ਜ਼ਾਲਮ ਖੜ੍ਹਾ ਹਵਾ ਖੁੱਲ੍ਹੀ ਵਿੱਚ, ਆਖੇ: “ਪਿੰਜਰਾ ਸੁਹਣਾ।”
“ਵਿੱਚ ਆ ਜਾਵੇ ਫਿਰ ਮੈਂ ਪੁੱਛਾਂ: ਕਿੰਨਾ ਹੈ ਮਨਮੁਹਣਾ?”
“ਪਰ ਤੋਂ ਹੀਨ ਧਰਾ ਦੇ ਕੈਦੀ, ਓ ਮੂਰਖ! ਦਿਲ ਕਰੜੇ
ਉੱਡਣ ਹਾਰੇ ਪੰਛੀ ਨੂੰ ਇਹ, ਸੁਹਣਾ ਹੈ ਜਿੰਦ ਕੁਹਣਾ।”
ਸੰਤ-ਕਵੀ ਭਾਈ ਵੀਰ ਸਿੰਘ (1872-1957) ਦੀਆਂ ਉਪਰਕੋਤ ਕਾਵਿ-ਸਤਰਾਂ ਆਜ਼ਾਦੀ ਦੇ ਸੰਕਲਪ ਨੂੰ ਬਿਆਨ ਕਰਦੀਆਂ ਹਨ। ਆਜ਼ਾਦੀ ਜਾਂ ਸੁਤੰਤਰਤਾ ਅੰਗਰੇਜ਼ੀ ਦੇ ਸ਼ਬਦ ‘ਲਿਬਰਟੀ ਜਾਂ ‘ਇੰਡੀਪੈਂਡੈਂਸ ਦਾ ਪਰਿਆਇ ਹੈ। ਆਜ਼ਾਦੀ ਦਾ ਅਰਥ ਹੈ – ਕਿਸੇ ਪ੍ਰਕਾਰ ਦੇ ਬੰਧਨ ਤੋਂ ਮੁਕਤੀ ਜਾਂ ਕਿਸੇ ਦੀ ਅਧੀਨਗੀ/ਗ਼ੁਲਾਮੀ ਤੋਂ ਛੁਟਕਾਰਾ। ਇਸੇ ਸੰਦਰਭ ਵਿੱਚ ਚਰਚਿਤ ਰਾਜਨੀਤਕ ਵਿਚਾਰਵਾਨ ਜੀਨ-ਜੈਕ ਰੂਸੋ (Jean-Jacques Rousseau) ਦੀ ਇਹ ਪੰਕਤੀ ਵੀ ਧਿਆਨਯੋਗ ਹੈ : “ਆਦਮੀ ਪੈਦਾ ਤਾਂ ਸੁਤੰਤਰ ਹੋਇਆ ਹੈ, ਪਰ ਹਰ ਥਾਂ ਉਹ ਬੰਧਨਾਂ ਵਿਚ ਜਕੜਿਆ ਹੋਇਆ ਹੈ।”
ਭਾਰਤੀਆਂ ਨੂੰ 15 ਅਗਸਤ 1947 ਦੇ ਦਿਨ ਅੰਗਰੇਜ਼ਾਂ ਦੀ ਕਰੀਬ ਦੇ ਸੌ ਸਾਲ ਦੀ ਗੁਲਾਮੀ ਤੋਂ ਛੁਟਕਾਰਾ ਮਿਲਿਆ ਸੀ। ਆਜ਼ਾਦੀ ਦੇ ਇਸ ਸੰਘਰਸ਼ ਵਿੱਚ ਜਿੱਥੇ ਹੋਰਨਾਂ ਲੋਕਾਂ ਨੇ ਯੋਗਦਾਨ ਪਾਇਆ, ਉੱਥੇ ਸਿੱਖਾਂ ਨੇ ਘੱਟ ਗਿਣਤੀ ਹੋਣ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਅਤੇ ਮਹੱਤਵਪੂਰਨ ਹਿੱਸਾ ਪਾਇਆ। ਭਾਰਤ ਦੀ ਆਜ਼ਾਦੀ ਸਮੇਂ ਹੋਰ ਕੌਮਾਂ ਦੇ ਮੁਕਾਬਲੇ ਸਿੱਖਾਂ ਦੀ ਆਬਾਦੀ 2% ਸੀ, ਪਰ ਕੁਰਬਾਨੀਆਂ 87% ਸਨ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ : ਫਾਂਸੀ ਚੜ੍ਹੇ – ਕੁੱਲ 121, ਇਨ੍ਹਾਂ ਵਿੱਚੋਂ 93 ਸਿੱਖ ਸਨ ਅਤੇ 28 ਹੋਰ; ਉਮਰ ਕੈਦ ਹੋਏ – 2646, ਇਨ੍ਹਾਂ ਚੋਂ 2147 ਸਿੱਖ ਅਤੇ 499 ਹੋਰ; ਜੱਲਿਆਂਵਾਲਾ ਬਾਗ਼ ਦੇ ਸ਼ਹੀਦੀ ਸਾਕੇ (1919) ਵਿੱਚ 1326 ਸ਼ਹੀਦ ਹੋਏ, ਜਿਨ੍ਹਾਂ ਚੋਂ 793 ਸਿੱਖ ਅਤੇ 533 ਹੋਰ; ਬਜਬਜਘਾਟ ਦੇ 113 ਸ਼ਹੀਦ, ਇਨ੍ਹਾਂ ਚੋਂ 67 ਸਿੱਖ ਅਤੇ 46 ਹੋਰ; ਕੂਕਾ ਲਹਿਰ ਵਿੱਚ 91 ਸ਼ਹੀਦ ਅਤੇ ਸਾਰੇ ਹੀ ਸਿੱਖ; ਇਸੇ ਤਰ੍ਹਾਂ ਅਕਾਲੀ ਲਹਿਰ ਵਿੱਚ ਸ਼ਹੀਦ ਹੋਏ 500 ਵਿਅਕਤੀ ਸਾਰੇ ਹੀ ਸਿੱਖ ਸਨ।
ਆਜ਼ਾਦੀ ਤੋਂ ਭਾਵ ਕਿਸੇ ਗੈਰ ਦੀ ਅਧੀਨਗੀ ਤੋਂ ਸਰੀਰਕ ਮੁਕਤੀ ਹੀ ਨਹੀਂ ਹੈ। ਇਸ ਵਿੱਚ ਆਰਥਿਕ, ਸਭਿਆਚਾਰਕ, ਸਮਾਜਿਕ, ਰਾਜਨੀਤਕ ਅਤੇ ਮਾਨਸਿਕ ਸੁਤੰਤਰਤਾ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਪ੍ਰਿੰ. ਸੰਤ ਸਿੰਘ ਸੇਖੋਂ ਨੇ ਆਪਣੇ ਇੱਕ ਨਾਟਕ ਵਿੱਚ ਆਰਥਿਕ ਆਜ਼ਾਦੀ ਨੂੰ ਰੇਖਾਂਕਿਤ ਕਰਦਿਆਂ ਕਿਹਾ ਹੈ : “ਆਰਥਿਕ ਸੁਤੰਤਰਤਾ ਤੋਂ ਬਗੈਰ ਔਰਤ ਦੀ ਆਜ਼ਾਦੀ ਦਾ ਕੋਈ ਅਰਥ ਨਹੀਂ ਹੈ।” ਵਿਅਕਤੀ ਸਵੈਮਾਣ, ਸਵੈ-ਵਿਸ਼ਵਾਸ, ਸਵੈ-ਇੱਛਾ ਨਾਲ ਜੀਅ ਸਕੇ, ਆਪਣੇ ਵਿਚਾਰ ਪ੍ਰਗਟ ਕਰ ਸਕੇ, ਸਮਾਜ ਵਿੱਚ ਵਿਚਰ ਸਕੇ – ਇਹ ਵੀ ਆਜ਼ਾਦੀ ਨਾਲ ਜੁੜੇ ਕੁਝ ਹੋਰ ਪ੍ਰਮੁੱਖ ਸੂਤਰ ਹਨ।
ਸਿੱਖ ਗੁਰੂਆਂ ਅਤੇ ਭਗਤਾਂ ਨੇ ਵਿਅਕਤੀ ਨੂੰ ਸਵੈਮਾਣ, ਸਨਮਾਨ ਅਤੇ ਸੁਤੰਤਰਤਾ ਨਾਲ ਜਿਉਣ ਦੀ ਜਾਚ ਦੱਸੀ। ਸਿੱਖ ਧਰਮ ਦੇ ਆਦਿ-ਗੁਰੂ, ਬਾਬਾ ਨਾਨਕ (1469-1539 ਈ.) ਨੇ ਆਪਣੀ ਇੱਜ਼ਤ ਨੂੰ ਛਿੱਕੇ ਟੰਗ ਕੇ ਜਿਉਣ, ਭਾਵ ਪਰਤੰਤਰ ਹੋ ਕੇ ਰਹਿਣ ਨੂੰ ਹਰਾਮ ਖਾਣ ਦੇ ਤੁੱਲ ਦੱਸਿਆ ਹੈ। ਆਪਣੀ ਬਾਣੀ ਵਿੱਚ ਉਨ੍ਹਾਂ ਨੇ ਥਾਂ-ਪੁਰ-ਥਾਂ ਇਸ ਬਾਰੇ ਉਲੇਖ ਕੀਤਾ ਹੈ :
ਜੇ ਜੀਵੈ ਪਤੁ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥ (ਪੰਨਾ 142)
ਗੁਰੂ ਤੇਗ ਬਹਾਦਰ ਜੀ ਵੀ ਇਸੇ ਪ੍ਰਕਾਰ ਦੀ ਆਦਰਸ਼ਕ ਜੀਵਨ-ਜਾਚ ਸਿਖਾਉਂਦੇ ਹੋਏ ਵਿਅਕਤੀ ਨੂੰ ਨਾ ਕਿਸੇ ਨੂੰ ਡਰਾਉਣ ਤੇ ਨਾ ਕਿਸੇ ਤੋਂ ਡਰਨ ਦੀ ਗੱਲ ਕਰਦੇ ਹਨ, ਜਿਸ ਦਾ ਭਾਵ- ਅਰਥ ਵੀ ਕਿਸੇ ਨਾ ਕਿਸੇ ਤਰ੍ਹਾਂ ਆਜ਼ਾਦੀ ਹੀ ਹੈ :
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥
(ਪੰਨਾ 1427)
ਗੁਰਬਾਣੀ ਵਿੱਚ ਵਿਅਕਤੀ ਨੂੰ ਸਿਰਫ ਪਰਮਾਤਮਾ ਦੀ ਅਧੀਨਗੀ ਵਿੱਚ ਆਉਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਅਧੀਨਗੀ ਵਿੱਚ। ਇੱਥੋਂ ਤੱਕ ਕਿ ਭਗਤ ਕਬੀਰ (1398-1518) ਜੀ ਨੇ ਰਾਜਿਆਂ-ਮਹਾਰਾਜਿਆਂ ਨੂੰ ਵੀ ਦੋ-ਚਾਰ ਦਿਨਾਂ ਦੇ ਪ੍ਰਾਹੁਣੇ
ਕਹਿ ਕੇ ਉਨ੍ਹਾਂ ਦੀ ਛਿਣ-ਭੰਗਰਤਾ ਜਾਂ ਥੁੜ੍ਹ-ਚਿਰੀ ਹਕੂਮਤ ਦਾ ਬੋਧ ਕਰਵਾਇਆ ਹੈ :
ਕੋਊ ਹਰਿ ਸਮਾਨਿ ਨਹੀ ਰਾਜਾ॥
ਏ ਭੂਪਤਿ ਸਭ ਦਿਵਸੁ ਚਾਰਿ ਕੇ
ਝੂਠੇ ਕਰਤ ਦਿਵਾਜਾ॥ (ਪੰਨਾ 856)
ਗੁਰੂ-ਕਾਲ ਤੋਂ ਪਹਿਲਾਂ ਔਰਤ ਨੂੰ ਮਰਦ ਦੀ ਗ਼ੁਲਾਮ, ਪਿਛਾਂਹਖਿੱਚੂ ਅਤੇ ਅਬਲਾ ਆਦਿ ਨਾਂਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਸੀ, ਜਦ ਕਿ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿੱਚ, ਉਸ ਦੀ ਆਜ਼ਾਦੀ ਸਬੰਧੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥
(ਪੰਨਾ 473)
ਬਾਣੀਕਾਰਾਂ ਨੇ ਕਿਸੇ ਵਿਅਕਤੀ ਦੀ ਅਧੀਨਗੀ ਸਵੀਕਾਰ ਕਰਨ ਨਾਲ ਮੌਤ ਨੂੰ ਤਰਜੀਹ ਦਿੱਤੀ। ਗੁਰੂ ਤੇਗ ਬਹਾਦਰ ‘ਹਿੰਦ ਦੀ ਚਾਦਰ’ (1621-1675 ਈ.) ਨੇ ਹਿੰਦੂ ਧਰਮ ਦੀ ਆਨ, ਬਾਨ ਤੇ ਸ਼ਾਨ ਨੂੰ ਬਚਾਉਣ ਲਈ, ਉਨ੍ਹਾਂ ਦੇ ਤਿਲਕ ਤੇ ਜੰਞੂ ਦੀ ਰਾਖੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਧਾਰਮਿਕ ਆਜ਼ਾਦੀ ਲਈ ਦਿੱਤਾ ਗਿਆ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਕਲਯੁਗ ਅੰਦਰ ਇੱਕ ਮਹਾਨ ਸਾਕਾ ਸੀ। ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਆਜ਼ਾਦੀ ਦਾ ਜੋ ਪਰਚਮ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਲਹਿਰਾਇਆ, ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਨੇ ਆਪਣਾ ਸਰਬੰਸ ਵਾਰ ਕੇ ਇਸ ਨੂੰ ਹੋਰ ਗੂੜ੍ਹੀ ਇਬਾਰਤ ਵਿੱਚ ਲਿਖ ਕੇ ਪ੍ਰਸਾਰਿਆ। ਗੁਰੂ-ਕਾਲ ਵਿਚ ਅਤੇ ਉਨ੍ਹਾਂ ਤੋਂ ਮਗਰੋਂ ਸਿੱਖ ਸ਼ਹੀਦੀਆਂ (ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਆਦਿ ਦੇ ਰੂਪ ਵਿੱਚ) ਦਾ ਜੋ ਲੰਮਾ ਸਿਲਸਿਲਾ ਚਲਦਾ ਰਿਹਾ, ਉਸਦਾ ਮੂਲ ਆਜ਼ਾਦੀ ਦਾ ਸੂਤਰ ਹੀ ਸੀ।
ਸਾਂਝਾਪਣ, ਏਕਤਾ, ਸਮਾਨਤਾ, ਬਰਾਬਰਤਾ, ਸਾਂਝੀਵਾਲਤਾ ਆਦਿ ਦਾ ਸੰਬੰਧ ਵੀ ਕਿਤੇ ਨਾ ਕਿਤੇ ਆਜ਼ਾਦੀ ਨਾਲ ਹੀ ਹੈ। ਇਨ੍ਹਾਂ ਸਦਗੁਣਾਂ ਦਾ ਸੰਚਾਰ ਤਾਂ ਹੀ ਹੋ ਸਕੇਗਾ, ਜੇ ਅਸੀਂ ਦੂਜਿਆਂ ਨੂੰ ਆਜ਼ਾਦ ਸੋਚ, ਆਜ਼ਾਦ ਖ਼ਿਆਲ ਅਤੇ ਆਜ਼ਾਦ ਰਹਿਣੀ-ਬਹਿਣੀ ਪ੍ਰਦਾਨ ਕਰਾਂਗੇ।
ਪਿੰਜਰੇ ਵਿੱਚ ਬੰਦ ਪੰਛੀਆਂ ਨੂੰ ਨੀਲ-ਗਗਨ ਵਿੱਚ ਉੱਚੀਆਂ ਉਡਾਰੀਆਂ ਲਾਉਣ ਦਿਓ, ਐਕੁਏਰੀਅਮ ਵਿੱਚ ਰੱਖੀਆਂ ਮੱਛੀਆਂ ਨੂੰ ਸਮੁੰਦਰਾਂ/ਸਰੋਵਰਾਂ ਦੀ ਡੂੰਘਾਈ ਨਾਪਣ ਦਿਓ, ਪ੍ਰਯੋਗਸ਼ਾਲਾਵਾਂ ਵਿੱਚ ਕੈਦ ਤਿਤਲੀਆਂ ਨੂੰ ਫੁੱਲਾਂ ਉੱਤੇ ਮੰਡਰਾਉਣ ਦਿਓ, ਸਰਕਸਾਂ ਵਿੱਚ ਤਾੜੇ ਜਾਨਵਰਾਂ ਨੂੰ ਜੰਗਲਾਂ-ਬੇਲਿਆਂ ਵਿੱਚ ਦੁੜੰਗੇ ਲਾਉਣ ਦਿਓ – ਫਿਰ ਵੇਖੋ, ਇਹ ਜੀਵ-ਜੰਤੂ ਆਜ਼ਾਦੀ ਦਾ ਕਿੰਨਾ ਨਿੱਘ/ਆਨੰਦ ਮਾਣਦੇ ਨੇ… ਆਜ਼ਾਦੀ ਦਾ ਸੁਨੇਹਾ ਦਿੰਦਾ ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ (1905-1978 ਈ.) ਆਪਣੀ ਇੱਕ ਲੰਮੀ ਕਵਿਤਾ ‘ਮੈਂ ਨਹੀਂ ਰਹਿਣਾ ਤੇਰੇ ਗਿਰਾਂ’ ਵਿੱਚ ਲਿਖਦਾ ਹੈ :
ਲੈ ਲੈ ਆਪਣੀ ਲੜੀ ਨਵਾਬੀ
ਦੇਹ ਮੈਨੂੰ ਮੇਰੀ ਆਜ਼ਾਦੀ।
ਜਿੱਥੇ ਵੀਰ ਵੀਰਾਂ ਨੂੰ ਖਾਂਦੇ
ਸਿਰੋਂ ਮਾਰ ਧੁੱਪੇ ਸੁੱਟ ਜਾਂਦੇ।
ਜਿੱਥੇ ਲੱਖ ਮਣਾਂ ਦਾ ਲੋਹਿਆ
ਜੰਜ਼ੀਰਾਂ ਹੱਥਕੜੀਆਂ ਹੋਇਆ।
ਜਿੱਥੇ ਸ਼ਾਇਰ ਬੋਲ ਨਾ ਸੱਕਣ
ਦਿਲ ਦੀਆਂ ਘੁੰਡੀਆਂ ਖੋਲ੍ਹ ਨਾ ਸੱਕਣ।
ਮੈਂ ਨਹੀਂ ਰਹਿਣਾ ਐਸੀ ਥਾਂ …
ਮੈਂ ਨਹੀਂ ਰਹਿਣਾ ਤੇਰੇ ਗਿਰਾਂ।
ਅੱਜ ਅਸੀਂ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਸਰੀਰਕ ਆਜ਼ਾਦੀ ਤੇ ਅੰਕੁਸ਼ ਲਾ ਬੈਠੇ ਹਾਂ, ਦਾਜ ਦੇ ਲੋਭੀ ਬਣ ਕੇ ਵਿਆਹੁਤਾ ਜ਼ਿੰਦਗੀਆਂ ਨੂੰ ਆਤਮ-ਹੱਤਿਆਵਾਂ ਲਈ ਮਜਬੂਰ ਕਰ ਰਹੇ ਹਾਂ, ਪੈਸੇ ਦੇ ਗੁਲਾਮ ਹੋ ਕੇ ਸਕੇ-ਸੰਬੰਧੀਆਂ ਨਾਲੋਂ ਨਾਤੇ ਤੋੜ ਰਹੇ ਹਾਂ, ਭਰੂਣ ਹੱਤਿਆਵਾਂ ਦੇ ਰੂਪ ਵਿੱਚ ਨੰਨ੍ਹੀਆਂ ਕੰਜਕਾਂ ਤੋਂ ਸਾਹ ਲੈਣ ਦਾ ਹੱਕ ਖੋਹ ਰਹੇ ਹਾਂ, ਰੁੱਖਾਂ ਤੇ ਕੁਹਾੜੇ ਚਲਾ ਕੇ ਖੁਦ ਨੂੰ ਪ੍ਰਦੂਸ਼ਣ ਵਿੱਚ ਧੱਕ ਰਹੇ ਹਾਂ, ਸਕਰੀਨ/ਇੰਟਰਨੈੱਟ ਦੇ ਜਾਲ ਵਿੱਚ ਫਸ ਕੇ ਆਪਣਿਆ ਨਾਲੋਂ ਨਾਤੇ ਤੋੜ ਰਹੇ ਹਾਂ, ਪ੍ਰਤੀਯੋਗਤਾਵਾਂ ਦੇ ਦੌਰ ਵਿੱਚ ਪਿੱਛੇ ਰਹਿਣ ਕਰਕੇ ਖੁਦਕੁਸ਼ੀਆਂ ਨੂੰ ਹੀ ਸਹੀ ਮੰਨ ਬੈਠੇ ਹਾਂ… ਇਹ ਕੇਹੀ ਆਜ਼ਾਦੀ ਹੈ। ਪੁਸਤਕਾਂ ਨਾਲ, ਜ਼ਿੰਦਗੀ ਨਾਲ, ਕੁਦਰਤ ਨਾਲ, ਸੱਭਿਆਚਾਰ ਨਾਲ ਸਾਂਝ ਪਾਈਏ! ਸਭ ਨੂੰ ਆਜ਼ਾਦੀ ਦਾ ਹੱਕ ਦੇਈਏ! ‘ਜੀਓ ਤੇ ਜੀਣ ਦਿਓ’ ਦਾ ਨਾਅਰਾ ਬੁਲੰਦ ਕਰੀਏ!! ਭਾਈ ਵੀਰ ਸਿੰਘ ਦੀਆਂ ਇਨ੍ਹਾਂ ਕਾਵਿ-ਪੰਕਤੀਆਂ ਨੂੰ ਸਦਾ ਚੇਤੇ ਰੱਖੀਏ :
ਸਾਨੂੰ ਰੱਖ ਸੁਤੰਤਰ ਦਾਤੇ
ਬੰਦੀ ਸਾਥੋਂ ਦੂਰ ਰਹੇ।
ਪਰਤੰਤਰ ਨਾ ਕਦੇ ਕਰਾਵੀਂ
ਖੁੱਲ੍ਹ ਦਾ ਸਦਾ ਸ਼ਊਰ ਰਹੇ।…
ਜੰਗਲ ਵਾਸਾ ਬੇਸ਼ੱਕ ਦੇਵੀਂ
ਮਾੜੀ ਮਹਲ ਨਾ ਸ਼ਹਿਰ ਦਈਂ।
ਤਨ ਨੂੰ ਕੱਜਣ ਖੁਸ਼ੀ ਮਿਲੇ
ਪਰ ਖੁੱਲ੍ਹ ਕਦੇ ਨਾ ਖੱਸ ਲਈਂ।
~ ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *