ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਸਰਕਾਰ ਵਲੋਂ ਅੱਜ ਬਜਟ ਪੇਸ਼ ਕਰਨ ਲੱਗਿਆਂ ਦੇਸ਼ ਭਰ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋਂ-ਪਰੋਖੇ ਕਰਕੇ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਬਜਟ ਪੇਸ਼ ਕਰਨ ਵੇਲੇ ਆਈ.ਸੀ.ਡੀ.ਐੱਸ. ਸਕੀਮ ਦਾ ਨਾਮ ਤੱਕ ਨਹੀਂ ਲਿਆ ਗਿਆ, ਜਿਸ ਕਰਕੇ ਦੇਸ਼ ਦੇ 14 ਲੱਖ ਦੇ ਕਰੀਬ ਆਂਗਣਵਾੜੀ ਸੈਂਟਰਾਂ ’ਚ ਕੰਮ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ’ਚ ਸਰਕਾਰ ਪ੍ਰਤੀ ਭਾਰੀ ਨਰਾਜਗੀ ਪਾਈ ਜਾ ਰਹੀ ਹੈ। ਬਜਟ ’ਤੇ ਆਪਣਾ ਪ੍ਰਤੀਕਰਮ ਪੇਸ਼ ਕਰਦਿਆਂ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਈ.ਸੀ.ਡੀ.ਐੱਸ. ਸਕੀਮ ਤਹਿਤ ਆਂਗਣਵਾੜੀ ਸੈਂਟਰਾਂ ਰਾਹੀਂ ਦੇਸ਼ ਦੇ 8 ਕਰੋੜ 40 ਲੱਖ ਦੇ ਕਰੀਬ ਨਿੱਕੇ ਬੱਚੇ ਅਤੇ 1 ਕਰੋੜ 26 ਲੱਖ ਦੇ ਕਰੀਬ ਔਰਤਾਂ ਲਾਭ ਲੈ ਰਹੀਆਂ ਹਨ। ਉਹਨਾਂ ਦੱਸਿਆ ਕਿ ਪਿਛਲੇ 7 ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣਭੱਤੇ ’ਚ ਪੰਜ ਪੈਸਿਆਂ ਦਾ ਵੀ ਵਾਧਾ ਨਹੀਂ ਕੀਤਾ। ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਵਰਕਰ ਨੂੰ 4500 ਰੁਪਏ ਅਤੇ ਹੈਲਪਰ ਨੂੰ 2250 ਰੁਪਏ ਦੇ ਰਹੀ ਹੈ। ਜਿਸ ’ਚੋਂ ਵੀ ਕੇਂਦਰ ਸਰਕਾਰ ਆਪਣਾ ਹਿੱਸਾ 60 ਫੀਸਦੀ ਪਾਉਂਦੀ ਹੈ ਤੇ 40 ਫੀਸਦੀ ਹਿੱਸਾ ਸਟੇਟ ਸਰਕਾਰ ਤੋਂ ਪਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਆਈ.ਸੀ.ਡੀ.ਐੱਸ. ਸਕੀਮ 2 ਅਕਤੂਬਰ 1975 ਨੂੰ ਸ਼ੁਰੂ ਕੀਤੀ ਗਈ ਸੀ ਤੇ 47 ਸਾਲ ਬੀਤ ਜਾਣ ’ਤੇ ਵੀ ਸਮੇਂ ਦੀਆਂ ਸਰਕਾਰਾਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਉਹਨਾਂ ਦਾ ਹੱਕ ਨਹੀਂ ਦਿੱਤਾ। ਉਹਨਾਂ ਕਿਹਾ ਕਿ ਉਹ ਇਸ ਬੱਜਟ ਦੀ ਜੋਰਦਾਰ ਨਿੰਦਾ ਕਰਦੇ ਹਨ।