ਕੋਟਕਪੂਰਾ, 14 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਖੇਡਾਂ ਅਤੇ ਵਿਦਿਆ ਦੇ ਖੇਤਰ ’ਚ ਮੋਹਰੀ ਸੰਸਥਾ ਵਜੋਂ ਜਾਣੀਆਂ ਜਾਂਦੀਆਂ ਸੰਤ ਮੋਹਨ ਦਾਸ ਯਾਦਗਾਰੀ ਵਿਦਿਅਕ ਸੰਸਥਾਵਾਂ ਕੋਟਸੁਖੀਆ ਦੇ ਅਧੀਨ ਚੱਲ ਰਹੇ ਐੱਸਐੱਮਡੀ ਵਰਲਡ ਸਕੂਲ ਵਲੋਂ ਪਹਿਲਾਂ ਤੋਂ ਸਕੂਲ ’ਚ ਚੱਲਦੀ ਆ ਰਹੀ ਪ੍ਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਸਲਾਨਾ ਪ੍ਰੀਖਿਆ ਦੇ ਵਧੀਆ ਨਤੀਜਿਆਂ ਲਈ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ। ਜਿਸ ’ਚ ਸਲਾਨਾ ਪ੍ਰੀਖਿਆ ’ਚ ਬੈਠਣ ਜਾ ਰਹੇ ਸਾਰੇ ਹੀ ਵਿਦਿਆਰਥੀਆਂ ਦੀ ਵਧੀਆ ਅੰਕ ਪ੍ਰਾਪਤੀ, ਉੱਜਵਲ ਭਵਿੱਖ ਅਤੇ ਸੰਸਥਾ ਦੀ ਚੜ੍ਹਦੀ ਕਲਾ ਲਈ ਰੱਬ ਅੱਗੇ ਅਰਦਾਸ ਕੀਤੀ ਗਈ। ਇਸ ਸਮੇਂ ਸਕੂਲ ’ਚ ਸੀਨੀਅਰ ਜਮਾਤ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਸੀਨੀਅਰ ਕਾਮਰਸ ਅਧਿਆਪਕਾ ਮੈਡਮ ਕੰਵਲਜੀਤ ਕੌਰ ਖਾਲਸਾ ਵਲੋਂ ਕੀਤੀ ਗਈ ਅਰਦਾਸ ’ਚ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ, ਅਧਿਆਪਕ ਸਾਹਿਬਾਨ, ਸਮੂਹ ਮੈਨੇਜਮੈਂਟ ਅਤੇ ਸੰਸਥਾ ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ ਗਈ। ਇਹਨੀਂ ਦਿਨੀ ਸਕੂਲ ’ਚ ਬੱਚਿਆਂ ਦੀਆਂ ਸਲਾਨਾ ਮੌਖਿਕ ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਨਾਲ ਹੀ 19 ਫਰਵਰੀ ਤੋਂ ਲਿਖਤੀ ਪ੍ਰੀਖਿਆਵਾਂ ਸੁਰੂ ਹੋਣ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੀ.ਬੀ.ਐੱਸ.ਈ. ਬੋਰਡ ਦੀਆਂ ਪ੍ਰੀਖਿਆਵਾਂ ਵੀ 22 ਫਰਵਰੀ ਅਤੇ 24 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ’ਚ ਸਕੂਲ ਦੇ ਸਾਰੇ ਬੱਚਿਆਂ ਦੀ ਚੰਗੇ ਅੰਕ ਪ੍ਰਾਪਤੀ ਅਤੇ ਚੰਗੇ ਨਤੀਜਿਆਂ ਨੂੰ ਮੁੱਖ ਰੱਖਦੇ ਹੋਏ ਇਸ ਤਰ੍ਹਾਂ ਦੇ ਧਾਰਮਿਕ ਆਯੋਜਨ ਹਰ ਸਾਲ ਕਰਕੇ ਗੁਰੂ ਦਾ ਓਟ ਆਸਰਾ ਲਿਆ ਜਾਂਦਾ ਹੈ। ਇਸ ਧਾਰਮਿਕ ਸਮਾਗਮ ’ਚ ਪਾਠ ਦੇ ਭੋਗ ਉਪਰੰਤ ਸਕੂਲ ਦੇ ਪਿ੍ਰੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਪ੍ਰੀਖਿਆ ਨਾਲ ਸਬੰਧਤ ਹਦਾਇਤਾਂ ਅਤੇ ਸ਼ੁੱਭਇੱਛਾਵਾਂ ਦਿੱਤੀਆਂ। ਇਸ ਸਮੇਂ ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਬੱਚਿਆਂ ਨੂੰ ਸ਼ੁੱਭਇੱਛਾਵਾਂ ਦਿੰਦੇ ਹੋਏ ਸਖਤ ਮਿਹਨਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।