
ਬਰਨਾਲਾ – 28 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਗਜਲ ਮੰਚ ਬਰਨਾਲਾ ਵੱਲੋਂ ਨਾਮਵਰ ਸ਼ਾਇਰ ਹਰਜਿੰਦਰ ਕੰਗ ਦਾ ਰੂਬਰੂ ਅਤੇ ਉਨ੍ਹਾਂ ਦੀ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ ਵੇਲ ਰੁਪਏ ਦੀ ਵੇਲ’ ਤੇ ਗੋਸ਼ਟੀ ਸਰਕਾਰੀ ਹਾਈ ਸਕੂਲ ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਕਰਵਾਈ ਗਈ। ਜਿਸ ‘ਤੇ ‘ਪੇਪਰ ਪੜ੍ਹਦਿਆਂ ਡਾ ਸੰਧੂ ਗਗਨ ਨੇ ਕਿਹਾ ਕਿ ਕੰਗ ਦੀ ਕਵਿਤਾ ਪੂੰਜੀਵਾਦ ਬਦੌਲਤ ਪਰਵਾਸ ਦੇ ਬਦਲਦੇ ਰੁਝਾਨਾਂ ਨੂੰ ਚਿੰਤਨ ਵਜੋਂ ਲੈਂਦਿਆਂ ਬਹੁ- ਸੱਭਿਆਚਾਰਵਾਦ ਵੱਲ ਅਗਰਸਰ ਹੁੰਦੀ ਹੈ। ਜਗਜੀਤ ਕੌਰ ਢਿੱਲਵਾਂ ਨੇ ਕਿਹਾ ਕਿ ਕੰਗ ਦੀ ਗ਼ਜ਼ਲ ਸੰਵਦਨਾ ਲੋਕ ਦਰਦ ਨੂੰ ਮਹਿਸੂਸਦੀ ਹੈ । ਇਸ ਲਈ ਉਸਦੀ ਸ਼ਾਇਰੀ ਹਰ ਸਮਾਜਿਕ ਦੁਖਾਂਤ ਨੂੰ ਛੋਂਹਦੀ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਕੰਗ ਦੀ ਸ਼ਾਇਰੀ ਅਜੋਕੇ ਪਰਵਾਸ ਵਿੱਚੋਂ ਉਤਪਨ ਹੋਈਆਂ ਅਤੇ ਸਵਾਲਾਂ ਦੇ ਗੰਭੀਰ ਅਧਿਐਨ ਵੱਲ ਇਸ਼ਾਰਾ ਕਰਦੀ ਹੈ। ਅਸ਼ੋਕ ਬਾਂਸਲ ਮਾਨਸਾ , ਡਾ ਅਮਨਦੀਪ ਸਿੰਘ ਟੱਲੇਵਾਲੀਆ ਅਤੇ ਲਛਮਣ ਦਾਸ ਮੁਸਾਫ਼ਿਰ ਨੇ ਵੀ ਕੰਗ ਦੀ ਸ਼ਾਇਰੀ ਅਤੇ ਗੀਤਕਾਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਚੌਹਾਨ ਨੇ ਕਿਹਾ ਕਿ ਕੰਗ ਦੀ ਗ਼ਜ਼ਲ ਵਿਚ ਗੀਤਾਮਿਕਤਾ ਹੋਣ ਕਾਰਨ ਰਵਾਨੀ ਅਤੇ ਸਰੋਦੀ ਗੁਣ ਪੈਦਾ ਹੋਏ ਹਨ। ਪਿਆਰਾ ਸ਼ਾਇਰ ਦੋਸਤ ਫਰਿਜ਼ਨੋ(ਅਮਰੀਕਾ) ਵਾਸੀ ਹਰਜਿੰਦਰ ਕੰਗ ਚੰਗੇ ਸੁਥਰੇ ਗੀਤ , ਗ਼ਜ਼ਲਾਂ ਤੇ ਨਜ਼ਮਾਂ ਦਾ ਸ਼ਾਇਰ ਹੈ ਜਿਸ ਕਦੇ ਲਿਖਿਆ ਸੀਃ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਵੇ, ਕੁੜੀਆਂ ਚਿੜੀਆਂ ਹੁੰਦੀਆਂ ਨੇ. ਪਰ ਪਰ ਨਹੀਂ ਹੁੰਦੇ ਕੁੜੀਆਂ ਦੇ। ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ, ਆਪਣੀ ਜ਼ਬਾਨ ਉੱਕੇ ਮਾਣ ਹੋਣਾ ਚਾਹੀਦਾ। ਬੋਲੇ ਜਦੋਂ ਬੰਦਾ ਤਾਂ ਪਛਾਣ ਹੋਣਾ ਚਾਹੀਦਾ।
ਪ੍ਰਧਾਨਗੀ ਕਰਤਾ ਪ੍ਰਸਿੱਧ ਆਲੋਚਕ ਨਿਰੰਜਣ ਬੋਹਾ ਨੇ ਕੰਗ ਦੀ ਸ਼ਾਇਰੀ ਦੀ ਪਿੱਠ ਭੂਮੀ ‘ਚ ਪਏ ਸਰੋਕਾਰਾਂ ਦੀ ਵਿਆਖਿਆ ਕੀਤੀ।
ਹਰਜਿੰਦਰ ਕੰਗ ਨੂੰ ਸਨਮਾਨਤ ਕਰਨ ਦੀ ਰਸਮ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਨਿਰੰਜਣ ਬੋਹਾ ਅਤੇ ਪੰਜਾਬੀ ਕਵੀ ਸੀ ਮਾਰਕੰਡਾ ਨੇ ਨਿਭਾਈ। ਸਨਮਾਨਤ ਹੋਣ ਉਪਰੰਤ ਹਰਜਿੰਦਰ ਕੰਗ ਨੇ ਕਿਹਾ ਕਿ ਸਾਹਿਤ ਸਮੁੱਚੀ ਮਾਨਵਤਾ ਦੀ ਚੇਤਨਾ ਨੂੰ ਪ੍ਰਭਾਵਿਤ ਕਰਦਾ ਹੈ। ਮੇਰੇ ਲਿਖਣ ਦਾ ਮਨੋਰਥ ਹੈ ਲੁਕਾਏ ਜਾ ਰਹੇ ਨੂੰ ਦਿਖਾਇਆ ਜਾਵੇ।
ਇਸ ਮੌਕੇ ਕਹਾਣੀਕਾਰ ਅਤਰਜੀਤ ਅਤੇ ਪਵਨ ਪਰਿੰਦਾ ,ਗੀਤਕਾਰ ਮਨਪ੍ਰੀਤ ਟਿਵਾਣਾ, ਇਕਬਾਲ ਕੌਰ ਉਦਾਸੀ, ਪਰਮ ਪਰਮਿੰਦਰ, ਲੱਕੀ ਛੀਨੀਵਾਲ, ਦਰਸ਼ਨ ਸਿੰਘ ਗੁਰੂ, ਜੁਆਲਾ ਸਿੰਘ ਮੌੜ, ਬਲਵਿੰਦਰ ਸਿੰਘ ਠੀਕਰੀਵਾਲਾ, ਰਾਮ ਸਰੂਪ ਸ਼ਰਮਾ, ਜਗਤਰ ਜਜ਼ੀਰਾ, ਚਰਨੀ ਬੇਦਿਲ, ਰਘਵੀਰ ਸਿੰਘ ਕੱਟੂ, ਰਾਮ ਸਿੰਘ ਬੀਹਲਾ, ਸਾਗਰ ਸਿੰਘ ਸਾਗਰ ਅਤੇ ਦਲਵਾਰ ਸਿੰਘ ਧਨੌਲਾ ਨੇ ਵੀ ਭਾਗ ਲਿਆ। ਸੀ ਮਾਰਕੰਡਾ ਨੇ ਸਭਨਾਂ ਦਾ ਧੰਨਵਾਦ ਕੀਤਾ। ਸਮਾਗਮ ਉਪਰੰਤ ਉੱਘੇ ਲੇਖਕ ਸ. ਦਰਸ਼ਨ ਸਿੰਘ ਗੁਰੂ ਨੇ ਟੀ ਵੀ ਚੈਨਲ ਅੰਗ ਸੰਗ ਲਈ ਹਰਜਿੰਦਰ ਕੰਗ ਨਾਲ ਮੁਲਾਕਾਤ ਰੀਕਾਰਡ ਕੀਤੀ।