ਉਲਝੇ ਸੁਲਝੇ ਨੇ ਜਦ ਬਚਪਨ ਨੂੰ ਤਾਕੀ ਵਿੱਚੋਂ ਝਾਤ ਮਾਰੀ
ਖਿੜ ਉੱਠੀ ਰੂਹ ਵੇਖ ਹੱਸਦੇ ਖੇਡਦਿਆਂ ਜੋ ਉਮਰ ਗੁਜ਼ਾਰੀ।
ਨਿੱਕੀਆਂ ਨਿੱਕੀਆਂ ਖੇਡਾਂ ਤੇ ਨਿੱਕੇ ਨਿੱਕੇ ਸੀ ਰੰਗ ਤਮਾਸ਼ੇ
ਭੋਲਾ ਬਚਪਨ ਦੌੜਦਾ ਭੱਜਦਾ ਰੌਣਕ ਲਾਉਂਦਾ ਚਾਰੇ ਪਾਸੇ।।
ਨਾ ਕੋਈ ਫਿਕਰ ਹੁੰਦਾ ਸੀ ਨਾ ਹੀ ਕੋਈ ਹੁੰਦਾ ਸੀ ਫਾਕਾ
ਰੂਹ ਸਾਫ ਸੀ ਨਾ ਦਿਲ ਨੂੰ ਕਿਤੇ ਲੱਗ ਜਾਣ ਦਾ ਝਾਕਾ ।
ਅੱਜ ਕਲ ਵਾਂਗ ਨਾ ਮੱਥੇ ਸੀ ਚੜ੍ਹੀ ਤਿਉੜੀ ਰਹਿੰਦੀ
ਜਿੰਦ ਆਜ਼ਾਦ ਪਰਿੰਦਾ ਬਣ ਸੀ ਕਦੇ ਉੱਡਦੀ ਕਦੇ ਬਹਿੰਦੀ।।
ਨਾ ਕਰਮਾਂ ਦਾ ਲੇਖਾ ਸੀ ਖੋਲਦੇ ਨਾ ਧਰਮਾਂ ਦੀ ਬਾਤਾਂ ਬੋਲਦੇ
ਖੱਟੀ ਸਾਂਝਾ ਦੀ ਪਾਕ ਸੀ ਕਰਦੇ ਨਫਾ ਵੇਖ ਨਾ ਘੱਟ ਤੋਲਦੇ ।
ਹਰ ਪਾਸੇ ਰੱਬ ਹੀ ਦਿੱਸਦਾ ਨਾ ਪੋਤੜੇ ਕਿਸੇ ਦੇ ਫੋਲਦੇ
ਜਿਸਮਾਂ ਦੀ ਨਾ ਤਾਂਘ ਹੁੰਦੀ ਸੀ ਨਾ ਇੱਜ਼ਤਾਂ ਸੀ ਰੋਲਦੇ।।
ਵੇਖ ਤਾਕੀ ਵਿੱਚੋ ਵੇਖਦਿਆਂ ਦਿਲ ਨੂੰ ਡੋਲ੍ਹ ਸੀ ਪੈਂਦੇ
ਹੁਣ ਸੋਜੀ ਪਈ ਕਿਉਂ ਉੱਡਣਾ ਪੰਛੀ ਬਚਪਨ ਨੂੰ ਸੀ ਕਹਿੰਦੇ।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।
