‘ਸਮਿਤ ਆਫ਼ ਸਕੂਲ ਪ੍ਰਿੰਸੀਪਲਜ਼ ‘ਪ੍ਰੋਗਰਾਮ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਲਿਆ ਹਿੱਸਾ
ਕੋਟਕਪੂਰਾ, 12 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਸਟੀਚਿਊਟ ਆਫ ਕਾਉਂਸਲਰ ਟ੍ਰੇਨਿੰਗ ਰਿਸਰਚ ਐਂਡ ਕੰਸਲਟੈਂਸੀ ਦੀ ਸਥਾਪਨਾ ਸਾਲ 1992 ’ਚ ਮਾਨਸਿਕ ਸਿਹਤ ਦੇ ਖੇਤਰ ’ਚ ਕੰਮ ਕਰਨ ਲਈ ਕੀਤੀ ਗਈ ਸੀ, ਦੇ ਕੋਰ ਗਰੁੱਪ ਵਿੱਚ ਵੱਖ-ਵੱਖ ਪੱਖਾਂ ’ਤੇ ਅਭਿਆਸ ਕਰਨ ਲਈ ਮਨੋਵਿਗਿਆਨੀ ਅਤੇ ਸਿੱਖਿਅਕ ਸ਼ਾਮਲ ਹੁੰਦੇ ਹਨ। ਕਾਰਪੋਰੇਟ ਘਰਾਣਿਆਂ, ਵਿੱਦਿਅਕ ਸੰਸਥਾਵਾਂ, ਸਰਕਾਰੀ ਸੰਸਥਾਵਾਂ ਨੂੰ ਲੀਡਰਸ਼ਿਪ ਅਹੁਦਿਆਂ ’ਤੇ ਆਪਣੇ ਲੋਕਾਂ ਨੂੰ ਸਹਿਯੋਗ ਦੇ ਕੇ ਆਪਣੀ ਸਮਰੱਥਾ ਦਾ ਅਹਿਸਾਸ ਕਰਨ ਦੀ ਸਹੂਲਤ ਦਿੰਦਾ ਹੈ। ਜਿਸ ਦਾ ਮੁੱਖ ਉਦੇਸ਼ ਇੱਕ ਸੰਗਠਨਾਤਮਕ ਮਨੁੱਖੀ-ਸਰੋਤ ਦੇ ਪ੍ਰਬੰਧਨ ਅਤੇ ਮਾਰਗਦਰਸ਼ਨ ਲਈ ਜਿੰਮੇਵਾਰ ਕਾਰਜਕਰਤਾਵਾਂ ਨੂੰ ਤਿਆਰ ਕਰਨਾ ਹੈ। ਹਾਲ ਹੀ ਵਿੱਚ ਦੁਆਰਾ ਹੋਟਲ ਮਾਊਂਟਵਿਊ ਸੈਕਟਰ 10 ਚੰਡੀਗੜ ਵਿਖ਼ੇ ‘ਸਮਿਤ ਆਫ਼ ਸਕੂਲ ਪ੍ਰਿੰਸੀਪਲਜ਼ ‘ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਮਨੋਰਥ ਬੱਚਿਆਂ ਅਤੇ ਅਧਿਆਪਕਾਂ ਦੀ ਮੈਂਟਲ ਹੈਲਥ ਦੀ ਸੁਚਾਰੂ ਉਸਾਰੀ ਕਰਨਾ ਅਤੇ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਅਜਿਹੇ ਰਿਸ਼ਤੇ ਪੈਦਾ ਕਰਨਾ ਸਿਖਾਉਣਾ, ਜਿਸ ਸਦਕਾ ਬਿਨਾਂ ਝਿਜਕ ਵਿਦਿਆਰਥੀ ਆਪਣੇ ਅਧਿਆਪਕ ਨਾਲ਼ ਹਰ ਗੱਲ ਸਾਂਝੀ ਕਰ ਸਕਣ। ਪ੍ਰੋਗਰਾਮ ਵਿੱਚ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਰਾਜਾਂ ਦੇ ਆਈਸੀਐਸਸੀ ਅਤੇ ਸੀਬੀਐਸਈ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਕੌਂਸਲਰਾਂ ਨੂੰ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਇਹ ਦੱਸਦੇ ਹੋਏ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਮੋਗਾ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਇਸ ਪ੍ਰੋਗਰਾਮ ਦਾ ਹਿੱਸਾ ਰਹੇ। ਇਸ ਆਯੋਜਿਤ ਪ੍ਰੋਗਰਾਮ ਦੇ ਮੁੱਖ ਸਪੀਕਰ ਪ੍ਰੋਫੈਸਰ ਕੇਸ਼ਵ ਸਿੰਘ ਅਤੇ ਪ੍ਰੋਫੈਸਰ ਅਦਿੱਤਿਆ ਨਿਯਰ ਰਹੇ ਸ਼੍ਰੀ ਅਦਿੱਤਿਆ ਨਿਯਰ ਜੋ ਇੱਕ ਅਜਿਹੇ ਮਨੋਵਿਗਿਆਨੀ ਹਨ, ਜਿੰਨਾਂ ਨੇ ਪਿ੍ਰੰਸੀਪਲ ਧਵਨ ਕੁਮਾਰ ਅਤੇ ਹੋਰਨਾਂ ਨਾਲ਼ ਵਿਦਿਆਰਥੀਆਂ ਅੰਦਰ ਵੱਧ ਰਹੇ ਤਣਾਅ, ਗੁੱਸਾ, ਪ੍ਰੇਸ਼ਾਨੀ, ਅਤੇ ਨੈਗੇਟਿਵ ਮੈਂਟਲ ਹੈਲਥ ਵਰਗੀਆਂ ਸੱਮਸਿਆਵਾਂ ਦੇ ਕਾਰਨਾਂ ਬਾਰੇ ਗੱਲ ਬਾਤ ਕੀਤੀ, ਦੂਜੇ ਪਾਸੇ ਸ਼੍ਰੀ ਕੇਸ਼ਵ ਨੇ ਆਪਣੀ ਅਗਵਾਈ ਦੌਰਾਨ ਸਕੂਲ ਪ੍ਰਿੰਸੀਪਲਜ਼ ਨੂੰ ਦੱਸਿਆ ਕਿ ਕਿਸ ਤਰਾਂ ਅਸੀਂ ਵਿਦਿਆਰਥੀ ਅਤੇ ਅਧਿਆਪਕ ਦੀ ਮੈਂਟਲ ਹੈਲਥ ਵਿੱਚ ਸੁਧਾਰ ਕਰ ਸਕਦੇ ਹਾਂ, ਉਹਨਾਂ ਇਕੱਠੇ ਕੀਤੇ ਅੰਕੜਿਆ ਦੇ ਆਧਾਰ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਵੇਂ ਅਜੋਕੇ ਸਮੇਂ ਵਿੱਚ ਜੇ.ਈ.ਈ. ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਅਸਫਲਤਾ ਕਾਰਨ ਵਿਦਿਆਰਥੀ ਗ਼ਲਤ ਫੈਸਲੇ ਲੈ ਲੈਂਦੇ ਹਨ, ਜਿਸ ਦਾ ਮੁੱਖ ਕਾਰਨ ਤਣਾਅ ਪੂਰਨ ਮੈਂਟਲ ਹੈਲਥ ਹੈ। ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਸਾਰੇ ਸਹਿਯੋਗੀ ਪ੍ਰਿੰਸੀਪਲਜ਼ ਨਾਲ਼ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਹਨ, ਜਿੰਨਾਂ ਰਾਹੀਂ ਅਧਿਆਪਕ ਅਤੇ ਵਿਦਿਆਰਥੀ ’ਚ ਵਧਦੇ ਤਣਾਅ ਅਤੇ ਗੁੱਸੇ ਨੂੰ ਦੂਰ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜਿਵੇਂ ਗੂਗਲ ਮੈਪ ਤੁਹਾਨੂੰ ਨਿਸ਼ਚਿਤ ਮੰਜ਼ਿਲ ’ਤੇ ਪਹੁੰਚਾਉਂਦਾ ਹੈ, ਬਿਲਕੁਲ ਇਸੇ ਤਰਾਂ ਅਧਿਆਪਕ ਹਨ, ਜੋ ਵਿਦਿਆਰਥੀ ਨੂੰ ਉਸਦੇ ਮਿੱਥੇ ਟੀਚੇ ਹਾਸਲ ਕਰਨ ਵਿੱਚ ਅਗਵਾਈ ਕਰਦੇ ਹਨ, ਇਹ ਸਭ ਤਾਂ ਹੀ ਸੰਭਵ ਹੈ, ਜੇਕਰ ਵਿਦਿਆਰਥੀ ਅਤੇ ਅਧਿਆਪਕਾਂ ਦੀ ਮਾਨਸਿਕ ਸਿਹਤ ਚੰਗੀ ਅਤੇ ਉੱਚ ਦਰਜੇ ਦੀ ਹੋਵੇਗੀ ਸੋ, ਇਹਨਾਂ ਸਾਰੇ ਵਿਸ਼ਿਆਂ ’ਤੇ ਚਰਚਾ ਕਰਦਿਆਂ ਉਹਨਾਂ ਪ੍ਰੋਗਰਾਮ ’ਚ ਆਏ ਮਨੋਵਿਗਿਆਨਕਾਂ ਅਤੇ ਸਲਾਹਕਾਰਾਂ ਨਾਲ ਉਹ ਸਾਰੀਆਂ ਵਿਧੀਆਂ ਅਤੇ ਹੱਲ ਪ੍ਰਾਪਤ ਕੀਤੇ, ਜਿੰਨਾਂ ਸਦਕਾ ਉਹ ਆਪਣੇ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਦੀ ਚੰਗੀ ਮਾਨਸਿਕ ਸਿਹਤ ਲਈ ਲਾਗੂ ਕਰ ਸਕਣ। ਇਸ ਗੱਲ ’ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਸਕੂਲ ਮੁਖੀ ਧਵਨ ਕੁਮਾਰ ’ਤੇ ਮਾਣ ਕਰਦਿਆਂ ਇਹ ਆਸ ਕੀਤੀ ਕਿ ਉਹ ਭਵਿੱਖ ਵਿੱਚ ਆਪਣੇ ਸਕੂਲ ਦੇ ਸਰਬਪੱਖੀ ਵਿਕਾਸ ਅਤੇ ਸੁਧਾਰ ਲਈ ਅਜਿਹੇ ਅਜੰਡਿਆਂ ਦਾ ਹਿੱਸਾ ਜ਼ਰੂਰ ਬਨਣ।