ਚੰਡੀਗੜ੍ਹ 19 ਜੂਨ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਅੰਟਾਰੀਓ ਫਰੈਂਡਸ ਕਲੱਬ ਅਤੇ ਇਫਵੋ ਕਨੇਡਾ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਇਕ ਦਿਨਾਂ ਕੌਮਾਂਤਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਦਮ ਸ਼੍ਰੀ ਪ੍ਰਾਣ ਸੱਭਰਵਾਲ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਸੁਨੀਤਾ ਸੱਭਰਵਾਲ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਓ ਐਫ ਸੀ ਦੇ ਚੇਅਰਮੈਨ ਰਵਿੰਦਰ ਸਿੰਘ ਕੰਗ ਨੇ ਕਰਦਿਆਂ ਸਮਾਰੋਹ ਵਿੱਚ ਸ਼ਾਮਿਲ ਸਾਰੇ ਹੀ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਅਤੇ ਸ਼ਖਸੀਅਤਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਲੱਬ ਵੱਲੋਂ ਪੰਜਾਬੀ ਭਾਸ਼ਾ, ਨੈਤਿਕਤਾ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੀਤੇ ਕਾਰਜਾਂ ਬਾਰੇ ਚਾਨਣਾ ਵੀ ਪਾਇਆ। ਸੈਮੀਨਾਰ ਦੇ ਆਰੰਭ ਵਿੱਚ ਸਰਪ੍ਰਸਤ ਕੰਵਲਦੀਪ ਕੌਰ ਨੇ ਸਵਾਗਤ ਕਰਦੇ ਹੋਏ ਪਿਤਾ ਦਿਵਸ ਦੀ ਮਹਾਨਤਾ ਤੇ ਚਾਨਣਾ ਪਾਇਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਪਦਮਸ਼੍ਰੀ ਪ੍ਰਾਣ ਸੱਭਰਵਾਲ ਨੇ ਕਿਹਾ ਸਮਾਜ ਵਿੱਚ ਪਿਤਾ ਦਾ ਰੁਤਬਾ ਬਹੁਤ ਮਹਾਨ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਲਈ ਸਾਰੀ ਉਮਰ ਸੰਘਰਸ਼ੀਲ ਰਹਿੰਦਾ ਹੈ। ਉਹਨਾਂ ਨੇ ਆਪਣੇ ਨਾਟਕਾਂ ਦੇ ਹਵਾਲੇ ਨਾਲ ਕਿਹਾ ਕਿ ਸਮਾਜ ਵਿੱਚ ਅੱਜ ਬਹੁਤ ਊਣਤਾਈਆਂ ਪੈਦਾ ਹੋ ਗਈਆਂ ਹਨ। ਬੱਚੇ ਆਪਣੇ ਮਾਂ ਪਿਓ ਨੂੰ ਅੱਖੋਂ ਪਰੋਖੇ ਕਰ ਰਹੇ ਹਨ ਸਿਰਫ ਅਤੇ ਸਿਰਫ ਆਪਣੇ ਤੱਕ ਸੀਮਿਤ ਹੋ ਕੇ ਰਹਿ ਗਏ ਹਨ। ਵਿਸ਼ੇਸ਼ ਮਹਿਮਾਨ ਵਾਈਸ ਚਾਂਸਲਰ ਡਾ.ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਟਾਰੀਓ ਫਰੈਂਡਸ ਕਲੱਬ ਕਨੇਡਾ ਦਾ ਇਹ ਉਪਰਾਲਾ ਬਹੁਤ ਵੱਡਾ ਹੈ । ਉਹਨਾਂ ਕਿਹਾ ਕਿ ਪਿਤਾ ਦਾ ਸਮਾਜ ਵਿੱਚ ਰੁਤਬਾ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਥੇ ਮਾਂ ਨੂੰ ਮਮਤਾ ਦਾ ਰੁਤਬਾ ਹਾਸਲ ਹੈ ਉਥੇ ਪਿਤਾ ਨੂੰ ਰਿਜਕ ਪੈਦਾ ਕਰਨ ਦਾ ਰੁਤਬਾ ਹਾਸਲ ਹੈ । ਵਿਸ਼ੇਸ਼ ਮਹਿਮਾਨ ਸੁਨੀਤਾ ਸੱਭਰਵਾਲ ਨੇ ਆਪਣੀ ਕਵਿਤਾ “ਮਾਹੀ ਵੇਚ ਮੈਂ ਤੈਨੂੰ ਉਡੀਕਦੀ ਹਾਂ” ਪੇਸ਼ ਕਰਕੇ ਸਭ ਨੂੰ ਮੰਤਰ ਮੁਕਤ ਕਰ ਦਿੱਤਾ। ਸਮਾਰੋਹ ਦੇ ਆਰੰਭ ਵਿੱਚ ਵੁਮਨ ਸੈਲ ਦੇ ਚੇਅਰਮੈਨ ਸ਼ਾਇਰਾ ਕੁਲਵੰਤ ਕੌਰ ਚੰਨ ਫਰਾਂਸ ਨੇ ਬਾਬਲ ਨੂੰ ਸਮਰਪਿਤ ਆਪਣੀ ਰਚਨਾ ਪੇਸ਼ ਕਰਕੇ ਸਮਾਰੋਹ ਦਾ ਆਗਾਜ਼ ਕੀਤਾ। ਇਸ ਕੌਮਾਂਤਰੀ ਪੱਧਰ ਦੇ ਸੈਮੀਨਾਰ ਵਿੱਚ ਹਰਿਆਣਾ ਤੋਂ ਸ਼ਾਇਰ ਗੁਰਚਰਨ ਸਿੰਘ ਜੋਗੀ , ਬਰਨਾਲਾ ਤੋਂ ਸ਼ਾਇਰ ਮਲਵਿੰਦਰ, ਕਨੇਡਾ ਤੋਂ ਕੈਲਾਸ਼ ਠਾਕੁਰ ਨੇ ਆਪਣੇ ਮਿੰਨੀ ਕਹਾਣੀਆਂ ਰਾਹੀਂ ਸਭ ਨੂੰ ਭਾਵੁਕ ਕਰ ਦਿੱਤਾ । ਬਠਿੰਡਾ ਤੋਂ ਰਾਜਦੇਵ ਕੌਰ ਨੇ ਆਪਣੀ ਮਿੰਨੀ ਕਹਾਣੀ ਅੰਤਿਮ ਅਰਦਾਸ, ਕੁਲਵੰਤ ਘੋਲੀਆਂ ਨੇ ਆਪਣੀ ਮਿੰਨੀ ਕਹਾਣੀ ‘ਖਜਾਨਾ’ ਪੇਸ਼ ਕਰਕੇ ਮਾਣ ਹਾਸਿਲ ਕੀਤਾ । ਕੌਮਾਂਤਰੀ ਸੈਮੀਨਾਰ ਵਿੱਚ ਸੁਖਦੇਵ ਸਿੰਘ ਗੰਡਵਾ, ਪਵਨਜੀਤ ਕੌਰ ਮੋਗਾ, ਪੋਲੀ ਬਰਾੜ, ਪ੍ਰੋ. ਰਾਜਵੀਰ ਕੌਰ ਗਰੇਵਾਲ, ਅਰਸ਼ਪ੍ਰੀਤ ਸਿੱਧੂ, ਮਨੀ ਹਠੂਰ, ਸਤਿੰਦਰ ਓਠੀ, ਖੁਸ਼ੀ ਰਾਮ, ਪ੍ਰਕਾਸ਼ ਕੌਰ ਪਾਸ਼, ਪ੍ਰੋ. ਕੁਲਦੀਪ ਕੌਰ, ਸੰਗੀਤਾ ਭਾਰਦਵਾਜ, ਅਸ਼ੋਕ ਭੰਡਾਰੀ ਜਗਦੀਸ਼ ਕੌਰ, ਅਨੀਮੇਸ਼ਵਰ ਕੌਰ, ਲਖਵਿੰਦਰ ਸਿੰਘ ਨੇ ਆਪਣੀਆਂ ਰਚਨਾਵਾਂ ਤਰੰਨਮ ਦੇ ਵਿੱਚ ਪੇਸ਼ ਕਰਕੇ ਚੰਗਾ ਰੰਗ ਬੰਨਿਆ। ਇਸ ਮੌਕੇ ਅੰਟਾਰੀਓ ਫਰੈਂਡਸ ਕਲੱਬ ਦੇ ਭਾਰਤ ਵਿੰਗ ਦੇ ਪ੍ਰਧਾਨ ਡਾ. ਨਾਇਬ ਸਿੰਘ ਮੰਡੇਰ ਨੇ ਧੰਨਵਾਦੀ ਸ਼ਬਦ ਬੋਲਦਿਆਂ ਪਿਤਾ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹ ਓ ਅਫ ਸੀ ਅਤੇ ਇਫਵੋ ਦਾ ਟੀਚਾ ਹੈ ਕਿ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ ਸਮਰਪਿਤ ਸਮਾਗਮ ਕਰਵਾਉਣੇ ਵੀ ਲਾਜ਼ਮੀ ਹਨ। ਜਿਸ ਦੇ ਤਹਿਤ ਇਹ ਸਮਾਗਮ ਕਰਵਾਇਆ ਗਿਆ ਹੈ। ਮੰਚ ਸੰਚਾਲਨ ਦੀ ਅਹਿਮ ਭੂਮਿਕਾ ਡਾ. ਅਮਨਪ੍ਰੀਤ ਕੌਰ ਕੰਗ, ਡਾ. ਸਤਿੰਦਰਜੀਤ ਕੌਰ ਬੁੱਟਰ, ਡਾ. ਦਵਿੰਦਰ ਖੁਸ਼ ਧਾਲੀਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਬਿਨਾਂ ਪੰਜਾਬ ਦੇ ਪ੍ਰਧਾਨ ਦੀਪ ਰੱਤੀ, ਗੋਲਡੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਵਿਦਵਾਨ ਸ਼ਾਮਿਲ ਹੋਏ।
Leave a Comment
Your email address will not be published. Required fields are marked with *