ਕੋਟਕਪੂਰਾ, 11 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ ਕਾ ਸੰਸਥਾ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਤਿਉਹਾਰ “ਈਦ” ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਐਸੰਬਲੀ ਕਰਵਾਈ ਗਈ। ਇਸ ਸਮੇਂ ਵਿਦਿਆਰਥੀਆਂ ਵੱਲੋਂ ਗੀਤ ਅਤੇ ਨਾਟਕ ਪੇਸ਼ ਕੀਤਾ ਗਿਆ। ਕੋਰੀਓਗ੍ਰਾਫ਼ੀ ਰਾਹੀਂ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਵੱਖ-ਵੱਖ ਧਰਮਾਂ ਦੀ ਰਹਿਨੁਮਾਈ ਕਰਨ ਵਾਲੇ ਪਹਿਰਾਵੇ ਵਿੱਚ ਸਜੇ ਬੱਚੇ ਬੜੇ ਹੀ ਸਲੀਕੇ ਨਾਲ ਇੱਕ ਦੂਜੇ ਦੇ ਗਲੇ ਮਿਲ ਕੇ ਸਾਨੂੰ ਇਸ ਤਿਉਹਾਰ ਵਿੱਚ ਸ਼ਾਮਿਲ ਹੋਣ ਦਾ ਸੁਨੇਹਾ ਦੇ ਕੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ “ਈਦ ਮੁਬਾਰਕ” ਆਖਦਿਆਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਾਡੇ ਸਾਰੇ ਤਿਉਹਾਰ ਹੀ ਸਾਂਝੇ ਹਨ ਅਤੇ ਸਾਨੂੰ ਸਭ ਨੂੰ ਹੀ ਇਹ ਤਿਉਹਾਰ ਬੜੀ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ। ਉਨ੍ਹਾਂ ਵਿਦਿਆਰਥੀਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਹਰ ਤਿਉਹਾਰ ਖ਼ੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦਾ ਹੈ ਅਤੇ ਸਾਨੂੰ ਅਨੇਕਤਾ ਵਿੱਚ ਏਕਤਾ ਦਾ ਸਬੂਤ ਦਿੰਦੇ ਹੋਏ ਮਜ਼੍ਹਬੀ ਭੇਦ-ਭਾਵ ਤੋਂ ਬਿਨਾਂ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਅਤੇ ਕੋਆਰਡੀਨੇਟਰਜ਼ ਆਦਿ ਵੀ ਮੌਜ਼ੂਦ ਸਨ