ਪ੍ਰੀ-ਪ੍ਰਾਈਮਰੀ ਜਮਾਤਾਂ ਵਿੱਚ ਫੈਂਸੀ ਡਰੈਸ ਮੁਕਾਬਲੇ ਵਿਚ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ
ਕੋਟਕਪੂਰਾ/ਮੋਗਾ, 15 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਹਰ ਮਹੀਨੇ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ, ਪੁਰਾਣੇ ਸਮਿਆਂ ਦੀ ਤਰ੍ਹਾਂ ਅੱਜ ਵੀ ਪੰਜਾਬ ਦੇ ਲੋਕਾਂ ਦੇ ਅੰਦਰ ਮੇਲਿਆਂ ਉੱਤੇ ਸਜ-ਧਜ ਕੇ ਜਾਣ ਦਾ ਰੁਝਾਣ ਵੇਖਿਆ ਜਾਂਦਾ ਹੈ, ਸੋ ਮੇਲਿਆਂ ਅਤੇ ਤਿਉਹਾਰਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵੱਲੋਂ ਵਿਸਾਖੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਦੇ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਿੱਥੇ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਉੱਥੇ ਹੀ ਵਿਸਾਖੀ ਦੇ ਸਬੰਧਿਤ ਇਤਿਹਾਸਿਕ ਅਤੇ ਸੱਭਿਆਚਾਰਕ ਪ੍ਰਸਥਿਤੀਆਂ ਤੋਂ ਜਾਣੂ ਕਰਵਾਇਆ ਗਿਆl ਵਿਸਾਖੀ ਦੇ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਨੌਵੀਂ ਜਮਾਤ ਦੇ ਵਿਦਿਆਰਥੀ ਸੁਬੇਗ ਸਿੰਘ ਗਿੱਲ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਦੇਸੀ ਮਹੀਨੇ ਵੇਸਾਖ ਦੇ ਪਹਿਲੇ ਦਿਨ ਕਣਕ ਦੀ ਵਾਢੀ ਦੀ ਖੁਸ਼ੀ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਦੁਆਰਾ ਇਹ ਤਿਉਹਾਰ ਮਨਾਇਆ ਜਾਂਦਾ ਹੈl ਇਤਿਹਾਸ ਦੱਸਦੇ ਹੋਏ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਸਿੱਖ ਕੌਮ ਦੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ, ਸੋ ਇਸ ਖੁਸ਼ੀ ਦੇ ਮੌਕੇ ‘ਤੇ ਸੂਬਾ ਭਰ ਵਿੱਚ ਥਾਂ-ਥਾਂ ‘ਤੇ ਮੇਲੇ ਲਗਾਏ ਜਾਂਦੇ ਹਨl ਇਸੇ ਖੁਸ਼ੀ ਅਤੇ ਉਲਾਸ ਦੇ ਚਲਦਿਆਂ ਸਕੂਲ ਵਿੱਚ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੁਆਰਾ ਇਹ ਤਿਉਹਾਰ ਮਨਾਇਆ ਗਿਆl ਜਿੱਥੇ ਵੱਡੇ ਬੱਚਿਆਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਉੱਥੇ ਪ੍ਰੀ-ਪ੍ਰਾਈਮਰੀ ਜਮਾਤਾਂ ਵਿੱਚ ਫੈਂਸੀ ਡਰੈਸ ਮੁਕਾਬਲਾ ਵੀ ਕਰਵਾਇਆ ਗਿਆl ਇਸ ਮੁਕਾਬਲੇ ਵਿੱਚ ਸਾਰੇ ਹੀ ਬੱਚੇ ਬੜੇ ਸਜ-ਧਜ ਕੇ ਆਏ ਤੇ ਸਭਨਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆਲ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਦੀ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧਵਨ ਕੁਮਾਰ ਵੱਲੋਂ ਹੌਂਸਲਾ ਅਫ਼ਜ਼ਾਈ ਕੀਤੀ ਗਈ ਅਤੇ ਨਾਲ ਹੀ ਨਾਲ ਮੁਕਾਬਲਾ ਜਿੱਤਣ ਵਾਲੇ ਜੇਤੂਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆl