
ਅਰਜਨਟਾਈਨਾ ਦਾ ਲੇਖਕ ਹੋਰਹੇ ਲੁਈਸ ਬੋਰਹੇਸ ਕਹਿੰਦਾ ਹੈ ਕਿ ਮੈਂ ਸਦਾ ਹੀ ਇਹ ਕਲਪਨਾ ਕੀਤੀ ਹੈ ਕਿ ਸਵਰਗ ਜਰੂਰ ਹੀ ਲਾਇਬ੍ਰੇਰੀ ਵਰਗਾ ਹੋਵੇਗਾ । ਜੇ. ਕੇ. ਰਾਓਲਿੰਗ ਨੇ ਵੀ ਇਸੇ ਕਰਕੇ ਹੀ ਕਿਹਾ ਸੀ ਕਿ ਜਦੋ ਕਿਸੇ ਦੁਵਿਧਾ ਚ ਹੋਵੋ ਤਾਂ ਲਾਇਬ੍ਰੇਰੀ ਚਲੇ ਜਾਓ। ਪੁਰਾਣੇ ਸਮਿਆਂ ਵਿਚ ਜਦੋ ਇਕ ਰਾਜਾ ਦੂਜੇ ਰਾਜੇ ਤੇ ਹਮਲਾ ਕਰਦਾ ਸੀ ਤਾਂ ਜਿੱਤਣ ਵਾਲਾ ਰਾਜਾ ਸਭ ਤੋ ਪਹਿਲਾਂ ਹਾਰਨ ਵਾਲੇ ਰਾਜੇ ਦੀ ਲਾਇਬ੍ਰੇਰੀ ਤਬਾਹ ਕਰਦਾ ਸੀ। ਸੋਚਣ ਵਾਲੀ ਗੱਲ ਹੈ ਕੋਈ ਅਜਿਹਾ ਕਿਉਂ ਕਰਦਾ ਹੋਵੇਗਾ ?
ਇਸ ਦੁਨੀਆ ਤੇ ਕਿਤਾਬਾ ਨੇ ਬਹੁਤ ਔਖੇ ਸਮੇਂ ਦੇਖੇ ਹਨ ਅਤੇ ਬਹੁਤ ਸਾਰੀਆ ਕਿਤਾਬਾ ਹੁਣ ਵੀ ਮਾੜੇ ਦੌਰ ਚੋ ਗੁਜ਼ਰ ਰਹੀਆਂ ਹਨ । ਸਦੀਆਂ ਤੋਂ ਹੀ ਲਾਇਬ੍ਰੇਰੀਆ ਨਾਲ ਨਫਰਤ ਕੀਤੀ ਜਾਂਦੀ ਰਹੀ ਹੈ । ਅਜਿਹਾ ਨਹੀਂ ਕਿ ਕਿਤਾਬਾ ਨਾਲ ਪਿਆਰ ਨਹੀਂ ਕੀਤਾ ਗਿਆ । ਕਿਸੇ ਵੀ ਸਮੇ ਕਿਸੇ ਲਾਇਬ੍ਰੇਰੀ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੇ ਸਾਹਿਤ ਪੜਿਆ ਅਤੇ ਉਸ ਨੂੰ ਸਾਂਭੀ ਵੀ ਰੱਖਿਆ ਪਰ ਦੂਜਾ ਸੱਚ ਇਹ ਵੀ ਹੈ ਕਿ ਹਕੂਮਤਾ ਵੱਲੋ ਕਿਤਾਬਾਂ ਅਤੇ ਲਾਇਬ੍ਰੇਰੀਆ ਨੂੰ ਜਲਾਇਆ ਜਾਂਦਾ ਰਿਹਾ ਹੈ ।
213 ਬੀ ਸੀ ਵਿੱਚ ਚੀਨ ਦੇ ਇਕ ਰਾਜੇ ਵੱਲੋ ਕਵਿਤਾ, ਫ਼ਿਲਾਸਫ਼ੀ ਅਤੇ ਇਤਿਹਾਸ ਦੀਆ ਕਿਤਾਬਾ ਨੂੰ ਇਸ ਕਰਕੇ ਅੱਗ ਲੱਗਾ ਦਿੱਤੀ ਗਈ ਤਾਂ ਜੋ ਉਸ ਤੋ ਬਾਅਦ ਵਾਲਾ ਰਾਜਾ ਇਹਨਾ ਕਿਤਾਬਾ ਨੂੰ ਪੜਕੇ ਚੰਗਾ ਰਾਜਾ ਨਾ ਬਣ ਜਾਵੇ । ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਦਾ ਖਤਮ ਹੋ ਜਾਣਾ ਇਕ ਵੱਡਾ ਘਾਟਾ ਹੈ। ਇਸ ਸ਼ਹਿਰ ਨੂੰ ਅਲੈਗਜ਼ੈਂਡਰ ਮਹਾਨ ਨੇ ਵਸਾਇਆ ਸੀ । ਉਸਦੇ ਉੱਤਰਾਧਿਕਾਰੀ ਫਹਿਰੋਹ ਨੇ ਉੱਥੇ ਇਕ ਮਿਊਜ਼ੀਅਮ ਬਣਵਾਇਆ ਜਿਸ ਨੂੰ ਮਿਊਜ ਦੀ ਸੀਟ ਅਤੇ ਅਲੈਗਜ਼ੈਂਡਰੀਆ ਦੀ ਮਹਾਨ ਲਾਇਬ੍ਰੇਰੀ ਕਿਹਾ ਗਿਆ । ਇਸ ਨੂੰ ਅਰਸਤੂ ਦੇ ਸਕੂਲ ਲਾਇਸੀਅਮ ਦੇ ਆਧਾਰ ਤੇ ਬਣਾਇਆ ਗਿਆ ਸੀ। ਅਸੀਰੀਆ (ਅੱਜ ਦੇ ਇਰਾਕ, ਈਰਾਨ, ਕੁਵੈਤ ਅਤੇ ਤੁਰਕੀ) , ਯੂਨਾਨ, ਪਰਸੀਆ, ਮਿਸਰ, ਭਾਰਤ ਅਤੇ ਹੋਰ ਬਹੁਤ ਸਾਰੇ ਮੁਲਕਾਂ ਤੋ ਇਸ ਲਾਇਬ੍ਰੇਰੀ ਲਈ ਪੰਜ ਲੱਖ ਦੇ ਕਰੀਬ ਕਿਤਾਬਾ ਤੇ ਹੋਰ ਦਸਤਾਵੇਜ਼ ਮੰਗਵਾਕੇ ਰੱਖੇ ਗਏ ਸਨ । 100 ਵਿਦਵਾਨ ਉਥੇ ਖੋਜ ਅਤੇ ਪੜਨ-ਲਿਖਣ ਦਾ ਕੰਮ ਕਰਦੇ ਸਨ । ਇਹ ਲਾਇਬ੍ਰੇਰੀ ਏਨੀ ਵੱਡੀ ਸੀ ਕਿ ਇਸਦੀਆ ਕਈ ਬਰਾਂਚਾ ਸਨ। ਕਿਹਾ ਜਾਂਦਾ ਹੈ ਕਿ 43 ਬੀ ਸੀ ਵਿੱਚ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਦੇ ਕਾਫੀ ਵੱਡੇ ਹਿੱਸੇ ਨੂੰ ਜੂਲੀਅਸ ਸੀਜਰ ਵੱਲੋ ਖਤਮ ਕਰ ਦਿੱਤਾ ਗਿਆ। ਐਡਵਰਡ ਗਿਬੋਨ ਨੇ ਆਪਣੀ ਕਿਤਾਬ ‘ਦਾ ਡਿਕਲਾਈਨ ਐਂਡ ਫਾਲ ਆਫ ਦਾ ਰੋਮਨ ਐਮਪਾਇਰ’ ਵਿੱਚ ਕਿਹਾ ਹੈ ਕਿ ਇਸ ਲਾਇਬ੍ਰੇਰੀ ਦੀ ਇਕ ਬ੍ਰਾਂਚ ਨੂੰ ਥਿਓਫਾਲਸ ਨੇ ਕ੍ਰਿਸਚੀਅਨ ਚਰਚ ਬਣਾ ਦਿੱਤਾ ਅਤੇ ਇਸ ਮਹਾਨ ਲਾਇਬ੍ਰੇਰੀ ਦਾ ਇਕ ਵੱਡਾ ਹਿੱਸਾ ਅਤੇ ਬਹੁਤ ਸਾਰੇ ਦਸਤਾਵੇਜ਼ ਤਬਾਹ ਕਰ ਦਿੱਤੇ ਸਨ ।
ਵਿਸ਼ਵ ਯੁੱਧ ਪਹਿਲਾ ਅਤੇ ਦੂਜਾ ਸਮੇਂ ਵੀ ਕਿਤਾਬਾਂ ਅਤੇ ਲਾਇਬ੍ਰੇਰੀਆ ਨੂੰ ਭਾਰੀ ਨੁਕਸਾਨ ਕੀਤਾ ਗਿਆ । 1930 ਦੇ ਦਹਾਕੇ ਦੌਰਾਨ ਹਿਟਲਰ ਵੱਲੋ ਬਹੁਤ ਸਾਰੀਆ ਕਿਤਾਬਾਂ ਨੂੰ ਅੱਗ ਲਗਾ ਦਿੱਤੀ ਗਈ ਜੋ ਉਸਦੀ ਪਾਰਟੀ ਜਾ ਵਿਚਾਰਧਾਰਾ ਦਾ ਵਿਰੋਧ ਕਰਦੀਆਂ ਸਨ । ਜਦੋ ਮਾਓ ਚੀਨ ਵਿਚ ਸੱਤਾ ਚ ਆਇਆ ਤਾਂ ਉਸ ਨੇ ਵੀ ਕਲਚਰਲ ਰੈਵੋਲਿਊਸ਼ਨ ਰਾਹੀ ਬਹੁਤ ਸਾਰੀਆ ਕਿਤਾਬਾ ਨੂੰ ਖ਼ਤਮ ਕਰ ਦਿੱਤਾ ਸੀ। ਥੋੜਾ ਸਮਾ ਪਹਿਲਾਂ ਜਾਫਨਾ ਲਾਇਬ੍ਰੇਰੀ (ਸ੍ਰੀ ਲੰਕਾ) ਜੋ ਤਾਮਿਲ ਇਤਿਹਾਸ ਨਾਲ ਜੁੜੀਆ ਲੱਖਾਂ ਦੁਰਲੱਭ ਕਿਤਾਬਾ ਦਾ ਘਰ ਸੀ ਨੂੰ ਸਿੰਨਹਾਲੇ ਬੋਧੀਆ ਵੱਲੋ ਅੱਗ ਲੱਗਾ ਦਿੱਤੀ ਸੀ। ਜਦੋ 2012 ਵਿੱਚ ਅਲਕਾਇਦਾ ਨੇ ਮਾਲੀ ਤੇ ਹਮਲਾ ਕੀਤਾ ਤਾਂ ਉਸ ਵੇਲੇ ਉਹਨਾਂ ਨੇ ਵੀ ਬਹੁਤ ਸਾਰੀਆ ਕਿਤਾਬਾ ਨੂੰ ਤਬਾਹ ਕਰ ਦਿੱਤਾ ਪਰ ਇਹ ਤਬਾਹੀ ਹੋਰ ਵੱਡੀ ਹੋ ਜਾਣੀ ਸੀ ਜੇਕਰ ਅਬਦੁਲ ਕਾਦਰ ਹੈਦਰਾ ਵਰਗੇ ਲੋਕ ਨਾ ਹੁੰਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾਅ ਉੱਪਰ ਲਾ ਦਿੱਤੀ ਅਤੇ ਤਕਰੀਬਨ 3,50000 ਤੋਂ ਜਿਆਦਾ ਪੁਰਾਣੀਆ ਲਿਖਤਾਂ ਨੂੰ ਬਚਾ ਲਿਆ।
ਜੌਨ ਮਿਲਟਨ ਨੇ ਆਪਣੀ ਇਕ ਕਿਤਾਬ ਜੋ ਮੀਡੀਆ ਤੇ ਰੋਕ ਦਾ ਵਿਰੋਧ ਕਰਦੀ ਹੈ ਵਿਚ ਕਿਹਾ ਹੈ ਕਿ ਜਦੋ ਕੋਈ ਕਿਸੇ ਮਨੁੱਖ ਨੂੰ ਮਾਰਦਾ ਹੈ ਤਾਂ ਉਹ ਇਕ ਤਰਕਸ਼ੀਲ ਜੀਵ ਦਾ ਕਤਲ ਹੁੰਦਾ ਹੈ ਪਰ ਜਦੋ ਕੋਈ ਇਕ ਚੰਗੀ ਕਿਤਾਬ ਨੂੰ ਨਸ਼ਟ ਕਰਦਾ ਹੈ ਤਾਂ ਉਹ ਤਰਕ ਦਾ ਹੀ ਕਤਲ ਕਰ ਦਿੰਦਾ ਹੈ ।
ਹੁਣ ਅਸੀ ਗੱਲ ਕਰਦੇ ਹਾਂ ਕਿ ਪੰਜਾਬ ਵਿਚ ਲਾਇਬ੍ਰੇਰੀਆ ਦੇ ਕੀ ਹਾਲਾਤ ਹਨ । ਪੰਜਾਬੀ ਸਾਹਿਤ ਦਾ ਇਤਿਹਾਸ ਬਹੁਤ ਪੁਰਾਣਾ ਹੈ । 8ਵੀ ਤੇ 9ਵੀ ਸਦੀ ਵਿੱਚ ਯੋਗੀਆਂ ਤੇ ਨਾਥਾਂ ਦਾ ਸਾਹਿਤ ਮਿਲਦਾ ਹੈ ਅਤੇ ਫਿਰ ਸੂਫ਼ੀ ਸਾਹਿਤ ਅਤੇ ਭਗਤਾਂ ਦੁਆਰਾ ਲਿਖੀ ਗਈ ਬਾਣੀ । ਇਸ ਦਾ ਭਾਵ ਕਿ ਪੰਜਾਬ ਦਾ ਸੰਬੰਧ ਪੜਨ ਅਤੇ ਲਿਖਣ ਨਾਲ ਰਿਹਾ ਹੈ ਭਾਵੇਂ ਇੱਥੇ ਹਮਲੇ ਵੀ ਹੁੰਦੇ ਰਹੇ ਅਤੇ ਲੋਕ ਇੱਧਰ ਉਧਰ ਵੀ ਜਾਂਦੇ ਰਹੇ ਪਰ ਫਿਰ ਵੀ ਸਮੇਂ ਸਮੇਂ ਤੇ ਇੱਥੇ ਸਾਹਿਤ ਦੀ ਰਚਨਾ ਹੁੰਦੀ ਰਹੀ ਅਤੇ ਸਾਹਿਤ ਨੂੰ ਪੜਿਆ ਵੀ ਗਿਆ ।
ਹੁਣ ਸਵਾਲ ਇਹ ਵੀ ਹੀ ਜਿਸ ਖੇਤਰ ਦਾ ਆਪਣਾ ਸਾਹਿਤਿਕ ਇਤਿਹਾਸ ਇੰਨਾ ਵਿਸ਼ਾਲ ਹੋਵੇ ਉਥੇ ਬਹੁਤ ਸਾਰੀਆ ਲਾਇਬ੍ਰੇਰੀਆ ਵੀ ਹੋਣਗੀਆ । ਭਾਵੇ ਮੌਜੂਦਾ ਸਰਕਾਰ ਦਾ ਦਾਅਵਾ ਹੈ ਕਿ ਉਹ ਇਸ ਖੇਤਰ ਵਿਚ ਕੰਮ ਕਰ ਰਹੀ ਹੈ ਪਰ ਪੰਜਾਬ ਅਜੇ ਇਸ ਪੱਖੋ ਬਹੁਤ ਪਿੱਛੇ ਹੈ । ਪੰਜਾਬ ਵਿੱਚ ਸਿਰਫ ਇਕ ਸਟੇਟ ਲਾਇਬ੍ਰੇਰੀ ਹੈ ਜੋ ਪਟਿਆਲੇ ਵਿਚ ਹੈ । ਪੰਜਾਬ ਵਿਚ ਕੁੱਲ 23 ਜ਼ਿਲੇ ਹਨ ਪਰ ਜ਼ਿਲਾ ਪੱਧਰ ਤੇ ਲਾਇਬ੍ਰੇਰੀਆ ਸਿਰਫ 15 ਹਨ । ਇਸ ਤੋਂ ਬਿਨਾਂ 104 ਮਿਊਂਸਿਪੀਅਲ ਲਾਇਬ੍ਰੇਰੀਆ ਅਤੇ 1200 ਪੇਂਡੂ ਲਾਇਬ੍ਰੇਰੀਆ ਹਨ । ਭਾਵੇ ਫਰਵਰੀ 2023 ਚ ਪੰਜਾਬ ਸਰਕਾਰ ਵੱਲੋ 28 ਨਵੀਆ ਲਾਇਬ੍ਰੇਰੀਆ ਬਣਾਉਣ ਦੀ ਗੱਲ ਕੀਤੀ ਗਈ ਸੀ ਪਰ ਇਹ ਗਿਣਤੀ ਬਹੁਤ ਘੱਟ ਹੈ ਕਿਉਕਿ ਪੰਜਾਬ ਦੀ ਅਬਾਦੀ 3 ਕਰੋਡ਼ ਦੇ ਲਗਭਗ ਹੈ । 23 ਜ਼ਿਲ੍ਹੇ ਹਨ । 12500 ਤੋਂ ਜਿਆਦਾ ਪਿੰਡ ਹਨ । ਭਾਰਤ ਦੇ ਤਕਰੀਬਨ 19 ਰਾਜਾਂ ਕੋਲ ਆਪਣਾ ਪਬਲਿਕ ਲਾਇਬ੍ਰੇਰੀ ਐਕਟ ਹੈ। ਤਾਮਿਲਨਾਡੂ ਨੇ ਇਹ ਐਕਟ 1948 ਚ ਪਾਸ ਕੀਤਾ ਸੀ ਪਰ ਪੰਜਾਬ ਅਜੇ ਤੱਕ ਇਸ ਮਾਮਲੇ ਚ ਬਹੁਤ ਪਿੱਛੇ ਹੈ ।
ਪੰਜਾਬ ਵਿਚ ਆਈਆ ਹਕੂਮਤਾ ਦੀ ਕਿਤਾਬਾ ਅਤੇ ਲਾਈਬ੍ਰੇਰੀਆ ਨੂੰ ਲੈਕੇ ਜਿਆਦਾ ਸਾਕਾਰਤਮਕ ਸੋਚ ਨਜਰ ਨਹੀਂ ਆਉਂਦੀ ਪਰ ਇਹ ਤੇ ਲਾਇਬ੍ਰੇਰੀਆ ਦਾ ਇਤਿਹਾਸ ਹੀ ਦੱਸਦਾ ਹੈ ਕਿ ਰਾਜਿਆ ਤੋਂ ਲੈਕੇ ਹੁਣ ਦੀਆ ਲੋਕਤੰਤਰੀ ਸਰਕਾਰਾ ਵਿਚ ਚੰਗੀਆ ਕਿਤਾਬਾ ਹਿੱਸੇ ਸੰਘਰਸ਼ ਹੀ ਆਇਆ ਹੈ। ਕਿਤਾਬ ਅਕਲ ਦਾ ਸਾਧਨ ਹੈ, ਪੁਰਾਣੀ ਸਮਝ ਤੋਂ ਨਵੀਂ ਸਮਝ ਬਣਾਈ ਜਾਂਦੀ ਹੈ ਅਤੇ ਨਵੇ ਦੀ ਸਿਰਜਣਾ ਹੁੰਦੀ ਹੈ । ਕਿਤਾਬਾ ਸੁਪਨੇ ਦਿੰਦੀਆ ਹਨ ਅਤੇ ਇਹੀ ਸੁਪਨੇ ਇਕ ਚੰਗੇ ਸਮਾਜ ਦਾ ਆਧਾਰ ਬਣਦੇ ਹਨ । ਚੰਗੀਆ ਕਿਤਾਬਾ ਸੱਚ ਦੀਆ ਪਹਿਰੇਦਾਰ ਹੁੰਦੀਆਂ ਹਨ ਪਰ ਇਹ ਕੰਮ ਸੌਖਾ ਨਹੀਂ ਹੁੰਦਾ ਇਸੇ ਕਰਕੇ ਹੀ ਤਾਂ ਦੁਨੀਆ ਦੇ ਕਿੰਨੇ ਲੇਖਕਾਂ ਨੂੰ ਤਸੀਹੇ ਸਹਿਣੇ ਪਏ, ਬਹੁਤ ਸਾਰੇ ਮਾਰ ਦਿੱਤੇ ਗਏ ਅਤੇ ਬਹੁਤ ਸਾਰੇ ਆਪਣੇ ਮੁਲਕਾਂ ਨੂੰ ਛੱਡ ਹੋਰ ਮੁਲਕਾਂ ਵਿਚ ਚਲੇ ਗਏ । ਇਸ ਕਰਕੇ ਸਾਨੂੰ ਉਹਨਾਂ ਲੋਕਾ ਨੂੰ ਜਰੂਰ ਪੜਨਾ ਚਾਹੀਦਾ ਹੈ ਜਿੰਨਾ ਨੂੰ ਲੇਖਣੀ ਕਰਕੇ ਜੇਲ ਜਾਣਾ ਪਿਆ ਜਾ ਆਪਣੀ ਜਾਨ ਦੇਣੀ ਪਈ ਅਤੇ ਇਸੇ ਕਰਕੇ ਹੀ ਸਾਨੂੰ ਲਾਇਬ੍ਰੇਰੀ ਜਾਣਾ ਚਾਹੀਦਾ ਹੈ । ਸਾਨੂੰ ਆਪਣੇ ਤੋ ਸ਼ਰੂ ਕਰਕੇ ਹੋਰਾਂ ਤੱਕ ਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਵ ਖੁਦ ਪੜ੍ਹਨਾ ਚਾਹੀਦਾ ਹੈ। ਸਕੂਲਾਂ, ਕਾਲਜਾ ਅਤੇ ਅਧਿਆਪਕਾਂ ਦਾ ਰੋਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਇੱਥੋ ਹੀ ਬੱਚਿਆ ਨੂੰ ਕਿਤਾਬਾ ਤੇ ਲਾਇਬ੍ਰੇਰੀਆ ਨਾਲ ਮੁਹੱਬਤ ਕਰਨਾ ਸਿਖਾਇਆ ਜਾ ਸਕਦਾ ਹੈ। ਅਧਿਆਪਕਾਂ ਨੂੰ ਖੁਦ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਦੇਖਕੇ ਵਿਦਿਆਰਥੀ ਇਸ ਪਾਸੇ ਨੂੰ ਮੁੜਨ। ਸਾਨੂੰ ਬਾਬਾ ਸਾਹਿਬ ਅੰਬੇਦਕਰ ਦਾ ਕਿਹਾ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਮੰਦਰ ਬਣਾਉਣਗੇ ਅਤੇ ਅਸੀ ਲਾਈਬ੍ਰੇਰੀਆ ਬਣਾਵਾਗੇ ।
ਗੁਰਵਿੰਦਰ ਬਾਠਾਂ
ਅਸਿਸਟੈਂਟ ਪ੍ਰੋਫੈਸਰ ਯੂਨੀਵਰਸਿਟੀ ਕਾਲਜ ਘਨੌਰ
7529036218