ਬਲਾਕ ਜੈਤੋ ਦੇ ਕਈ ਪਿੰਡਾਂ ਦੇ ਸਰਕਾਰੀ ਸੀਨੀ. ਸੈਕੰ. ਸਕੂਲ ਪ੍ਰਿੰਸੀਪਲਾਂ ਅਤੇ ਸਰਕਾਰੀ ਹਾਈ ਸਕੂਲ ਮੁੱਖ ਅਧਿਆਪਕਾਂ ਤੋਂ ਸੱਖਣੇ
ਕੋਟਕਪੂਰਾ/ਜੈਤੋ, 17 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਕੱਲ ਸਾਰੇ ਦੇਸ਼ ਅਤੇ ਪੰਜਾਬ ਰਾਜ ਵਿੱਚ 78ਵਾਂ ਆਜਾਦੀ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਗਿਆ। ਪੰਜਾਬ ਵਿੱਚ ਹੁਕਮਰਾਨ ਪਾਰਟੀ ਦੇ ਬਹੁਤ ਸਾਰੇ ਨੇਤਾਵਾਂ ਨੇ ਵੱਖ-ਵੱਖ ਥਾਈ ਮਨਾਏ ਗਏ ਆਜਾਦੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਪਿਛਲੇ ਢਾਈ ਸਾਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਦੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ, ਜਦਕਿ ਤਸਵੀਰ ਦਾ ਅਸਲੀ ਪਹਿਲੂ ਇਸ ਦੇ ਬਿਲਕੁਲ ਉਲਟ ਦਿਖਾਈ ਦਿੰਦਾ ਨਜਰ ਆ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੈਤੋ ਬਲਾਕ ਦੇ ਪਿੰਡ ਮੱਤਾ, ਚੰਦਭਾਨ, ਰੋੜੀਕਪੂਰਾ, ਰਾਮੇਆਣਾ, ਝੱਖੜਵਾਲਾ, ਬਰਗਾੜੀ, ਗੋਬਿੰਦਗੜ ਦਬੜੀਖਾਨਾ ਤੇ ਹਰੀਨੌ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਿ੍ਰੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹੋਣ ਕਰਕੇ ਵਿਦਿਆਰਥੀਆਂ ਦੀ ਪੜਾਈ ਅਤੇ ਅਧਿਆਪਕਾਂ ਦੇ ਕੰਮਕਾਜ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ। ਇਸ ਸਬੰਧ ਵਿੱਚ ਗੌਰਮਿੰਟ ਸਕੂਲ ਟੀਚਰਜ ਯੂਨੀਅਨ ਪੰਜਾਬ ਦੇ ਸੂਬਾ ਸਲਾਹਕਾਰ ਅਤੇ ਪੰਜਾਬ ਪੈਨਸ਼ਨਰਜ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਚੰਦਭਾਨ ਵਿਖੇ ਪਿ੍ਰੰਸੀਪਲ ਦੀ ਅਸਾਮੀ 1 ਫਰਵਰੀ 2021 ਤੋਂ, ਪਿੰਡ ਮੱਤਾ ਵਿਖੇ 1 ਅਕਤੂਬਰ 2021 ਤੋਂ, ਪਿੰਡ ਰੋੜੀਕਪੂਰਾ ਵਿਖੇ 1 ਅਕਤੂਬਰ 2020 ਤੋਂ, ਪਿੰਡ ਰਾਮੇਆਣਾ ਵਿਖੇ 1 ਅਗਸਤ 2022 ਤੋਂ, ਪਿੰਡ ਝੱਖੜਵਾਲਾ ਵਿਖੇ 1 ਜੁਲਾਈ 2020 ਤੋਂ, ਪਿੰਡ ਬਰਗਾੜੀ ਵਿਖੇ 1 ਫਰਵਰੀ 2022 ਤੋਂ, ਇਸੇ ਤਰਾਂ ਪਿੰਡ ਗੋਬਿੰਦਗੜ ਦਬੜੀਖਾਨਾ ਅਤੇ ਹਰੀਨੋ ਵਿਖੇ ਪ੍ਰਿੰਸੀਪਲ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਉਹਨਾਂ ਅੱਗੇ ਦੱਸਿਆ ਕਿ ਜੈਤੋ ਬਲਾਕ ਦੀ ਸਰਕਾਰੀ ਹਾਈ ਸਕੂਲ ਰੋਮਾਣਾ ਅਜੀਤ ਸਿੰਘ, ਮੱਲਾ, ਚੈਨਾ, ਡੋਡ ਅਤੇ ਕਰੀਰਵਾਲੀ ’ਚ ਵੀ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਈਆਂ ਹਨ। ਉਹਨਾਂ ਅੱਗੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ ’ਚ ਲੈਕਚਰਾਰਾਂ ਦੀਆਂ 7 ਮਨਜੂਰ ਅਸਾਮੀਆਂ ’ਚੋਂ 5 ਆਸਾਮੀਆ ਪੰਜਾਬੀ, ਅੰਗਰੇਜੀ, ਹਿਸਟਰੀ, ਰਾਜਨੀਤੀ ਸਾਸਤਰ ਅਤੇ ਬਿਆਲੋਜੀ ਵਿਸ਼ੇ ਦੀਆਂ ਅਸਾਮੀਆਂ, ਮਾਸਟਰ ਕਾਡਰ ਵਿੱਚੋਂ ਅੰਗਰੇਜੀ ਵਿਸ਼ਾ, ਡੀਪੀਈ ਅਤੇ ਡਰਾਇੰਗ ਟੀਚਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ ’ਚ ਪੰਜਾਬੀ, ਅੰਗਰੇਜੀ, ਹਿਸਟਰੀ, ਰਾਜਨੀਤੀ ਸਾਸਤਰ, ਸਰੀਰਕ ਸਿੱਖਿਆ ਅਤੇ ਕਾਮਰਸ ਵਿਸ਼ੇ ਦੀਆਂ ਅਸਾਮੀਆਂ ਖਾਲੀ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ। ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਪੰਜਾਬ ਸਰਕਾਰ ਤੇ ਦੋਸ ਲਾਇਆ ਕਿ ਰਾਜ ਦੇ ਬਹੁਤ ਸਾਰੇ ਜਿਲਿਆਂ ’ਚ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਲੈਕਚਰਾਰਾਂ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਵੱਡੇ ਪੱਧਰ ‘ਤੇ ਖਾਲੀ ਪਈਆਂ ਹੋਣ ਕਰਕੇ ਸਰਕਾਰੀ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ। ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਕੀਤੀਆਂ ਗਈਆਂ ਤਰੱਕੀਆਂ ’ਚ ਹੋਈਆਂ ਬੇਨਿਯਮੀਆਂ ਕਾਰਨ ਇਹ ਪਦਉਨਤੀਆਂ ਦੇ ਹੁਕਮ ਵੀ ਕੁਝ ਦਿਨਾਂ ਬਾਅਦ ਹੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਰੱਦ ਕਰ ਦਿੱਤੇ ਗਏ। ਅਧਿਆਪਕ ਆਗੂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਅਸਲ ਤਸਵੀਰ ਵੱਲ ਨਿੱਜੀ ਧਿਆਨ ਦਿੰਦੇ ਹੋਏ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਸਿੱਧੀ ਭਰਤੀ ਰਾਹੀਂ ਜਾਂ ਬਣਦੀਆਂ ਤਰੱਕੀਆਂ ਦੇ ਹੁਕਮ ਤੁਰਤ ਜਾਰੀ ਕਰਕੇ ਇਹ ਸਾਰੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਤਾਂ ਜੋ ਸਰਕਾਰੀ ਸਕੂਲਾਂ ’ਚ ਪੜ ਰਹੇ ਸਾਰੇ ਲੱਖਾਂ ਗਰੀਬ ਵਿਦਿਆਰਥੀਆਂ ਦੀ ਸਾਰ ਲਈ ਜਾ ਸਕੇ।