ਸਰੀ, 24 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਬੀਤੇ ਦਿਨੀਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ‘ਕਾਵਿ ਮਿਲਣੀ’ ਆਨਲਾਈਲ ਪ੍ਰੋਗਰਾਮ ਕਰਵਾਇਆ ਗਿਆ। ਪ੍ਰਬੰਧਕ ਰਮਿੰਦਰ ਰੰਮੀ ਅਤੇ ਡਾ . ਸਰਬਜੀਤ ਕੌਰਸੋਹਲ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਸਪੁੱਤਰ ਮਿਹਰਬਾਨ ਬਟਾਲਵੀ ਅਤੇ ਡਾ ਹਰਜੀਤ ਸਿੰਘ ਸੱਧਰ ਬਤੌਰ ਮੁਖ ਮਹਿਮਾਨ ਸ਼ਾਮਲ ਹੋਏ। ਸੁਰਜੀਤ ਟਰਾਂਟੋ ਨੇ ਦੋਹਾਂ ਸੰਸਥਾਵਾਂ ਵੱਲੋਂ ਸਾਰੇ ਸ਼ਾਮਿਲ ਕਵੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੀਫ਼ ਐਡਵਾਈਜ਼ਰ ਤੇ ਮਾਡਰੇਟਰ ਪਿਆਰਾ ਸਿੰਘ ਕੁੱਦੋਵਾਲ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਬਾਰੇ ਵਿੱਚ ਸੰਖੇਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।
ਰਿੰਟੂ ਭਾਟੀਆ ਨੇ ਸ਼ਿਵ ਬਟਾਲਵੀ ਦਾ ਗੀਤ ‘ਤੁਸੀਂ ਕਿਹੜੀ ਰੁੱਤੇ ਆਏ’ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਡਾ ਹਰਜੀਤ ਸਿੰਘ ਸੱਧਰ ਨੇ ਸ਼ਿਵ ਕੁਮਾਰ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਿਵ ਦੀ ਸ਼ਾਇਰੀ ਰੁਮਾਂਟਿਕ ਸ਼ਾਇਰੀ ਹੈ ਜੋ ਪਿਆਰ ਦੇ ਸਦੀਵੀ ਅਹਿਸਾਸ ਨੂੰ ਪੇਸ਼ ਕਰਦੀ ਹੈ। ਵਿਯੋਗ ਅਤੇ ਪ੍ਰੇਮ ਭਾਵ ਸ਼ਿਵ ਦੀ ਸਿਰਜਣਾ ਨੂੰ ਖੂਬਸੂਰਤ ਬਣਾਉਂਦੇ ਹਨ। ਉਸ ਦੀ ਭਾਸ਼ਾ ਵੀ ਕਮਾਲ ਦੀ ਹੈ। ਜੇ ਸ਼ਿਵ ਕੋਲ ਦਰਦ ਨਾ ਹੁੰਦਾ ਤੇ ਉਹ ਸਾਡੇ ਕੋਲ ਨਾ ਹੁੰਦਾ। ਡਾ ਮਨਜੀਤ ਸਿੰਘ ਬੱਲ ਨੇ ‘ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ’ ਬਹੁਤ ਖੂਬਸੂਰਤੀ ਨਾਲ ਗਾਇਆ। ਹਰਦਮ ਸਿੰਘ ਮਾਨ ਨੇ ਸ਼ਿਵ ਕੁਮਾਰ ਨੂੰ ਸਮਰਪਿਤ ਆਪਣੀ ਖੂਬਸੂਰਤ ਗ਼ਜ਼ਲ ਪੇਸ਼ ਕੀਤੀ। ਦਵਿੰਦਰ ਕੌਰ ਢਿੱਲੋਂ ਨੇ ‘ਮਹਿਰਮ ਦਿਲਾਂ ਦੇ ਮਾਹੀ ਮੋੜੇਂਗਾ ਕਦ ਮੁਹਾਰਾਂ’ ਆਪਣੀ ਮਨਮੋਹਕ ਆਵਾਜ ਵਿੱਚ ਸੁਣਾਈ। ਡਾ ਸਤਿੰਦਰਜੀਤ ਬੁੱਟਰ ਨੇ ‘ਜੀ ਚਾਹੇ ਪੰਛੀ ਹੋ ਜਾਵਾਂ’, ਪ੍ਰਿਤਪਾਲ ਕੌਰ ਚਹਿਲ ਨੇ ‘’ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ’ ਗਾ ਕੇ ਮਾਹੌਲ ਨੂੰ ਭਾਵਪੂਰਤ ਬਣਾ ਦਿੱਤਾ। ਨਦੀਮ ਅਫ਼ਜ਼ਲ ਨੇ ਆਪਣੇ ਖੂਬਸੂਰਤ ਅੰਦਾਜ਼ ਵਿੱਚ ਕਾਵਿਕ ਪੇਸ਼ਕਾਰੀ ਕੀਤੀ। ਡਾ. ਇਰਾਦੀਪ ਨੇ ਸ਼ਿਵ ਦਾ ਗੀਤ ‘ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ’, ਅੰਮ੍ਰਿਤਾ ਦਰਸ਼ਨ ਨੇ ‘ਇਕ ਕੁੜੀ ਜੀਹਦਾ ਨਾ ਮੁਹੱਬਤ’ ਨੂੰ ਸੁਰੀਲੇ ਸੁਰ ਦਿੱਤੇ। ਅੰਜੂ ਬਾਲਾ ਨੇ ਆਪਣੀ
ਕਾਵਿ ਰਚਨਾ ਸੁਣਾਈ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫ਼ੈਸਰ ਸੁਹਿੰਦਰ ਬੀਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਰਚਾਇਆ ਸਮਾਗਮ ਇੱਕ ਬਹੁਤ ਵਧੀਆ ਉਪਰਾਲਾ ਹੈ। ਸ਼ਿਵ ਕੁਮਾਰ ਬਟਾਲਵੀ, ਵਾਰਿਸ ਸ਼ਾਹ ਤੋਂ ਬਾਅਦ ਪੰਜਾਬੀ ਦਾ ਸਭ ਤੋਂ ਵੱਧ ਮਕਬੂਲ ਸ਼ਾਇਰ ਹੋਇਆ ਹੈ। ਉਸ ਨੇ ਨਾ ਕੇਵਲ ਪੰਜਾਬੀ ਭਾਸ਼ਾ ਵਿੱਚ ਬਲਕਿ ਗੈਰ ਪੰਜਾਬੀ ਭਾਸ਼ਾਵਾਂ ਵਿੱਚ ਵੀ ਆਪਣਾ ਸਿੱਕਾ ਮਨਵਾਇਆ ਹੈ ਅਤੇ ਪੰਜਾਬੀ ਸਾਹਿਤ ਨੂੰ ਦੂਸਰੇ ਖੇਤਰਾਂ ਤੱਕ ਵਸੀਹ ਕੀਤਾ ਹੈ। ਸ਼ਿਵ ਕੁਮਾਰ ਬੁਨਿਆਦੀ ਤੌਰ ਤੇ ਪਿਆਰ, ਬਿਰਹਾ, ਉਪਰਾਮਤਾ, ਮੌਤ ਆਦਿ ਦਾ ਸ਼ਾਇਰ ਹੈ ਪਰ ਜਦੋਂ ਅਸੀਂ ‘ਲੂਣਾ’, ‘ਮੈਂ ਤੇ ਮੈਂ’ ਦਾ ਪਾਠ ਕਰਦੇ ਹਾਂ ਤਾਂ ਸਾਨੂੰ ਉਸ ਦੀ ਆਧੁਨਿਕ ਚੇਤਨਾ/ਸੰਵੇਦਨਾ ਦੇ ਦਰਸ਼ਨ ਹੁੰਦੇ ਹਨ। ਸ਼ਿਵ ਕੁਮਾਰ ਇੱਕ ਜੀਨੀਅਸ ਕਵੀ ਹੈ, ਉਸ ਦੀ ਸਿਰਜਨਾਤਮਕ ਸ਼ਕਤੀ ਅਜਿਹੀ ਹੈ ਜਿਸ ਦਾ ਪੰਜਾਬੀ ਸਾਹਿਤ ਵਿੱਚ ਕੋਈ ਵੀ ਸਾਨੀ ਨਹੀਂ ਹੈ। ਸ਼ਬਦ ਉਸਦੇ ਪਾਸ ਆਉਂਦੇ ਹਨ ਔਰ ਸ਼ਬਦਾਂ ਨੂੰ ਉਹ ਭਾਵਾਂ ਦਾ ਸੁਮੇਲ ਇਸ ਤਰਾਂ ਦਿੰਦਾ ਹੈ ਕਿ ਉਸਦੀ ਕਵਿਤਾ ਰਾਗ ਨਾਲ ਇਕ ਸੁਰ ਹੋ ਕੇ ਆਪਣੀ ਲਾਸਾਨੀ ਮਿਸਾਲ ਕਾਇਮ ਕਰ ਜਾਂਦੀ ਹੈ। ਜਿਉਂ ਜਿਉਂ ਸਮਾਂ ਬੀਤੇਗਾ ਸ਼ਿਵ ਕੁਮਾਰ ਦੀ ਲੋਕਪ੍ਰੀਅਤਾ ਵਿੱਚ ਵਾਧਾ ਹੋਵੇਗਾ।
ਇਸ ਪ੍ਰੋਗਰਾਮ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ, ਸਾਹਿਤਕਾਰਾਂ ਤੇ ਸ਼ਾਇਰਾਂ ਨੇ ਸ਼ਿਰਕਤ ਕੀਤੀ। ਆਖੀਰ ਵਿੱਚ ਰਮਿੰਦਰ ਰੰਮੀ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਮਾਡਰੇਟਰ ਪਿਆਰਾ ਸਿੰਘ ਕੁੱਦੋਵਾਲ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਕੀਤਾ। ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੀਤ ਪ੍ਰਧਾਨ ਪ੍ਰੋ. ਕੁਲਜੀਤ ਕੌਰ, ਡਾ. ਬਲਜੀਤ ਰਿਆੜ, ਦੀਪ ਕੁਲਦੀਪ ਅਤੇ ਪ੍ਰੋ.ਨਵਰੂਪ ਹਾਜ਼ਰ ਸਨ।