ਦਵਿੰਦਰ ਪਟਿਆਲਵੀ ਇੱਕ ਕੋਮਲਭਾਵੀ ਇਨਸਾਨ ਹੈ। ਕੋਮਲ ਅਹਿਸਾਸਾਂ ਨਾਲ ਭਰੇ ਇਸ ਇਨਸਾਨ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ – ਮਿੰਨੀ ਕਹਾਣੀ, ਕਹਾਣੀ, ਫੀਚਰ ਆਦਿ ਵਿੱਚ ਲਿਖਿਆ ਹੈ। ਉਹਦੀਆਂ ਪ੍ਰਕਾਸ਼ਿਤ ਮਿੰਨੀ ਕਹਾਣੀਆਂ ਦੀਆਂ ਦੋ ਕਿਤਾਬਾਂ ‘ਛੋਟੇ ਲੋਕ’ ਅਤੇ ‘ਉਡਾਨ’ (ਹਿੰਦੀ) ਨੇ ਪਾਠਕਾਂ ਅਤੇ ਸਮੀਖਿਅਕਾਂ ਦਾ ਧਿਆਨ
ਆਪਣੇ ਵੱਲ ਖਿੱਚਿਆ ਹੈ। ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਸਭਾ ਪਟਿਆਲਾ ਨਾਲ ਜੁੜਿਆ ਦਵਿੰਦਰ ਹੁਣ ਇੱਕ ਕਾਵਿ ਕਿਤਾਬ ‘ਕੋਮਲ ਪੱਤੀਆਂ ਦਾ ਉਲਾਂਭਾ’ (ਕੇ ਪਬਲੀਕੇਸ਼ਨਜ਼, ਬਰੇਟਾ, ਮਾਨਸਾ; ਪੰਨੇ 98; ਮੁੱਲ 195/-) ਲੈ ਕੇ ਹਾਜ਼ਰ ਹੋਇਆ ਹੈ। ਇਹ ਕਾਵਿ ਕਿਤਾਬ ਇਸ ਸਾਲ ਦੇ ਅੱਧ ਵਿੱਚ ਪ੍ਰਕਾਸ਼ਿਤ ਹੋਈ ਹੈ, ਜਿਸ ਵਿੱਚ 41 ਕਵਿਤਾਵਾਂ ਹਨ।
ਹੁਣ ਤੱਕ ਇਸ ਪੁਸਤਕ ਬਾਰੇ ਭਰਪੂਰ ਚਰਚਾ ਕੀਤੀ ਜਾ ਚੁੱਕੀ ਹੈ। ਇਸ ਪੁਸਤਕ ਦੇ ਆਰੰਭ ਵਿੱਚ ਸਾਹਿਤ ਅਕਾਦਮੀ ਬਾਲ ਸਾਹਿਤ ਜੇਤੂ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਚਰਚਿਤ ਯੁਵਾ ਕਵੀ ਨਵਦੀਪ ਸਿੰਘ ਮੁੰਡੀ, ਪ੍ਰਸਿੱਧ ਮਿੰਨੀ ਕਹਾਣੀ ਲੇਖਕ ਤੇ ਆਲੋਚਕ ਡਾ. ਹਰਪ੍ਰੀਤ ਸਿੰਘ ਰਾਣਾ, ਸਾਹਿਤ ਅਕਾਦਮੀ ਅਨੁਵਾਦ ਜੇਤੂ ਲੇਖਕ ਜਗਦੀਸ਼ ਕੁਲਰੀਆਂ ਸਮੇਤ ਪਟਿਆਲਾ ਨਾਲ ਸੰਬੰਧਿਤ ਅਜੀਤ ਸਿੰਘ ਅਤੇ ਗੀਤਕਾਰ ਬਲਬੀਰ ਸਿੰਘ ਦਿਲਦਾਰ (ਪੰਨੇ 5-17) ਨੇ ਆਪੋ-ਆਪਣੇ ਵਿਚਾਰ ਲਿਖੇ ਹਨ।
ਪੁਸਤਕ ਦੀਆਂ ਜ਼ਿਆਦਾਤਰ ਕਵਿਤਾਵਾਂ ਪਰਿਵਾਰ, ਦਫ਼ਤਰ ਅਤੇ ਸਮਾਜਕ ਆਲੇ-ਦੁਆਲੇ ਨਾਲ ਸੰਬੰਧਿਤ ਹਨ। ਪਰਿਵਾਰਕ ਕਵਿਤਾਵਾਂ ਵਿੱਚ ਪਾਪਾ ਦੇ ਨਾਂ, ਮੁਸਕਾਨ ਦੇ ਨਾਂ, ਬੱਚਿਆਂ ਦੀ ਚੀਜੀ, ਛੁੱਟੀ ਵਾਲਾ ਦਿਨ, ਮਾਂ ਦਾ ਫ਼ਿਕਰ, ਪ੍ਰੀਤੀ ਦੇ ਨਾਂ, ਪਤਨੀ ਦਾ ਜਨਮਦਿਨ, ਬੇਟੀਆਂ ਦਾ ਫ਼ਿਕਰ, ਪੁਸਤਕ ਤੇ ਬੇਟੀ, ਸਕੂਲ ਜਾਣ ਸਮੇਂ ਮੁਸਕਾਨ ਦੀ ਐਕਟਿੰਗ, ਮੁਸਕਾਨ ਦੇ ਨਾਂ; ਦਫ਼ਤਰੀ ਮਾਹੌਲ ਦੀਆਂ ਕਵਿਤਾਵਾਂ ਵਿੱਚ ਘਰ ਤੋਂ ਦਫ਼ਤਰ ਤੱਕ, ਕੰਟੀਨ ਵਾਲ ਟਿੰਕਾ, ਟਿਫ਼ਿਨ, ਦਫ਼ਤਰ ਸਟੈਨੋ ਤੇ ਨਿੱਕਾ ਬੱਚਾ, ਦਫ਼ਤਰ ਵਿੱਚ ਨੌਕਰੀ ਕਰਨ ਵਾਲੀ ਮੈਡਮ, ਬਰਾਂਚ ਤੋਂ ਬਰਾਂਚ ਤੱਕ, ਦਫ਼ਤਰ ਵਾਲਾ ਬੈਗ; ਆਸਪਾਸ/ ਰੋਜ਼ਮੱਰਾ ਨਾਲ ਜੁੜੀਆਂ ਕਵਿਤਾਵਾਂ ਵਿੱਚ ਕੱਪੜੇ ਸਿਉਣ ਵਾਲੀ ਔਰਤ, ਰੋਟੀ ਰਿਕਸ਼ਾ ਤੇ ਡਿਗਰੀਆਂ, ਅਖ਼ਬਾਰ, ਸੈਰ ਕਰਦੇ ਕਾਲਜ ਪੜ੍ਹਨ ਵਾਲੇ ਬੱਚੇ, ਮੈਂ ਇੱਥੇ ਠੀਕ ਹਾਂ, ਵਾਤਾਵਰਨ ਪਾਰਕ, ਵਿਆਹ ਦੀ ਵਰ੍ਹੇਗੰਢ ਮਨਾਉਣ ਵਾਲੇ ਜੋੜਿਆਂ ਦੇ ਨਾਂ, ਪਿੰਡ ਦਾ ਸਮਾਗਮ, ਮੇਰੀਆਂ ਕਿਤਾਬਾਂ, ਪੁਰਖਿਆਂ ਦੇ ਸ਼ਹਿਰ ਵਿੱਚ ਲੇਖਕ, ਦੋਸਤ ਤੇ ਉਸ ਨਾਲ ਸੈਰ ਕਰਦਾ ਡੌਗੀ, ਅਖ਼ਬਾਰ ਪੜ੍ਹਦੇ ਬੱਚੇ, ਬੱਸ ਬੱਚਾ ਤੇ ਸਹਿਯਾਤਰੀ; ਯਾਦਾਂ ਨਾਲ ਸੰਬੰਧਿਤ ਕਵਿਤਾਵਾਂ ਵਿੱਚ ਸਕੂਲ, ਰੋਜ਼ ਗਾਰਡਨ ਤੋਂ ਢੁਡਿਆਲ ਸਕੂਲ ਤੱਕ; ਵਿਕੋਲਿੱਤਰੀਆਂ ਕਵਿਤਾਵਾਂ ਵਿੱਚ ਪਿੰਗਲਵਾੜਾ ਆਸ਼ਰਮ, ਮੇਰੇ ਕੋਲ ਕੁਝ ਵੀ ਨਹੀਂ, ਅਹਿਸਾਸ, ਰਸੋਈ, ਗੱਲਾਂ, ਕਵਿਤਾ ਦੀ ਨਰਾਜ਼ਗੀ, ਬਾਰਿਸ਼ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਘਰ ਅਤੇ ਦਫ਼ਤਰ ਵਿੱਚ ਤਾਲਮੇਲ ਬਿਠਾਉਣਾ ਹਰ ਕਿਸੇ ਦੇ ਹੱਥ-ਵੱਸ ਨਹੀਂ ਹੁੰਦਾ। ਕਦੇ ਕੋਈ ਬੰਦਾ ਦਫ਼ਤਰ ਵਿੱਚ ਹੀ ਏਨਾ ਰੁੱਝ ਜਾਂਦਾ ਹੈ ਕਿ ਪਰਿਵਾਰ ਵੱਲ ਧਿਆਨ ਨਹੀਂ ਦੇ ਸਕਦਾ ਤੇ ਕਈ ਬੰਦੇ ਸਿਰਫ਼ ਘਰ-ਪਰਿਵਾਰ ਵਿੱਚ ਹੀ ‘ਚ ਹੀ ਏਨਾ ਖੁੁੱਭੇ ਰਹਿੰਦੇ ਹਨ ਕਿ ਦਫ਼ਤਰ/ਨੌਕਰੀ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਸਕਦੇ। ਪਰ ਦਵਿੰਦਰ ਨੇ ਇਨ੍ਹਾਂ ਦੋਹਾਂ ਵਿੱਚ ਸਹਿਜ-ਸੁਮੇਲ ਸਥਾਪਤ ਕਰ ਲਿਆ ਹੈ ਤੇ ਦੋਹਾਂ ਨੂੰ ਬਣਦਾ ਯਥਾਯੋਗ ਸਮਾਂ ਦੇ ਰਿਹਾ ਹੈ। ਕਦੇ-ਕਦਾਈਂ ਅਜਿਹੇ ਪਲ ਆਉਂਦੇ ਹਨ ਕਿ ਵਿਅਕਤੀ ਘਰ-ਦਫ਼ਤਰ ਦੀ ਘੁੰਮਣਘੇਰੀ ਵਿੱਚ ਫਸਿਆ ਮਹਿਸੂਸ ਕਰਦਾ ਹੈ। ‘ਘਰ ਤੋਂ ਦਫ਼ਤਰ ਤੱਕ’ ਕਵਿਤਾ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਗਿਆ ਹੈ :
ਦਫ਼ਤਰ ਵਿੱਚ ਕੇਸ ਡੀਲ ਕਰਦੇ
ਪੈਂਡਿੰਗ ਕੇਸਾਂ ਦੀਆਂ ਲਿਸਟਾਂ ਬਣਾਉਂਦੇ
ਅਕਸਰ ਪਤਨੀ ਵੱਲੋਂ
ਫੜਾਈ ਰਾਸ਼ਨ ਦੀ ਲੰਮੀ ਲਿਸਟ
ਅੱਖਾਂ ਅੱਗੇ ਘੁੰਮਦੀ ਹੈ…
ਬੜਾ ਮੁਸ਼ਕਲ ਹੈ ਘਰ ਜਾ ਕੇ ਦਫ਼ਤਰ
ਅਤੇ ਦਫ਼ਤਰ ਜਾ ਕੇ ਘਰ ਬਾਰੇ ਭੁੱਲਣਾ (29-30)
ਦਵਿੰਦਰ ਮਿਹਨਤਕਸ਼ ਲੋਕਾਂ ਨੂੰ ਪਿਆਰ ਤੇ ਸਤਿਕਾਰ ਦੀ ਨਜ਼ਰ ਨਾਲ ਵੇਖਦਾ ਹੈ। ਉਹ ਕਿਉਂਕਿ ਆਪ ਮਿਹਨਤ ਨਾਲ ਟਾਈਪਿੰਗ, ਸਟੈਨੋ ਕਰਦਿਆਂ/ਸਿਖਦਿਆਂ ਚੰਗੀ ਨੌਕਰੀ ਤੇ ਪੁੱਜਾ ਹੈ, ਇਸਲਈ ਉਹਦੇ ਮਨ ਵਿੱਚ ਹਿੰਮਤੀ ਤੇ ਮਿਹਨਤੀ ਲੋਕਾਂ ਦੀ ਕਾਫੀ ਕਦਰ ਹੈ। ਇਸ ਸੰਗ੍ਰਹਿ ਵਿੱਚ ਕੁਝ ਕਵਿਤਾਵਾਂ ਅਜਿਹੇ ਕਾਮਿਆਂ/ਕਿਰਤੀਆਂ ਨਾਲ ਸੰਬੰਧਿਤ ਹਨ – ਕੱਪੜੇ ਸਿਉਣ ਵਾਲੀ ਔਰਤ, ਰੋਟੀ ਰਿਕਸ਼ਾ ਤੇ ਡਿਗਰੀਆਂ, ਕੰਟੀਨ ਵਾਲਾ ਟਿੰਕਾ, ਦਫ਼ਤਰ ਸਟੈਨੋ ਤੇ ਨਿੱਕਾ ਬੱਚਾ ਆਦਿ। ਕੰਮੀਂ ਰੁੱਝੀ ਇੱਕ ਔਰਤ ਦੀ ਮਾਰਮਿਕ ਤਸਵੀਰ ਉਹ ਇਸ ਤਰ੍ਹਾਂ ਪੇਸ਼ ਕਰਦਾ ਹੈ :
ਬਾਈਕ ਤੇ ਸਵਾਰ ਹੋ ਕੇ
ਦਫ਼ਤਰ ਜਾਂਦੇ ਜਾਂਦੇ ਰਾਹ ਵਿੱਚ ਸੋਚਦਾ ਹਾਂ
ਕੱਪੜੇ ਸਿਉਣ ਵਾਲੀ ਔਰਤ
ਕਦੋਂ ਸੌਂਦੀ ਹੋਵੇਗੀ
ਕਦੋਂ ਖਾਂਦੀ ਹੋਵੇਗੀ ਰੋਟੀ
ਸਾਰਾ ਦਿਨ ਤਾਂ ਚਲਦੀ ਹੈ ਉਹਦੀ ਸਿਲਾਈ ਮਸ਼ੀਨ
ਬੇਰੋਕ ਟੋਕ (35)
ਪੁਸਤਕ ਵਿੱਚ ਕੁਝ ਮਾਮੂਲੀ ਉਕਾਈਆਂ ਵੀ ਮੈਨੂੰ ਨਜ਼ਰ ਆਈਆਂ ਹਨ। ਹੋ ਸਕਦਾ ਹੈ ਕਿ ਇਹ ਪਰੂਫ਼ ਰੀਡਿੰਗ ਦੀਆਂ ਹੋਣ। ਜਿਵੇਂ ਕਿ : ਦੋ ਕਵਿਤਾਵਾਂ ਦਾ ਇੱਕ ਹੀ ਸਿਰਲੇਖ ਹੈ – ‘ਮੁਸਕਾਨ ਦੇ ਨਾਂ’ (ਪੰਨਾ 31 ਅਤੇ 98); ਇੱਕ ਕਵਿਤਾ ਦੇ ਸ਼ਬਦਜੋੜ ਵਿੱਚ ਫ਼ਰਕ ਹੈ – ‘ਕੱਪੜੇ ਸਿਉਣ ਵਾਲੀ ਔਰਤ’ (ਤੱਤਕਰਾ ਵਿੱਚ ਸਿਊਣ ਤੇ ਅੰਦਰਵਾਰ ਸਿਣ, 35); ਤਿੰਨ ਕਵਿਤਾਵਾਂ ਦੇ ਸਿਰਲੇਖ ਤੱਤਕਰਾ ਵਿੱਚ ਤੇ ਅੰਦਰਵਾਰ ਅੰਤਰ ਵਾਲੇ ਹਨ – ‘ਸੈਰ ਕਰਦੇ ਕਾਲਜ ਪੜ੍ਹਨ ਵਾਲੇ ਬੱਚੇ’ (ਸੈਰ ਕਰਦੇ ਕਾਲਜ ਵਿੱਚ ਪੜ੍ਹਨ ਵਾਲੇ ਬੱਚੇ, 44); ‘ਮੈਂ ਇੱਥੇ ਠੀਕ ਹਾਂ’ (ਮੈਂ ਇੱਥੇ ਹੀ ਠੀਕ ਹਾਂ, 48); ‘ਵਿਆਹ ਦੀ ਵਰ੍ਹੇਗੰਢ …’ (ਅੰਦਰਵਾਰ ਸਿਰਲੇਖ ‘ਕਵਿਤਾ’ ਹੈ ਤੇ ਨਾਲ ਬ੍ਰੈਕਟ ਵਿੱਚ ਲਿਖਿਆ ਹੈ- ਵਿਆਹ ਦੀ ਵਰ੍ਹੇਗੰਢ …, 54)।
ਸੰਗ੍ਰਹਿ ਦੀਆਂ ਲੱਗਭੱਗ ਸਾਰੀਆਂ ਹੀ ਕਵਿਤਾਵਾਂ ਆਪਣਿਆਂ/ਅਪਣੱਤ ਬਾਰੇ ਹਨ। ਕਵੀ ਨੇ ਖ਼ਿਆਲੀ ਜਾਂ ਕਾਲਪਨਿਕ ਉਡਾਰੀਆਂ ਰਾਹੀਂ ਵਲਵਲੇ/ਜਜ਼ਬੇ ਵਾਲੀਆਂ ਕਵਿਤਾਵਾਂ ਨਹੀਂ ਲਿਖੀਆਂ, ਸਗੋਂ ਆਸਪਾਸ ਵਿਚਰਦੇ/ਰੋਜ਼ਾਨਾ ਮਿਲਦੇ-ਗਿਲਦੇ ਲੋਕਾਂ ਬਾਰੇ ਸਧਾਰਨ ਬੋਲੀ ਤੇ ਸ਼ੈਲੀ ਵਿੱਚ ਲਿਖਿਆ ਹੈ। ਉਹਨੇ ਬਿਨਾਂ ਕਿਸੇ ਉਚੇਚ ਤੋਂ, ਬਿਨਾਂ ਅਲੰਕਾਰਾਂ, ਚਿੰਨ੍ਹਾਂ, ਪ੍ਰਤੀਕਾਂ ਤੋਂ ਆਮ ਲੋਕਾਂ ਦੇ ਸਮਝ ਆਉਣ ਵਾਲੀ ਭਾਸ਼ਾ ਦੀ ਵਰਤੋਂ ਕੀਤੀ ਹੈ। ‘ਪਾਪਾ ਦੇ ਨਾਂ’ (23) ਤੋਂ ‘ਮੁਸਕਾਨ ਦੇ ਨਾਂ’ (98) ਤੱਕ ਫੈਲੀਆਂ ਇਹ ਕਵਿਤਾਵਾਂ ਜ਼ਿੰਦਗੀ ਦੀ ਸਹਿਜਤਾ, ਰਵਾਨੀ ਤੇ ਸ਼ਾਂਤੀ ਨਾਲ ਵਾਬਸਤਾ ਹਨ। ਦਵਿੰਦਰ ਨੂੰ ਉਹਦੀ ਪਹਿਲ-ਪਲੇਠੀ ਕਾਵਿ-ਕਿਤਾਬ ਲਈ ਮੁਬਾਰਕ!

~ ਪ੍ਰੋ. ਨਵ ਸੰਗੀਤਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.