ਮੀਤੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਘਰ ਵਿੱਚ ਸ਼ਭ ਬੜੇ ਖੁਸ਼ ਸਨ। ਮੀਤੀ ਦਾ ਵੀ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਸਹੁਰੇ ਪਰਿਵਾਰ ਤੋਂ ਮਿਲ਼ੇ ਪਿਆਰ ਨੇ ਉਸ ਦੇ ਮਨ ਵਿੱਚ ਸਾਰੇ ਭੁਲੇਖੇ ਦੂਰ ਕਰ ਦਿੱਤੇ ਜੋ ਵਿਆਹ ਤੋਂ ਪਹਿਲਾਂ ਬਣੇ ਸਨ ਕਿ ਬੇਗਾਨੇ ਘਰ ਜਾ ਕੇ ਪਤਾ ਲੱਗੂ। ਸਮਾਂ ਲੰਘਦਾ ਗਿਆ ਮੀਤੀ ਬੜੀ ਖੁਸ਼ ਸੀ। ਪਰ ਹੁਣ ਉਹ ਕਾਫ਼ੀ ਉਦਾਸ ਲੱਗੀ। ਘਰ ਵਿੱਚ ਬੇਸ਼ੱਕ ਕੋਈ ਵੀ ਕਮੀ ਨਹੀਂ ਸੀ।ਪਰ ਔਲਾਦ ਨਾ ਹੋਣ ਦਾ ਦੁੱਖ ਸਤਾਉਣ ਲੱਗਾ ਸੀ।
ਬੱਚੇ ਦੀ ਪ੍ਰਾਪਤੀ ਲਈ ਬੜੇ ਪੀਰ ਫ਼ਕੀਰ ਧਿਆਏ।ਪਰ ਕਿਸੇ ਪਾਸਿਓਂ ਵੀ ਆਸ ਦੀ ਕਿਰਨ ਨਾ ਜਾਗੀ। ਇੱਕ ਦਿਨ ਅਚਾਨਕ ਮੀਤੀ ਨੂੰ ਸਵੇਰੇ ਉੱਠਦਿਆਂ ਹੀ ਵੱਤ ਤੇ ਉਲਟੀਆਂ ਲੱਗ ਗਈਆਂ।ਜਦ ਉਸ ਦੀ ਸੱਸ ਨੇ ਦੇਖਿਆ ਤਾਂ ਉਸ ਨੇ ਮੀਤੀ ਨੂੰ ਸੰਭਾਲਦਿਆਂ ਕਿਹਾ ਸ਼ੁਕਰ ਹੈ ਦਾਤੇ ਦਾ ਤੇਰੀ ਲੱਗਦਾ ਸੁਣ ਲਈ ਧੀਏ।ਪਰ ਮੀਤੀ ਨੂੰ ਹਾਲੇ ਵੀ ਯਕੀਨ ਜਿਹਾ ਨਾ ਹੋਇਆ। ਦਿਨ ਚੜ੍ਹਦੇ ਨਾਲ ਡਾਕਟਰ ਦੇ ਪਹੁੰਚ ਗਏ। ਡਾਕਟਰ ਨੇ ਕੁਝ ਰਿਪੋਰਟਾਂ ਲਿਖੀਆਂ। ਰਿਪੋਰਟ ਆਉਣ ਤੇ ਡਾਕਟਰ ਨੇ ਉਨ੍ਹਾਂ ਨੂੰ ਕਿਹਾ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਮਾਂ ਬਣਨ ਵਾਲੇ ਹੋ। ਮੀਤੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ । ਕੁਝ ਸਮਾਂ ਲੰਘਿਆ ਤਾਂ ਮੀਤੀ ਦੇ ਘਰ ਇੱਕ ਧੀ ਨੇ ਜਨਮ ਲਿਆ। ਮੀਤੀ ਨੇ ਚਿਰਾਂ ਪਿੱਛੋਂ ਬੱਚੇ ਦਾ ਮੂੰਹ ਵੇਖਿਆ ਸੀ ਇਸ ਲਈ ਉਹ ਉਸ ਨੂੰ ਹਮੇਸ਼ਾ ਸੀਨੇ ਨਾਲ਼ ਲਾ ਰੱਖਦੀ। ਨਾਂ ਵੀ ਬੜਾ ਪਿਆਰਾ ਰੱਖਿਆ ਗੁਰਦਿੱਤ ਕੌਰ। ਉਸ ਦਾ ਵਿਸ਼ਵਾਸ ਸੀ ਕਿ ਗੁਰਾਂ ਨੇ ਦਿੱਤੀ ਹੈ। ਗੁਰਦਿੱਤ ਕੌਰ ਦੇ ਘਰ ਪੈਰ ਪਾਉਣ ਨਾਲ ਘਰ ਦਾ ਕਾਇਆ ਹੀ ਪਲਟ ਹੋ ਗਈ।
ਕਾਰੋਬਾਰ ਵਿੱਚ ਵਾਧਾ। ਜਿਵੇਂ ਜਿਵੇਂ ਗੁਰਾਂਦਿੱਤੀ ਵੱਡੀ ਹੋ ਰਹੀ ਸੀ। ਮੀਤੀ ਨੂੰ ਪੁੱਤਰ ਦੀ ਇੱਛਾ ਜਾਗ ਰਹੀ ਸੀ ਕਿ ਐਡੇ ਵੱਡੇ ਕਾਰੋਬਾਰ ਨੂੰ ਸੰਭਾਲਣ ਵਾਲ਼ਾ ਵਾਰਿਸ ਮਿਲ ਜਾਵੇ। ਮੀਤੀ ਕਈ ਵਾਰ ਇਹ ਗੱਲ ਗੁਰਾਂ ਦਿੱਤੀ ਅੱਗੇ ਵੀ ਬੋਲ ਜਾਂਦੀ।ਗੁਰਦਿੱਤੀ ਪੁੱਛਦੀ ਕਿ ਮਾਂ ਮੈਂ ਤੇਰੀ ਵਾਰਿਸ ਨਹੀਂ? ਤਾਂ ਅੱਗੋਂ ਮੀਤੀ ਦਾ ਉਹੀ ਜਵਾਬ ਕਿ ਕੁੜੀਆਂ ਚਿੜੀਆਂ ਦੇ ਕਿਹੜੇ ਘਰ ਧੀਏ ਅੱਜ ਇੱਥੇ ਕੱਲ੍ਹ ਦਾ ਪਤਾ ਨਹੀਂ। ਜੀਵਨ ਸਾਥੀ ਮਾੜਾ ਤਾਂ ਰਾਣੀ ਵੀ ਦਾਸੀ ਜੇ ਜੀਵਨ ਸਾਥੀ ਚੰਗਾ ਤਾਂ ਦਾਸੀ ਵੀ ਪਟਰਾਣੀ। ਧੀਆਂ ਧਿਆਣੀਆਂ ਤੇ ਚਿੜੀਆਂ ਮਰਜਾਣੀਆਂ ਦੀ ਇਹੀ ਕਹਾਣੀਆਂ।
![](https://i0.wp.com/worldpunjabitimes.com/wp-content/uploads/2023/11/IMG_20230131_172136-1.jpg?resize=752%2C1024&ssl=1)
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613
Leave a Comment
Your email address will not be published. Required fields are marked with *