ ਪ੍ਰੇਤਾਂ ਤੋਂ ਨਾ ਡਰਨ ਤੇ ਅਖੌਤੀ ਸਿਆਣਿਆਂ ਦੇ ਭਰਮ ਜਾਲ ਵਿਚੋਂ ਨਿਕਲਣ ਦਾ ਸੁਨੇਹਾ ਦੇ ਕੇ ਅਸੀਂ ਮੁੜ ਆਏ।