ਮਹੀਨਾ ਕੁ ਪਹਿਲਾਂ ਹਰਮੀਤ ਵਿਦਿਆਰਥੀ ਸਾਡੇ ਪਿਆਰੇ ਵੀਰ ਪ੍ਰੋ. ਅਵਤਾਰ ਜੌੜਾ ਦੀਆਂ ਗੱਲਾਂ ਕਰਦਾ ਰਿਹਾ। ਚੰਗਾ ਲੱਗਾ। ਉਹ ਦੂਸਰਿਆਂ ਨੂੰ ਉਸਾਰਨ ਵਾਲਾ ਸੀ। ਉਤਸ਼ਾਹ ਦਾ ਭਰਪੂਰ ਸਾਗਰ।
ਮੈਨੂੰ ਪੰਜਾਬੀ ਸਾਹਿੱਤ sxਅਕਾਡਮੀ ਦਾ 2002 ਵਿੱਚ ਸੀਨੀਅਰ ਮੀਤ ਪ੍ਰਧਾਨ ਬਣਨ ਦਾ ਸੁਪਨਾ ਦੇਣ ਵਾਲਾ ਵੀ ਉਹੀ ਸੀ। ਕਰਨਾਲ ਤੋਂ 1984 ਚ ਲੁਧਿਆਣਾ ਆਏ ਸ਼ਾਇਰ ਹਰਭਜਨ ਸਿੰਘ ਧਰਨਾ ਦੇ ਘਰ ਕਿਸੇ ਖ਼ੁਸ਼ੀ ਦਾ ਸਮਾਗਮ ਸੀ। ਅਵਤਾਰ ਜੌੜਾ, ਕੁਲਦੀਪ ਸਿੰਘ ਬੇਦੀ ਤੇ ਰਾਜਿੰਦਰ ਪਰਦੇਸੀ ਜਲੰਧਰੋਂ ਆਏ ਹੋਏ ਸਨ। ਮੈਨੂੰ ਚੋਣ ਲਈ ਸਮਰਥਨ ਦੀ ਹੁਸ਼ਿਆਰੀ ਦੇ ਗਏ ਤੇ ਨਿਭੇ ਵੀ ਡਟ ਕੇ।
ਕੱਲ੍ਹ ਸਿਰਜਣਾ ਮੈਗਜ਼ੀਨ ਦੀ ਵੈੱਬ ਸਾਈਟ ਵਿੱਚੋਂ 1992 ਦੇ ਇੱਕ ਪਰਚੇ ਵਿੱਚ ਅਵਤਾਰ ਜੌੜਾ ਦਾ ਮੇਰੀ ਕਿਤਾਬ “ਬੋਲ ਮਿੱਟੀ ਦਿਆ ਬਾਵਿਆ” ਦਾ ਰੀਵੀਊ ਲੱਭਿਆ। ਮੈਨੂੰ ਚੰਗਾ ਲੱਗਾ ਤੇ ਉਹ ਮੈਂ ਸੰਭਾਲ ਲਿਆ।
ਤੁਹਾਡੀ ਦਿਲਚਸਪੀ ਲਈ ਮੈਂ ਤੁਹਾਡੇ ਸਨਮੁਖ ਉਹ ਰੀਵੀਊ ਅਰਪ ਰਿਹਾ ਹਾਂ।
ਗੁਰਭਜਨ ਗਿੱਲ
ਬੋਲ ਮਿੱਟੀ ਦਿਆ ਬਾਵਿਆ
‘ਸ਼ੀਸ਼ਾ ਝੂਠ ਬੋਲਦਾ ਹੈ’, ‘ਹਰ ਧੁਖ਼ਦਾ ਪਿੰਡ ਮੇਰਾ ਹੈ’ ਅਤੇ ‘ਸੁਰਖ ਸਮੁੰਦਰ’ ਤੋਂ ਬਾਅਦ ‘ਬੋਲ ਮਿੱਟੀ ਦਿਆ ਬਾਵਿਆ’ (ਪੰਜਾਬੀ ਲੇਖਕ ਸਭਾ, ਲੁਧਿਆਣਾ, ਮੁੱਲ 80 ਰੁਪਏ, ਸਫ਼ੇ 96) ਗੁਰਭਜਨ ਗਿੱਲ ਦਾ ਚੌਥਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀਆਂ ਦੇ ਨਜ਼ਮਾਂ ‘ਬੋਲ ਮਿੱਟੀ ਦਿਆ ਬਾਵਿਆ’ ਅਤੇ ‘ਜੰਗਲ ਦੇ ਵਿਚ ਰਾਤ ਪਈ ਹੈ’ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਮੂਲ-ਭਾਵਾਂ ਨੂੰ ਸਮੋਈ ਬੈਠੀਆਂ ਹਨ। ਬਾਕੀ ਨਜ਼ਮਾਂ, ਗ਼ਜ਼ਲਾਂ, ਗੀਤ ਇਹਨਾਂ ਮੂਲ ਭਾਵਾਂ ਦੀਆਂ ਵੱਖ-ਵੱਖ ਪਰਤਾਂ ਨੂੰ ਅਭਿਵਿਅਕਤੀ ਦੇਂਦੀਆਂ ਹਨ, ਵਿਸ਼ਲੇਸ਼ਿਤ ਕਰਦੀਆਂ ਹਨ। ਸ਼ਾਇਰ ਮਨ ਆਪਣੇ ਪਿਆਰੇ ਪ੍ਰਾਂਤ ਪੰਜਾਬ ਦੀ ਤ੍ਰਾਸਦਿਕ ਸਥਿਤੀ ਪ੍ਰਤੀ ਚਿੰਤਾਤੁਰ ਹੈ, ਉਦਾਸ ਹੈ। ਦਹਿਸ਼ਤਗ੍ਰਸਤ ਵਾਤਾਵਰਣ, ਕਤਲੋਗਾਰਤ ਦੀਆਂ ਨਿੱਤ ਵਾਪਰਦੀਆਂ ਘਟਨਾਵਾਂ ਅਤੇ ਇਸਦੀਆਂ ਪ੍ਰਤੀਕ੍ਰਿਆਵਾਂ ਕਰਕੇ ਸਮਾਜੀ, ਰਾਜਸੀ, ਸਭਿਆਚਾਰਕ, ਨੈਤਿਕ, ਆਰਥਿਕ ਜ਼ਿੰਦਗੀ ਉਲਝੀ ਪਈ ਹੈ। ਬਜ਼ੁਰਗ ਪੀੜ੍ਹੀ ਵਰਤਮਾਨ ਅਤੇ ਅਤੀਤ ਦੇ ਪੰਜਾਬ ਵਿਚਲਾ ਅੰਤਰ ਵੇਖ ਕੇ ਦੁਖੀ ਹੈ, ਨੌਜਵਾਨ ਪੀੜ੍ਹੀ ਦੇ ਖਾਤਮੇ ਦੇ ਯਤਨਾਂ ਪ੍ਰਤੀ ਚਿੰਤਾਤੁਰ ਹੈ। ਨੌਜਵਾਨ ਹੱਕ, ਸੱਚ, ਨਿਆਂ, ਆਜ਼ਾਦੀ-ਪ੍ਰਾਪਤੀ ਲਈ ਫ਼ਿਕਰਮੰਦ ਹਨ। ਭਵਿੱਖ ਵਾਲੀ ਪੀੜ੍ਹੀ ਆਪਣੇ ਧੁੰਧਲਕੇ ਭਰੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹੈ। ਵਰਤਮਾਨ ਵਰਤਾਰੇ, ਸਥਿਤੀ ਨੂੰ ਲੈ ਕੇ ਹਰ ਕੋਈ ਉਲਝਿਆ ਪਿਆ ਹੈ । ਤ੍ਰਾਸਦੀ ਇਹ ਕਿ ਆਪਣੇ ਬੇਗਾਨੇ ਦੀ ਤਮੀਜ਼ ਨਹੀਂ ਰਹੀ:
ਜਿਸ ਰਕਤ-ਨਦੀ ਵਿਚ ਠਿੱਲ ਪਏ ਹਾਂ, ਉਰਵਾਰ ਪਾਰ ਨਾ ਥਾਹ ਲਗਦੀ ਕਿਧਰੋਂ ਦੀ ਵਾਪਸ ਪਰਤਾਂਗੇ, ਹੁਣ ਨ੍ਹੇਰੇ ਵਿਚ ਨਾ ਰਾਹ ਲੱਭਦੀ ਪਿੰਡ ਤੇ ਸ਼ਹਿਰ ਬਣੇ ਨੇ ਜੰਗਲ ਹਥਿਆਰਾਂ ਦਾ ਹੋਵੇ ਦੰਗਲ, ਸੋਚਾਂ ਚਾਰ ਚੁਫੇਰੇ ਸੰਗਲ।
ਇਸ ਸਥਿਤੀ ‘ਚੋਂ ਉਭਰਦੀ ਦਹਿਸ਼ਤ ਲੋਕ-ਮਨਾਂ ਅਤੇ ਲੋਕ-ਮੂੰਹਾਂ ‘ਤੇ ਖਾਮੋਸ਼ੀ ਦਾ ਜੰਦਰਾ ਮਾਰ ਦੇਂਦੀ ਹੈ। ਸਮਾਜੀ ਵਰਤਾਰੇ ਵਿਚ ਇਕ ਸੰਕਟ ਉਭਰਦਾ ਹੈ। ਇਕ ਦੂਜੇ ਕੋਲੋਂ ਆਪਣੇ ਆਪ ਨੂੰ ਬਚਾਉਣ ਦਾ ਕਾਰਨ ਆਪਣੇ ਬੇਗ਼ਾਨੇ ਵਿਚਲੀ ਤਮੀਜ਼ ਦਾ ਨਾ ਰਹਿਣਾ । ਇਸ ਸਦਕਾ ਅਸੁਰੱਖਿਆ ਦਾ ਅਹਿਸਾਸ ਹਰ ਮਨ ਅੰਦਰ ਪਸਰ ਜਾਂਦਾ ਹੈ। ਜੀਵਨ ਜੀਊਣਾ ਇਕ ਰੁਟੀਨ ਬਣ ਕੇ ਰਹਿ ਜਾਂਦਾ ਹੈ, ਜਿਸ ਵਿਚ ਖੁਸ਼ੀ ਖੇੜਾ ਨਹੀਂ, ਮਜਬੂਰੀ, ਬੇਬਸੀ ਹੈ, ਵਿਅਕਤੀ ਜਿਵੇਂ ਆਪਣੇ ਅੰਦਰ ਸਿਮਟ ਗਿਆ ਹੋਵੇ:
ਸਾਡੇ ਪਿੰਡ ਤਾਂ ਚਾਰ ਵਜੇ ਹੀ ਪੈ ਜਾਂਦੀ ਏ ਰਾਤ ਮੀਆਂ ਦਹਿਸ਼ਤ ਵਹਿਸ਼ਤ ਅਕਲੋਂ ਸ਼ਕਲੋਂ ਸਕੀਆਂ ਭੈਣਾਂ ਜਾਪਦੀਆਂ, ਚੰਦਰੀਆਂ ਪੰਜਾਬ ਬਣਾਇਆ ਹੁਣ ਤਾਂ ਦੂਜੀ ਲਾਮ ਜਿਹਾ।
ਇਸ ਜਟਿਲ ਸਥਿਤੀ ਤੋਂ ਮੁਕਤ ਹੋਣ ਦਾ ਰਸਤਾ ਕੋਈ ਨਜ਼ਰ ਆ ਨਹੀਂ ਰਿਹਾ। ਇਸਦੇ ਦੇ ਕਾਰਨ ਸਪਸ਼ਟ ਰੂਪ ਵਿਚ ਸ਼ਾਇਰ ਮੰਨਦਾ ਹੈ। ਇਕ ਹੈ, ਸੱਤਾ-ਧਿਰ ਜੋ ਸਥਾਪਤੀ, ਪ੍ਰਾਪਤੀ ਲਈ ਹਰ ਤਰ੍ਹਾਂ ਦੇ ਦਾਅ-ਪੇਚ ਵਰਤਣ ਨੂੰ ਤਿਆਰ ਹੈ:
ਰਾਜ ਸਿੰਘਾਸਨ ‘ਤੇ ਕਬਜ਼ੇ ਲਈ,
ਇਹ ਕੁਝ ਵੀ ਕਰ ਸਕਦੀਆਂ ਹਨ
ਆਪਣੀਆਂ ਨਹੁੰਦਰਾਂ ਨਾਲ
ਦੇਸ਼ ਦੇ ਨਕਸ਼ੇ ਨੂੰ ਲੀਰੋ ਲੀਰ
ਕਰ ਸਕਦੀਆਂ ਹਨ
ਕੌਮੀ ਝੰਡੇ ਨੂੰ ਤਾਰੇ ਤਾਰ
ਮੁੱਕਦੀ ਗੱਲ,
ਕੁਰਸੀ ਤਕ ਪਹੁੰਚਣ ਲਈ
ਆਪਣੇ ਪੁੱਤਰਾਂ ਧੀਆਂ ਦੀ ਲਾਸ਼ ਨੂੰ ਵੀ ਪੌੜੀ ਬਣਾ ਸਕਦੀਆਂ ਹਨ।
ਦੂਸਰਾ ਕਾਰਨ ਹੈ ਲੋਕ-ਚੁੱਪ। ਸੱਤਾ ਅਤੇ ਖਾੜਕੂ ਧਿਰਾਂ ਦੀ ਦਹਿਸ਼ਤ ਲੋਕ-ਮੂੰਹਾਂ ਨੂੰ ਖਾਮੋਸ਼ ਕਰ ਗਈ। ਲੋਕ ਜੂਝਣ ਦੀ ਥਾਂ ਸਹਿਮ ਗਏ । ਮਾਹੌਲ ਦੇ ਉਲਝਣ ਦਾ ਕਾਰਨ ਇਹ ਵੀ ਸੀ। ਲੋਕ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਸਨ, ਦੂਸਰੇ ਨੂੰ ਨਜ਼ਰ ਅੰਦਾਜ਼ ਕਰਕੇ ਵੀ, ਇੱਕਲੇ ਰਹਿ ਕੇ ਵੀ
ਪਰ ਸਾਨੂੰ ਇਹ ਤਾਂ ਪਤਾ ਹੈ ਕਿ
ਇਹ ਸਾਰਾ ਕੁਝ ਸਾਡੇ
ਚੁੱਪ ਰਹਿਣ ਦੀ ਵਜ੍ਹਾ ਕਰਕੇ
‘ਹੌਲੀ ਬੇਲਣ’ ਕਰਕੇ ਬਦਲਿਆ ਹੈ।
ਇਹਨਾਂ ਦੋਨਾਂ ਕਾਰਨਾਂ ਕਰਕੇ ਹੀ ਮਰਦਾ ਆਦਮੀ ਆਂਕੜੇ ਤੋਂ ਵੱਧ ਕੁਝ ਨਹੀਂ ਬਣਦਾ, ਹਾਂ ਘਰਦਿਆਂ ਲਈ ਗਰਾਂਟ ਹੋ ਸਕਦਾ ਸੀ, ਮਾਰਨ ਵਾਲਿਆਂ ਲਈ ਸ਼ਿਕਾਰ ਜਾਂ ਫਿਰ ਤਰੱਕੀ ਦਾ ਮਾਧਿਅਮ। ਇਸ ਸਥਿਤੀ ਵਿਚਲੀ ਮਾਨਸਿਕਤਾ ਵਿਚ ਮਾਨਵਤਾ ਲਈ ਗੱਲ ਕਰਨ ਵਾਲਾ, ਉਸਦੇ ਬਚਾਉ ਲਈ ਲੜਨ ਵਾਲਾ ਮਿਲਣਾ ਮੁਸ਼ਕਿਲ ਸੀ। ਇਹ ਸਥਿਤੀ ਹੀ ਬੱਚਿਆ ਦਾ ਆਉਣ ਵਾਲੇ ਸਮੇਂ ਵਿਚ ਪ੍ਰਸ਼ਨ ਬਣੇਗੀ:
ਜਦੋਂ ਸਾਡੇ ਖਿਡੌਣਿਆਂ ਦੀ ਥਾਂ ਸਾਡੇ ਹੱਥਾਂ ਵਿਚ ਭੱਖਦੇ ਅੰਗਿਆਰ ਫੜਾਏ ਗਏ ਤੁਸੀਂ ਉਦੋਂ ਕਿੱਥੇ ਸੀ?
ਸ਼ਾਇਰ ਸਿਰਫ਼ ਸਥਿਤੀ ਰੂਪਾਂਤਰਣ ਤਕ ਸੀਮਤ ਨਹੀਂ ਰਹਿੰਦਾ। ਉਸਦਾ ਕਵਿ-ਪ੍ਰਯੋਜਨ ਇਸ ਤੋਂ ਅਗੇਰੇ ਦਾ ਹੈ, ਗੋਲੀ ਦੀ ਥਾਂ ਰੋਟੀ ਦੇਣ ਦੀ ਮੰਗ, ਹੱਕ, ਸੱਚ, ਨਿਆ ਦੀ ਲੋੜ ਤਾਂ ਜੇ ਪੁਰਾਣਾ ਹੱਸਦਾ ਵੱਸਦਾ ਖੇਡਦਾ ਪੰਜਾਬ ਮੁੜ ਵੇਖਣ ਵਿਚ ਆਵੇ:
ਇਸ ਵਗਦੇ ਦਰਿਆ ਦਾ ਪਾਣੀ ਕਦ ਪਰਤੇਗਾ,
ਖੂਨ ਦੀ ਥਾਂ ਜ਼ਿੰਦਗੀ ਦਾ ਹਾਣੀ ਕਦ ਪਰਤੇਗਾ।
ਅਜਿਹੇ ਮਾਹੌਲ ਦੀ ਵਾਪਸੀ, ਦਹਿਸ਼ਤ-ਮੁਕਤੀ ਲਈ ਲਾਜ਼ਮੀ ਹੈ ਲੋਕਾਂ ਦੀ ਚੁੱਪ ਨੂੰ ਤੇੜਨਾ, ਸੱਤਾ-ਧਿਰ ਦੀਆਂ ਚਾਲਾਂ ਨੂੰ ਨੰਗਿਆਂ ਕਰਨਾ । ਸ਼ਾਇਰ ਗਿੱਲ ਸਮਝਦਾ ਹੈ ਕਿ ਇਸ ਲਈ ਲੋਕ-ਚੇਤਨਾ, ਲੋਕ-ਸੰਘਰਸ਼ ਲਾਜ਼ਮੀ ਹੈ। ਇਸ ਲਈ ਹੀ ਤਾਂ ਉਹ ਆਖਦਾ ਹੈ ਕਿ ਹੱਕ, ਇਨਸਾਫ਼ ਲਈ ਸੰਘਰਸ਼ ਛੇੜਨ ਵਾਸਤੇ ਗੂੜ੍ਹੀ ਨੀਂਦ ‘ਚੋਂ ਜਾਗਣਾ ਜ਼ਰੂਰੀ ਹੈ:
ਮੇਰੀ ਚੀਖ਼ ਸੁਣਦਿਓ ਲੋਕੋ ਜਾਗ ਪਵੋ ਹੁਣ ਜਾਗ ਪਵੋ,
ਸੁੱਤਿਆਂ ਸੁੱਤਿਆਂ ਇਹ ਨਾ ਮੁੱਕਣੀ, ਗਮ ਦੀ ਕਾਲ ਰਾਤ ਮੀਆਂ।
ਇਸ ਸਭ ਕੁਝ ਵਿਚ ਕਈ ਵਾਰੀ ਇਕਲਾਪੇ ਦਾ ਅਹਿਸਾਸ ਵੀ ਮਨ ਵਿਚ ਆਉਂਦਾ ਹੈ। ਇਹਨਾਂ ਭਾਵਾਂ ਨੂੰ ਉਸ ਨਜ਼ਮਾਂ, ਗੀਤ, ਗਜ਼ਲ ਵਿਚ ਬਿਆਨਿਆ ਹੈ। ਮੈਨੂੰ ਕਈ ਵਾਰ ਜਾਪਿਐ ਕਿ ਉਹ ਗੀਤਾਤਮਕ ਕਾਵਿ ਲਿਖਦਾ ਵਧੇਰੇ ਪ੍ਰਭਾਵਿਤ ਕਰਦਾ ਹੈ। ਗੀਤ ਇਸ ਦੀਆਂ ਉਦਾਹਰਣਾਂ ਹਨ।
ਕਈ ਵਾਰੀ ਉਸ ਦੀਆਂ ਗ਼ਜ਼ਲਾਂ, ਗ਼ਜ਼ਲ ਬਣਤਰ ਵਿਚ ਹੋਣ ਦੇ ਬਾਵਜੂਦ ਗੀਤ ਜਾਪਦੀਆਂ ਹਨ। ਨਜ਼ਮ ਵਿਚ ਸਥਿਤੀ ਯਥਾਰਥ ਦੇ ਰੂਪਾਂਤਰਣ ਵੇਲੇ ਗੱਲ ਖ਼ਬਰ, ਘਟਨਾ ਦੀ ਸਤਹੀ ਪੱਧਰ ਦੀ ਹੋਣ ਸਦਕਾ ਕਾਵਿ ਵਿਚ ਸਪਾਟਤਾ ਆਉਂਦੀ ਕਾਵਿਕਤਾ ਨੂੰ ਖੰਡਿਤ ਕਰਦੀ ਹੈ। ਸ਼ਾਇਦ ਇਹ ਇਸ ਲਈ ਕਿ ਅਜਿਹਾ ਕਰਦੇ ਸ਼ਾਇਰ ਸਹਿਜਤਾ ਦੀ ਥਾਂ ਸਿਰਜਣਾ ਦੀ ਉਚੇਚ ਅਤੇ ਬਣਾਵਟ ਵਿਚ ਪੈ ਜਾਂਦਾ वै:
‘ਰੋਜ਼ ਗਾਰਡਨ ਬੰਦ ਹੈ,
ਉਥੇ ਪੁਲਸ ਗ਼ਸ਼ਤ ਕਰਦੀ ਹੈ
ਲੋਕਾਂ ਦੀ ਜਾਨ ਬਚਾਉਣ ਲਈ,
ਉਥੇ ਪੱਕੀ ਛਾਉਣੀ ਪਾ ਕੇ ਬੈਠੀ ਹੈ
ਸੱਚ ਅਤੇ ਸੋਚ ਵਾਲਾ ਸ਼ਾਇਰ ਗੁਰਭਜਨ ਗਿੱਲ ਜਦੋਂ ਪੰਜਾਬੀ ਸਭਿਆਚਾਰ, ਪੇਂਡੂ ਵਾਤਾਵਰਣ, ਇਤਿਹਾਸ, ਮਿਥਿਹਾਸ ਵਿਚੋਂ ਪ੍ਰਤੀਕ, ਬਿੰਬ, ਚਿੰਨ੍ਹ ਲੈ ਕੇ ਕਾਵਿ ਨੂੰ ਲੋਕਯਾਨਕ ਛੂਹਾਂ ਦੇਂਦਾ ਹੈ ਤਾਂ ਉਸ ਵਿਚੋਂ ਪੰਜਾਬੀਅਤ, ਪੰਜਾਬ ਦੀ ਮਿੱਟੀ ਦੀ ਮਹਿਕ, ਪੰਜਾਬ ਮੋਹ ਸਹਿਜੇ ਉਜਾਗਰ ਹੁੰਦਾ ਹੈ ਅਤੇ ਜੋ ਕਵਿਤਾ ਨੂੰ ਧਰਤੀ ਤੇ ਲੋਕਾਂ ਨਾਲ ਜੋੜੀ ਰੱਖਦੈ।
[ਅਵਤਾਰ ਜੌੜਾ]
Leave a Comment
Your email address will not be published. Required fields are marked with *