ਸਰੀ, 27 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਰੀ ਦੇ ਇੱਕ ਹਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜਾ ਦੁੱਖ ਹੈ ਕਿ ਸਿਆਸਤਦਾਨਾਂ ਦੀ ਬੇਕਿਰਕ ਖ਼ੁਦਗ਼ਰਜ਼ੀ ਕਰ ਕੇ ਪੰਜਾਬ ਸਮੱਸਿਆਵਾਂ ਦਾ ਸਮੁੰਦਰ ਬਣ ਚੁੱਕਾ ਹੈ। ਰਾਜਨੀਤਕ ਪਾਰਟੀਆਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀਆਂ ਸਕੀਮਾਂ ਦੀ ਥਾਂ ਸਿਰਫ ਚੋਣਾਂ ਲੜਨ ਤੇ ਜਿੱਤਣ ਦੀਆਂ ਸਕੀਮਾਂ ਹੀ ਬਣਾਉਂਦੀਆਂ ਹਨ। ਉਨ੍ਹਾਂ ਪੰਜਾਬ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਮੇਂ ਨਸ਼ਿਆਂ ਦੀ ਭਰਮਾਰ, ਬੇਰੁਜ਼ਗਾਰੀ, ਡੇਰਾਵਾਦ, ਟ੍ਰਵੈਲ ਏਜੰਟਾਂ ਵੱਲੋਂ ਕੀਤੀ ਜਾ ਰਹੀ ਲੁੱਟ, ਰਿਸ਼ਵਤਖੋਰੀ, ਕਿਸਾਨੀ ਦੇ ਮਸਲੇ, ਬੰਦ ਹੋ ਰਿਹਾ ਛੋਟਾ ਵਿਉਪਾਰ, ਪੰਜਾਬੀ ਬੋਲੀ ਉੱਤੇ ਹੋ ਰਹੇ ਹਮਲੇ, ਮਹਿੰਗੇ ਰੀਤੀ ਰਿਵਾਜਾਂ ਨੇ ਆਰਥਿਕ ਪੱਖੋਂ ਖੋਖਲੇ ਕੀਤੇ ਪੰਜਾਬੀ, ਆਈ.ਏ.ਐਸ ਤੇ ਆਈ.ਪੀ.ਐਸ ਸਮੇਤ ਹੋਰ ਉੱਚ ਅਹੁਦਿਆਂ ਵਿੱਚ ਘਟ ਰਹੀ ਪੰਜਾਬੀਆਂ ਦੀ ਗਿਣਤੀ, ਬੰਦੀ ਸਿੰਘਾਂ ਦੀ ਰਿਹਾਈ ਵਰਗੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪੰਜਾਬ ਦੀਆਂ ਸਿਆਸੀ ਪਾਰਟੀਆਂ ਅਸਲ ਮੁੱਦੇ ਛੱਡ ਕੇ ਮੌਕਾਪ੍ਰਸਤੀ ਦੀ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਕਿਹਾ ਕਿ ਜਦੋਂ ਕੋਈ ਲੀਡਰ ਵਿਦੇਸ਼ ਆਵੇ ਤਾਂ ਉਸ ਦਾ ਗੁਲਦਸਤਿਆਂ ਨਾਲ ਸਵਾਗਤ ਕਰਨ ਦੀ ਥਾਂ ਆਪਣੀਆਂ ਸਮੱਸਿਆਵਾਂ ਦਾ ਪੇਪਰ ਦੇ ਕੇ ਸਵਾਲ ਕਰਨ ਦੀ ਆਦਤ ਪਾਓ।
ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਉੱਪ ਚੇਅਰਮੈਨ ਰਹੇ ਪ੍ਰੋ. ਬਾਵਾ ਸਿੰਘ ਨੇ ਕਿਹਾ ਜਦੋਂ ਤੱਕ ਸ. ਰਾਮੂਵਾਲੀਆ ਵਰਗਾ ਤਜਰਬੇਕਾਰ ਤੇ ਪੜ੍ਹਿਆ ਲਿਖਿਆ ਲੀਡਰ ਪੰਜਾਬ ਦੀ ਵਾਗਡੋਰ ਨਹੀਂ ਫੜ੍ਹਦਾ ਉਦੋਂ ਤੱਕ ਸਮੱਸਿਆਵਾਂ ਨੇ ਪੰਜਾਬ ਦਾ ਖਹਿੜਾ ਨਹੀਂ ਛੱਡਣਾ। ਇਸ ਮੌਕੇ ਚਮਕੌਰ ਸਿੰਘ ਸੇਖੋਂ, ਨਵਦੀਪ ਸਿੰਘ ਗਿੱਲ ਮੰਡੀ ਕਲਾਂ, ਬੀਬੀ ਰੁਪਿੰਦਰ ਕੌਰ ਸਿੱਧੂ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਅੰਗਰੇਜ਼ ਬਰਾੜ, ਦਰਸ਼ਨ ਸੰਘਾ, ਸੁਰਜੀਤ ਮਾਧੋਪੁਰੀ, ਸੁਖਵਿੰਦਰ ਸਿੰਘ ਚੋਹਲਾ ਆਦਿ ਬੁਲਾਰਿਆਂ ਨੇ ਰਾਮੂਵਾਲੀਆ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਇਸ ਇਕੱਠ ਵਿਚ ਸਰਪੰਚ ਭਾਗ ਸਿੰਘ ਦੁੱਨੇ ਕੇ, ਤੇਜਾ ਸਿੰਘ ਸਰਪੰਚ, ਕੌਰ ਸਿੰਘ, ਹਰਮਨ ਰਣਵਿਜੇ, ਕਰਨੈਲ ਸਿੰਘ ਸ਼ੇਰਪੁਰੀ, ਗੀਤਕਾਰ ਜਸਵੀਰ ਗੁਣਾਚੌਰੀਆ, ਹਰਜੀਤ ਗੁੱਡੂ, ਇੰਦਰਜੀਤ ਧਾਲੀਵਾਲ, ਦਲਜੀਤ ਰਾਏ, ਸੁਖਚੈਨ ਬਰਗਾੜੀ, ਹਰਵਿੰਦਰ ਵਿਰਕ, ਹਰਦੀਪ ਗਿੱਲ ਤੇ ਲਾਡੀ ਢਿੱਲਵਾਂ ਸਮੇਤ ਸੈਂਕੜੇ ਲੋਕ ਹਾਜ਼ਰ ਸਨ ।
ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਮੂਵਾਲੀਆ ਪਿਛਲੇ ਚਾਰ ਦਹਾਕਿਆਂ ਤੋਂ ਵਿਦੇਸ਼ੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹੇ ਜਿਸ ਦੇ ਨਤੀਜੇ ਵਜੋਂ ਅਨੇਕਾਂ ਕਿਸਮ ਦੇ ਮਸਲੇ ਹੱਲ ਹੋਏ ਤੇ ਅੱਜ ਵੀ ਪੰਜਾਬੀ ਰਾਮੂਵਾਲੀਆ ਨੂੰ ਆਪਣੇ ਮਸਲਿਆਂ ਦਾ ਪਹਿਰੇਦਾਰ ਮੰਨ ਰਹੇ ਹਨ। ਸਰੀ ਵਿੱਚ ਵੱਖ ਵੱਖ ਸਮਾਗਮਾਂ ਵਿੱਚ ਪੰਜਾਬੀਆਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਬੇਸ਼ੱਕ ਵੱਖ ਵੱਖ ਪਾਰਟੀਆਂ ਦੇ ਪੰਜਾਬੀ ਸਿਆਸਤਦਾਨ ਇਸ ਵਰ੍ਹੇ ਕੈਨੇਡਾ ਆਏ ਪਰ ਲੋਕਾਂ ਦੇ ਵਿਰੋਧ ਦੇ ਡਰੋਂ ਉਹ ਪਬਲਿਕ ਮੀਟਿੰਗਾਂ ਕਰਨ ਤੋਂ ਦੂਰ ਹੀ ਰਹੇ।