ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਕਣਕ ਦੇ ਨਾੜ ਨੂੰ ਅੱਗ ਨਾਂ ਲਗਾਉਣ ਦੀ ਅਪੀਲ
ਕੋਟਕਪੂਰਾ, 29 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਨਾਈਟਰੌਜਨ, ਫਾਸਫੋਰਸ ਅਤੇ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ’ਚ ਲਘੂ ਤੱਤ, ਸੂਖਮ ਜੀਵ ਨਸ਼ਟ ਹੋਣ ਦੇ ਨਾਲ ਨਾਲ ਭੌਤਿਕੀ ਗੁਣ ਪ੍ਰਭਾਵਤ ਹੁੰਦੇ ਹਨ ਅਤੇ ਇਸ ਦੇ ਨਾਲ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ, ਜਿਸ ਕਾਰਨ ਮਨੁੱਖਾਂ ’ਚ ਸਾਹ, ਅੱਖਾਂ ’ਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਂਦਾ ਹੈ। ਕਣਕ ਦੇ ਨਾੜ ਨੂੰ ਅੱਗ ਲਾ ਕੇ ਸਾੜਣ ਨਾਲ ਹੋਣ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਿਸ਼ਵ ਪੱਧਰ ’ਤੇ ਆਲਮੀ ਤਪਸ਼ ਵਧਣ ਨਾਲ ਹੋ ਰਹੀਆਂ ਮੌਸਮੀ ਤਬਦੀਲੀਆਂ ਦੇ ਪ੍ਰਤੀਕੂਲ ਪ੍ਰਭਾਵ ਪਿਛਲੇ ਸਾਲਾਂ ਦੌਰਾਨ ਫਸਲਾਂ ਦੀ ਕਾਸ਼ਤ ਉੱਪਰ ਪ੍ਰਤੱਖ ਰੂਪ ’ਚ ਦੇਖਣ ਨੂੰ ਮਿਲ ਰਹੇ ਹਨ, ਨਤੀਜਤਨ ਬੇਮੌਸਮੀ ਬਰਸਾਤਾਂ ਨਾਲ ਅਚਨਚੇਤ ਹੜ ਆ ਰਹੇ ਹਨ ਅਤੇ ਦਿਨ ਦਾ ਤਾਪਮਾਨ ਵਧਣ ਕਾਰਨ ਸੋਕੇ ਵਰਗੀਆਂ ਸਥਿੱਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਮੌਸਮੀ ਤਬਦੀਲੀਆਂ ਕਾਰਨ ਫਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਅਤੇ ਬਿਮਾਰੀਆਂ ’ਚ ਬਦਲਾਅ ਵੀ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਭਵਿੱਖ ’ਚ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਾਤਾਵਰਣ ਪੱਖੀ ਖੇਤੀ ਤਕਨੀਕਾਂ ਨੂੰ ਤਰਜੀਹ ਦੇਣੀ ਪਵੇਗੀ। ਉਨਾਂ ਕਿਹਾ ਕਿ ਕਣਕ ਦੇ ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਕਾਰਨ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣ ਕਾਰਨ ਮੌਸਮੀ ਤਬਦੀਲੀਆਂ ਬਹੁਤ ਜ਼ਲਦੀ ਆ ਰਹੀਆਂ ਹਨ। ਉਨਾਂ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜਕੇ ਨਸ਼ਟ ਹੋ ਜਾਂਦੇ ਹਨ।ਉਨਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਅਤੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਹੀ ਅੱਗ ਨਾਲ ਸੜ ਕੇ ਖਤਮ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਕਈ ਵਾਰ ਤਾਂ ਨਾੜ ਨੂੰ ਅੱਗ ਲਗਾਉਣ ਨਾਲ ਮਨੁੱਖੀ ਜੀਵਨ ਵੀ ਖਤਰੇ ਵਿਚ ਪੈ ਜਾਂਦਾ ਹੈ ਉਨਾਂ ਕਿਹਾ ਕਿ ਉਪਰੋਕਤ ਕਾਰਨਾਂ ਨੂੰ ਮੁੱਖ ਰੱਖਦਿਆਂ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਜਾਂ ਹਰੀ ਖਾਦ ਕਰਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਰੀਪਰ ਨਾਲ ਤੂੜੀ ਬਨਾਉਣ ਉਪਰੰਤ 20 ਕਿਲੋੋ ਜੰਤਰ ਦੇ ਬੀਜ ਦਾ ਛੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ ।ਉਨਾਂ ਕਿਹਾ ਕਿ ਹਰੀ ਖਾਦ ਕਰਨ ਨਾਲ ਝੋਨੇ ਦੀ ਫਸਲ ਨੂੰ ਪਾਈ ਜਾਣ ਵਾਲੀ 35% ਰਸਾਇਣਕ ਖਾਦ ਯੂਰੀਆ ਦੀ ਬੱਚਤ ਕਤਿੀ ਜਾ ਸਕਦੀ ਹੈ ਅਤੇ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਵੀ ਹੁੰਦਾ ਹੈ। ਉਨਾਂ ਦੱਸਿਆ ਕਿ ਕਣਕ ਦੇ ਨਾੜ ਦੀ ਤੂੜੀ ਬਣਾਉਣ ਉਪਰੰਤ ,ਖੇਤ ਨੂੰ ਬਗੈਰ ਵਾਹੇ ਡਰਿੱਲ ਨਾਲ ਮੂੰਗੀ ਦੀ ਬਿਜਾਈ ਕਰਕੇ ਬਾਅਦ ਵਿਚ ਪਾਣੀ ਲਗਾਇਆ ਜਾ ਸਕਦਾ ਹੈ ,ਅਜਿਹਾ ਕਰਨ ਨਾਲ ਮੂੰਗੀ ਦੀ ਬਿਜਾਈ ਨੂੰ ਪਿਛੇਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਜਲਿਾ ਫਰੀਦਕੋਟ ਦਾ ਵਾਤਾਵਰਨ ਸੁੱਧ ਰੱਖਣ ਦੇ ਨਾਲ ਨਾਲ ਮਿੱਤਰ ਕੀੜਿਆਂ ਅਤੇ ਪੰਛੀਆਂ ਦੀ ਜਾਨ ਨੂੰ ਬਚਾਇਆ ਜਾ ਸਕੇ।
Leave a Comment
Your email address will not be published. Required fields are marked with *