ਫ਼ਰੀਦਕੋਟ 10 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 07-07-2024 ਨੂੰ ਬੀ.ਪੀ.ਈ.ਓ. ਦਫ਼ਤਰ ਫ਼ਰੀਦਕੋਟ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸਦੇ ਤਹਿਤ ਰੂ-ਬ-ਰੂ, ਕਵੀ ਦਰਬਾਰ, ਗੀਤ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਡਾ. ਮਨਜੀਤ ਭੱਲਾ (ਸੇਵਾ-ਮੁਕਤ ਸਹਾਇਕ ਸਿਵਲ ਸਰਜਨ) ਨੇ ਮੁੱਖ ਮਹਿਮਾਨ ਵਜੋਂ ਅਤੇ ਸ. ਜਸਕਰਨ ਸਿੰਘ (ਬੀ.ਪੀ.ਈ.ਓ. ਫ਼ਰੀਦਕੋਟ-2) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸ਼ਾਨਦਾਰ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ, ਪ੍ਰਧਾਨ ਸ਼ਿਵਨਾਥ ਦਰਦੀ, ਜਨਰਲ ਸਕੱਤਰ ਜਸਵਿੰਦਰ ਜੱਸ ਅਤੇ ਸਮੁੱਚੀ ਟੀਮ ਨੇ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਖ਼ਜਾਨਚੀ ਕਸ਼ਮੀਰ ਮਾਨਾ ਅਤੇ ਬੀਬਾ ਅਰਮਾਨਦੀਪ ਕੌਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ।
ਸਮਾਗਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮਹਿਮਾਨਾਂ, ਸਰੋਤਿਆਂ ਅਤੇ ਪੱਤਰਕਾਰਾਂ ਨੂੰ ‘ਜੀ ਆਇਆਂ’ ਆਖਿਆ। ਇਸ ਮੌਕੇ ਮਾਣਮੱਤੇ ਸ਼ਾਇਰ ਅਤੇ ਉੱਘੇ ਕਵੀ ਕੁਲਵਿੰਦਰ ਵਿਰਕ ਦਾ ਰੂ-ਬ-ਰੂ ਕਰਵਾਇਆ ਗਿਆ, ਜਿਸ ਦੌਰਾਨ ਇਲਾਕੇ ਦੇ ਪ੍ਰਸਿੱਧ ਗ਼ਜ਼ਲਗੋ ਸਿਕੰਦਰ ਚੰਦਭਾਨ ਨੇ ਉਹਨਾਂ ਦੀ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਬਾਰੇ ਸਵਾਲ-ਜਵਾਬ ਪੁੱਛੇ, ਜਿਨ੍ਹਾਂ ਦੇ ਉਹਨਾਂ ਨੇ ਵਿਸਥਾਰ ਵਿੱਚ ਜਵਾਬ ਦਿੱਤੇ ਅਤੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਟੁੰਬਿਆ।
ਸਮਾਗਮ ਦੇ ਦੂਜੇ ਪੜਾਅ ਤਹਿਤ ਸਭਾ ਵੱਲੋਂ ਫ਼ਰੀਦਕੋਟ ਇਲਾਕ਼ੇ ਦੀ ਉੱਭਰਦੀ ਗਾਇਕਾ ਸਰਬਜੀਤ ਕੌਰ ਫ਼ਿਰੋਜ਼ਪੁਰ ਦਾ ਗੀਤ ‘ਦਾਦੇ ਵਾਲੀ ਰਫ਼ਲ’ ਰਿਲੀਜ਼ ਕੀਤਾ ਗਿਆ ਜਿਸਨੂੰ ਸਰਬਜੀਤ ਕੌਰ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਗਾ ਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ।
ਸਮਾਗ਼ਮ ਦੇ ਤੀਜੇ ਪੜਾਅ ਵਿੱਚ ਫ਼ਰੀਦਕੋਟ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਪਹੁੰਚੇ ਕਵੀਆਂ ਦੁਆਰਾ ਕਵੀ ਦਰਬਾਰ ਦੀ ਮਹਿਫ਼ਿਲ ਸਜਾਈ ਗਈ, ਜਿਸ ਵਿੱਚ ਸਭ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਰਾਹੀਂ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਿਆ।
ਅੰਤ ਵਿੱਚ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮਹਿਮਾਨਾਂ, ਸਰੋਤਿਆਂ ਅਤੇ ਪੱਤਰਕਾਰਾਂ ਦਾ ਸਮਾਗਮ ਵਿੱਚ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਭਾ ਦੇ ਸਮੂਹ ਅਹੁਦੇਦਾਰਾਂ ਨਾਲ ਮਿਲ ਕੇ ਸਨਮਾਨਿਤ ਕੀਤਾ। ਉਹਨਾਂ ਦੱਸਿਆ ਕਿ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਭਾ ਦੇ ਮੀਤ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ, ਰਾਜ ਗਿੱਲ ਭਾਣਾ, ਸਕੱਤਰ ਸਰਬਰਿੰਦਰ ਸਿੰਘ ਬੇਦੀ, ਸਹਾਇਕ ਖ਼ਜਾਨਚੀ ਸੁਖਵੀਰ ਸਿੰਘ ਬਾਬਾ, ਵਿੱਤ ਸਕੱਤਰ ਕੇ.ਪੀ. ਸਿੰਘ, ਕਾਨੂੰਨੀ ਸਲਾਹਕਾਰ ਪਰਦੀਪ ਸਿੰਘ, ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਮੌਕੇ ਸਭਾ ਦੇ ਸੀਨੀਅਰ ਮੈਂਬਰਾਂ ਵਿੱਚੋਂ ਮੁਖਤਿਆਰ ਸਿੰਘ ਵੰਗੜ, ਡਾ. ਨਿਰਮਲ ਕੌਸ਼ਿਕ, ਸੁਰਜੀਤ ਸਿੰਘ, ਬਲਵੰਤ ਗੱਖੜ, ਜਸਵੀਰ ਫ਼ੀਰਾ, ਸਿਕੰਦਰ ਚੰਦਭਾਨ, ਸੁਖਜਿੰਦਰ ਮੁਹਾਰ, ਚਰਨਜੀਤ ਸਿੰਘ, ਆਦਿ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ।
ਇਸ ਸਮਾਗਮ ਵਿੱਚ ਉੱਘੇ ਉਸਤਾਦ ਸ਼ਾਇਰ ਜਗੀਰ ਸੱਧਰ, ਬਿੱਕਰ ਸਿੰਘ ਵਿਯੋਗੀ ਤੋਂ ਇਲਾਵਾ ਪ੍ਰੀਤ ਭਗਵਾਨ, ਧਰਮ ਪਰਵਾਨਾ, ਹਰਦੀਪ ਸਿਰਾਜ਼ੀ ਭੋਲੂਵਾਲਾ, ਗੁਰਭੇਜ ਸਿੰਘ, ਹਰਸੰਗੀਤ ਸਿੰਘ ਗਿੱਲ, ਦੇਵ ਵਾਂਦਰ, ਰਾਜਵਿੰਦਰ ਫਿੱਡੇ, ਰਾਜਬੀਰ ਮੱਤਾ, ਗੁਰਤੇਜ ਪੱਖੀ, ਜਗਸੀਰ, ਜਸਕਰਨ ਮੱਤਾ, ਬਰਾੜ ਪ੍ਰਿੰਸ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪੱਤਰਕਾਰ ਸੱਜਣਾਂ ਵਿੱਚੋਂ ਲਖਵਿੰਦਰ ਹਾਲੀ, ਰਾਕੇਸ਼ ਅਰੋੜਾ, ਜਗਸੀਰ ਢਿੱਲੋਂ, ਗੁਰਪ੍ਰੀਤ ਪੱਕਾ ਆਦਿ ਨੇ ਸਮਾਗਮ ਦੀ ਕਵਰੇਜ਼ ਦੁਆਰਾ ਯਾਦਗਾਰੀ ਬਣਾ ਦਿੱਤਾ।