ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵਲੋਂ ਬੀਤੀ 28 ਜੁਲਾਈ ਨੂੰ ਪਿੰਡ ਖਾਰਾ ਵਿਖੇ ਜਿਲਾ ਪ੍ਰਸ਼ਾਸ਼ਨ ਵੱਲੋਂ ਲਾਏ ਗਏ ਸੁਵਿਧਾ ਕੈਂਪ ’ਚ ਸ਼ਿਰਕਤ ਕੀਤੀ ਗਈ ਸੀ। ਕੈਂਪ ਦੌਰਾਨ ਪਿੰਡ ਵਾਸੀਆਂ ਵੱਲੋਂ ਛੱਪੜਾਂ ਦੀਆਂ ਡਰੇਨ ਪਾਈਪਾਂ ਦੇ ਟੁੱਟੇ ਹੋਣ ਦੀ ਕੀਤੀ ਸ਼ਿਕਾਇਤ ਨੂੰ ਤੁਰਤ ਪ੍ਰਭਾਵ ਦੂਰ ਕਰਨ ਦੇ ਦਿੱਤੇ ਹੁਕਮ ’ਤੇ ਕਾਰਵਾਈ ਕਰਦਿਆਂ ਬੀ.ਡੀ.ਪੀ.ਓ. ਦਫਤਰ ਵੱਲੋਂ ਛੱਪੜ ਨੂੰ ਜਾਂਦੀਆਂ ਡਰੇਨ ਪਾਈਪਾਂ ਨੂੰ ਸਾਫ ਕਰਨ ਦਾ ਅਤੇ ਨਵੀਆਂ ਪਾਉਣ ਦਾ ਕੰਮ ਮੁਕੰਮਲ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਬੀ.ਡੀ.ਪੀ.ਓ. ਕੋਟਕਪੂਰਾ ਨੇ ਦੱਸਿਆ ਕਿ ਪਿਛਲੇ ਦਿਨੀਂ 28 ਜੂਨ ਨੂੰ ਪਿੰਡ ਖਾਰਾ ’ਚ ਲਾਏ ਲੋਕ ਸੁਵਿਧਾ ਕੈਂਪ ਵਿੱਚ ਪਿੰਡ ਵਾਸੀਆਂ ਨੇ ਇਹ ਮਾਮਲਾ ਸਪੀਕਰ ਪੰਜਾਬ ਸਭਾ ਦੇ ਧਿਆਨ ’ਚ ਲਿਆਂਦਾ ਸੀ। ਇਸ ਸਬੰਧੀ ਉਨਾਂ ਨਿੱਜੀ ਦਿਲਚਸਪੀ ਲੈ ਕੇ ਇਸ ਕੰਮ ਦੀ ਸ਼ੁਰੂਆਤ ਕਰਵਾ ਕੇ ਇਸ ਨੂੰ ਜਲਦ ਨੇਪਰੇ ਚੜਾਉਣ ਦੇ ਹੁਕਮ ਜਾਰੀ ਕੀਤੇ ਸਨ। ਉਨਾਂ ਦੱਸਿਆ ਕਿ ਕਰੀਬ ਸਵਾ ਕਿਲੋਮੀਟਰ ਲੰਮੀ ਪਾਈਪਲਾਈਨ ਦੀ ਸਫਾਈ ਕਰਵਾਈ ਗਈ ਹੈ ਅਤੇ 8-8 ਫੁੱਟ ਲੰਮੀਆਂ 14 ਨਵੀਆਂ ਪਾਈਪਾਂ ਪਾਈਆਂ ਗਈਆ ਹਨ। ਇਸ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਵਾਲੀ ਮੋਟਰ ਦੀ ਰਿਪੇਅਰ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਇਸ ਸਾਰੇ ਕੰਮ ’ਤੇ 1 ਲੱਖ 15 ਹਜ਼ਾਰ ਰੁਪਏ ਖਰਚ ਆਇਆ ਹੈ ਅਤੇ ਇਹ ਸਾਰਾ ਖਰਚਾ 15ਵੇਂ ਵਿੱਤ ਕਮਿਸ਼ਨ ’ਚੋਂ ਫੰਡ ਲੈ ਕੇ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਹਿਲਾਂ ਛੱਪੜਾਂ ਦਾ ਪਾਣੀ ਸੜਕਾਂ ਅਤੇ ਗਲੀਆਂ ’ਚ ਆ ਜਾਂਦਾ ਸੀ। ਜਿਸ ਕਾਰਨ ਲੋਕਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਖੜੇ ਪਾਣੀ ਕਾਰਨ ਕਈ ਵਾਰ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਲੱਗਿਆ ਰਹਿੰਦਾ ਸੀ। ਹੁਣ ਸਮੱਸਿਆ ਦੇ ਹੱਲ ਹੋ ਜਾਣ ਕਾਰਨ ਬਿਮਾਰੀਆਂ ਦੇ ਫੈਲਣ ਦਾ ਕੋਈ ਡਰ ਨਹੀਂ ਰਿਹਾ। ਪਿੰਡ ਵਾਸੀਆਂ ਨੇ ਸਪੀਕਰ ਸੰਧਵਾਂ ਦਾ ਇਸ ਸਮੱਸਿਆ ਦੇ ਹੱਲ ਲਈ ਧੰਨਵਾਦ ਕੀਤਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵਲੋਂ ਸਮੂਹ ਦਫਤਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਬੇਹੱਦ ਸੰਜੀਦਾ ਹੈ, ਜਿਸ ਦੇ ਚੱਲਦਿਆਂ ਲੋਕ ਮਿਲਣੀ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਉਨਾਂ ਕਿਹਾ ਕਿ ਕਿਸੇ ਵੀ ਪਿੰਡ ਵਾਸੀ ਜਾਂ ਆਮ ਬੰਦੇ ਦੀ ਸ਼ਿਕਾਇਤ ਤੇ ਸਰਕਾਰ ਵਲੋਂ ਫੌਰੀ ਕਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਹੁਣ ਤੱਕ ਜਿਲੇ ’ਚ ਵੱਖ-ਵੱਖ ਪਿੰਡਾਂ ਵਿੱਚ 11 ਸੁਵਿਧਾ ਕੈਂਪ ਲਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਕੈਂਪ ਜਾਰੀ ਰਹਿਣਗੇ। ਉਨਾਂ ਕਿਹਾ ਸਰਕਾਰ ਦਾ ਮਕਸਦ ਹੈ ਕਿ ਆਮ ਲੋਕਾਂ ਦੀ ਆਪਣੇ ਸਰਕਾਰੀ ਕੰਮ ਨੂੰ ਕਰਵਾਉਣ ’ਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨਾਂ ਦੀ ਖੱਜਲ ਖੁਆਰੀ ਰੋਕੀ ਜਾ ਸਕੇ। ਉਨਾਂ ਕਿਹਾ ਕਿ ਲੋਕ ਆਪਣੀਆਂ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਲਈ ਸਮੇਂ-ਸਮੇਂ ’ਤੇ ਲਾਏ ਜਾਂਦੇ ਸੁਵਿਧਾ ਕੈਂਪਾਂ ’ਚ ਆ ਸਕਦੇ ਹਨ।