ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਕਸਰ ਕਿਹਾ ਜਾਂਦਾ ਹੈ ਕਿ ਅੱਜ ਦੇ ਬੱਚੇ ਕੱਲ ਦੇ ਸਮਾਜ ਦੀ ਨੀਂਹ ਹੁੰਦੇ ਹਨ, ਉਹ ਸਮਾਜ ਦਾ ਭਵਿੱਖ ਹਨ। ਇਸ ਲਈ ਉਹਨਾਂ ਨੂੰ ਸਿਹਤਮੰਦ ਵਾਤਾਵਰਨ, ਚੰਗੀ ਸਿੱਖਿਆ ਤੇ ਵਧੀਆ ਸੰਸਕਾਰ ਦੇਣੇ ਜਰੂਰੀ ਹਨ। ਉਹਨਾਂ ਦਾ ਮਾਨਸਿਕ, ਸਰੀਰਕ, ਭਾਵਨਾਤਮਿਕ ਅਤੇ ਸਮਾਜਿਕ ਵਿਕਾਸ ਕਰਨਾ ਅਤਿ ਜਰੂਰੀ ਹੈ। ਅਜਿਹਾ ਤਦ ਹੀ ਸੰਭਵ ਹੋ ਸਕਦਾ ਹੈ, ਜਦੋਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਤਰਜੀਹ ਅਤੇ ਉਨਾਂ ਦੇ ਬਚਪਨ ਨੂੰ ਅਜਾਦੀ ਦਿੱਤੀ ਜਾਵੇ ਪਰ ਬਾਲਾਂ ਦੇ ਮਨੁੱਖੀ-ਅਧਿਕਾਰਾਂ ਵਿੱਚ ਰੁਕਾਵਟ ਬਣਨ ਵਾਲੀ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਹੈ-ਬਾਲ ਮਜ਼ਦੂਰੀ, ਕਿਉਂਕਿ ਸਮੱੁਚੇ ਵਿਸ਼ਵ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਬਾਲ ਮਜ਼ਦੂਰੀ ਪ੍ਰਚਲਿਤ ਹੈ। ਬਾਲ ਮਜਦੂਰੀ ਬੱਚਿਆਂ ਲਈ ਸਰਾਪ ਹੈ। ਅੱਜ ਵੀ ਦੁਨੀਆਂ ਭਰ ਵਿੱਚ ਇਸ ਨੂੰ ਰੋਕਣ ਲਈ ਯਤਨ ਜਾਰੀ ਹਨ। ਬਾਲ ਮਜਦੂਰੀ ਦੇ ਮੱਦੇਨਜਰ ਅੱਜ ਦੇ ਦਿਨ ਭਾਵ ਹਰ ਸਾਲ (12 ਜੂਨ) ਨੂੰ ਦੁਨੀਆਂ ਭਰ ਵਿੱਚ ਬਾਲ ਮਜਦੂਰੀ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ। ਇਸ ਸਰਾਪ ਨੂੰ ਜੜ ਤੋਂ ਖਤਮ ਕਰਨ ਲਈ ਇਸ ਦਿਨ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। “ਵਿਸ਼ਵ ਬਾਲ ਮਜਦੂਰ ਦਿਵਸ” ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ 14 ਸਾਲ ਤੋਂ ਘੰਟ ਉਮਰ ਦੇ ਬੱਚਿਆਂ ਨੂੰ ਮਜਦੂਰੀ ਕਰਵਾਉਣਾ ਅਪਰਾਧ ਹੈ। ਉਨਾਂ ਨੂੰ ਇਸ ਤੋਂ ਬਚਾਓ ਅਤੇ ਸਿੱਖਿਆ ਲਈ ਜਾਗਰੂਕ ਕਰੋ। ਜਿਆਦਾਤਰ ਲੋਕ ਇਸ ਤੱਥ ਤੋਂ ਵਾਂਝੇ ਹਨ ਕਿ ਸਾਡੇ ਦੇਸ਼ ਵਿੱਚ ਬੱਚਿਆਂ ਨੂੰ ਜਨਮ ਦੇ ਨਾਲ ਹੀ ਕੁਝ ਅਧਿਕਾਰ ਦਿੱਤੇ ਜਾਂਦੇ ਹਨ, ਜੇਕਰ ਬੱਚਿਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਬੱਚਿਆਂ ਨੂੰ ਜਨਮ ਤੋਂ ਹੀ ਕੁਝ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਵਿੱਦਿਅਕ ਅਧਿਕਾਰ ਪ੍ਰਾਪਤ ਹੁੰਦੇ ਹਨ, ਹਾਲਾਂਕਿ ਜਿਆਦਾਤਰ ਲੋਕ ਇਨਾਂ ਅਧਿਕਾਰਾਂ ਤੋਂ ਜਾਣੂ ਨਹੀਂ ਹਨ। ਦੇਸ਼ ’ਚ ਬੱਚਿਆਂ ਨੂੰ ਬਾਲ ਮਜਦੂਰੀ ਤੋਂ ਰੋਕਣ ਲਈ ਲੇਬਰ ਐਕਟ 1986 ਬਣਾਇਆ ਗਿਆ ਹੈ। ਇਸ ਕਾਨੂੰਨ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਅਜਿਹੇ ਕੰਮ ’ਤੇ ਨਹੀਂ ਲਾਇਆ ਜਾ ਸਕਦਾ, ਜੋ ਉਨਾਂ ਦੀ ਸਿਹਤ ਲਈ ਠੀਕ ਨਾ ਹੋਵੇ। ਦੂਜੇ ਪਾਸੇ 15 ਤੋਂ 18 ਸਾਲ ਦੇ ਬੱਚਿਆਂ ਨੂੰ ਕਿਸੇ ਫੈਕਟਰੀ ਵਿੱਚ ਤਾਂ ਹੀ ਨੌਕਰੀ ਦਿੱਤੀ ਜਾ ਸਕਦੀ ਹੈ, ਜੇਕਰ ਉਨਾਂ ਕੋਲ ਫਿਟਨੈਸ ਸਰਟੀਫਿਕੇਟ ਹੋਵੇ। ਇਸ ਦੇ ਨਾਲ ਹੀ ਇਸ ਕਾਨੂੰਨ ਮੁਤਾਬਿਕ ਉਨਾਂ ਨੂੰ ਸਿਰਫ ਸਾਢੇ ਚਾਰ ਘੰਟੇ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ। ਭਾਰਤੀ ਸੰਵਿਧਾਨ ਦਾ ਆਰਟੀਕਲ 15 ਬੱਚਿਆਂ ਨੂੰ ਸ਼ਸ਼ਕਤੀਕਰਨ ਦਾ ਅਧਿਕਾਰ ਦਿੰਦਾ ਹੈ। ਇਸ ’ਚ ਧਾਰਾ 24 ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਫੈਕਟਰੀ ਆਦਿ ਵਿੱਚ ਕੰਮ ਕਰਨ ਦੀ ਮਨਾਹੀ ਹੈ। ਇਸ ਦੇ ਨਾਲ ਹੀ ਧਾਰਾ 39ਐੱਫ ਤਹਿਤ ਬੱਚਿਆਂ ਨੂੰ ਸੁਤੰਤਰ ਅਤੇ ਸਨਮਾਨਜਨਕ ਢੰਗ ਨਾਲ ਵਿਕਾਸ ਦੇ ਮੌਕੇ ਦਿੱਤੇ ਜਾਂਦੇ ਹਨ। ਆਰਟੀਕਲ 21ਏ ਅਨੁਸਾਰ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਲਾਜਮੀ ਮੁਫਤ ਸਿੱਖਿਆ ਦਿੱਤੀ ਜਾਵੇਗੀ। ਜਨਮ ਦੇ ਨਾਲ ਬੱਚਿਆਂ ਨੂੰ ਸਿਹਤ ਸਬੰਧੀ ਕੁਝ ਕਾਨੂੰਨ ਦਿੱਤੇ ਗਏ ਹਨ। ਇਨਾਂ ਵਿੱਚ ਸਾਰੇ ਬੱਚਿਆਂ ਲਈ ਬਿਹਤਰ ਅਤੇ ਲੋੜੀਂਦੀਆਂ ਡਾਕਟਰੀ ਸਹੂਲਤਾਂ ਮੁਹੱਈਆ ਕਰਾਉਣੀਆਂ ਜਰੂਰੀ ਹਨ। ਇਸ ਦੇ ਨਾਲ ਹੀ ਜੇਕਰ ਕੋਈ ਅਪੰਗ ਹੈ ਤਾਂ ਤੁਹਾਨੂੰ ਤੰਦਰੁਸਤ ਰਹਿਣ ਲਈ ਵਿਸ਼ੇਸ਼ ਸਹੂਲਤਾਂ, ਸਾਫ ਪਾਣੀ, ਪੌਸ਼ਟਿਕ ਭੋਜਨ, ਸਾਫ ਵਾਤਾਵਰਨ ਦਾ ਹੱਕ ਮਿਲਦਾ ਹੈ। ਬੱਚਿਆਂ ਨੂੰ ਸਿੱਖਿਆ ਨਾਲ ਸਬੰਧਤ ਕੁਝ ਅਧਿਕਾਰ ਵੀ ਦਿੱਤੇ ਗਏ ਹਨ। ਇਨਾਂ ’ਚ ਆਰਥਿਕ ਤੌਰ ’ਤੇ ਕਮਜੋਰ ਪਰਿਵਾਰਾਂ ਦੇ ਬੱਚਿਆਂ ਲਈ ਸਾਰੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ’ਚ ਉਪਲਬਧ ਸੀਟਾਂ ਦੀ ਗਿਣਤੀ ’ਚੋਂ 25 ਫੀਸਦੀ ਸੀਟਾਂ ਰਾਖਵੀਆਂ ਕਰਨੀਆਂ ਜਰੂਰੀ ਹਨ। ਆਰਟੀਕਲ 21ਏ ਅਨੁਸਾਰ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਲਾਜਮੀ ਮੁਫਤ ਸਿੱਖਿਆ ਦਿੱਤੀ ਜਾਵੇਗੀ। ਇਸ ਨਾਲ ਜੇਕਰ ਕਿਸੇ ਵੀ ਮਾਮਲੇ ਵਿੱਚ ਬੱਚੇ ਤੋਂ ਜਾਣਕਾਰੀ ਦੀ ਲੋੜ ਹੈ ਤਾਂ ਉਸ ਨਾਲ ਜਬਰਦਸਤੀ ਨਹੀਂ ਕੀਤਾ ਜਾ ਸਕਦੀ। ਜਰੂਰਤ ਹੈ, ਉਕਤ ਯੋਜਨਾਵਾਂ ਅਤੇ ਬੱਚਿਆਂ ਦੀ ਭਲਾਈ ਲਈ ਬਣੇ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਤੇ ਇਸ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਰਵਾਈ ਕੀਤੀ ਜਾਵੇ ਅਤੇ ਬਾਲ ਮਜਦੂਰੀ ਕਰਨ ਵਾਲੇ ਬੱਚਿਆਂ ਜਾਂ ਉਹਨਾਂ ਦੇ ਮਾਪਿਆਂ ਦੀ ਮਜਬੂਰੀ ਨੂੰ ਦੇਖ ਕੇ ਉਸਦਾ ਹੱਲ ਕਰਨ ਦੇ ਯਤਨ ਹੋਣ, ਨਹੀਂ ਤਾਂ ਇਹ 12 ਜੂਨ ਦਾ ਦਿਨ ਵੀ ਇੱਕ ਖਾਨਾਪੂਰਤੀ ਬਣ ਕੇ ਹੀ ਰਹਿ ਜਾਵੇਗਾ।
Leave a Comment
Your email address will not be published. Required fields are marked with *