
ਤ੍ਰਿਲੋਕ ਸਿੰਘ ਢਿੱਲੋਂ ਇੱਕੋ ਸਮੇਂ ਕਵੀ, ਨਾਟਕਕਾਰ, ਕਹਾਣੀਕਾਰ, ਵਿਅੰਗਕਾਰ ਅਤੇ ਲੇਖਕ ਹੈ। ਉਹਦੀਆਂ ਹੁਣ ਤੱਕ 9 ਮੌਲਿਕ ਕਿਤਾਬਾਂ ਛਪ ਚੁੱਕੀਆਂ ਹਨ। ਉਹਦਾ ਬਚਪਨ ਤੰਗੀਆਂ-ਤੁਰਸ਼ੀਆਂ ਵਿੱਚ ਬੀਤਿਆ। ਛੋਟੇ ਹੁੰਦਿਆਂ ਹੀ ਮਾਤਾ-ਪਿਤਾ ਗੁਜ਼ਰ ਗਏ। ਤਿੰਨ ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੇ ਤ੍ਰਿਲੋਕ ਨੇ ਕੁਝ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਲਰਕੀ ਕਰਨ ਪਿੱਛੋਂ ਸਟੇਟ ਬੈਂਕ ਆਫ਼ ਪਟਿਆਲਾ (ਹੁਣ ਇੰਡੀਆ) ਵਿੱਚ ਨੌਕਰੀ ਕੀਤੀ ਅਤੇ ਉੱਚ ਅਧਿਕਾਰੀ ਵਜੋਂ ਸੇਵਾਮੁਕਤ ਹੋਇਆ। ‘ਪੰਜਾਬੀ ਦੇ ਮਿਲਟਨ’ ਵਜੋਂ ਜਾਣੇ ਜਾਂਦੇ ਪ੍ਰੋ. ਕ੍ਰਿਪਾਲ ਸਿੰਘ ਕਸੇਲ (1928-2019) ਉਹਦੇ ਚਾਚਾ ਜੀ ਸਨ, ਜਿਨ੍ਹਾਂ ਨੇ ਉਹਨੂੰ ਸਾਹਿਤ ਰਚਨਾ ਵੱਲ ਪ੍ਰੇਰਿਤ ਕੀਤਾ ਤੇ ਆਪਣੀ ਪੁਸਤਕ ‘ਮਿੱਤਰ ਅਸਾਡੜੇ ਸੇਈ’ ਵਿੱਚ ਉਸਦੀ ਕਾਬਲੀਅਤ ਅਤੇ ਸਮਰੱਥਾ ਦੀ ਜਾਣਕਾਰੀ ਦਿੱਤੀ। ਤ੍ਰਿਲੋਕ ਸਿੰਘ ਢਿੱਲੋਂ ਦੀਆਂ ਕੁਝ ਰਚਨਾਵਾਂ ਸਾਂਝੇ ਸੰਗ੍ਰਹਿਆਂ ਵਿੱਚ ਵੀ ਛਪ ਚੁੱਕੀਆਂ ਹਨ। ਅੱਜਕੱਲ੍ਹ ਪਟਿਆਲੇ ਦੀ ਪ੍ਰੋਫ਼ੈਸਰ ਕਾਲੋਨੀ ਵਿੱਚ ਰਹਿ ਰਹੇ ਤ੍ਰਿਲੋਕ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਵਾਟ ਹਯਾਤੀ ਦੀ’ ਵਿੱਚ 72 ਗ਼ਜ਼ਲਾਂ ਹਨ, ਜਿਸ ਵਿੱਚ ਧਰਮ, ਰਾਜਨੀਤੀ, ਸਮਾਜ ਅਤੇ ਨੈਤਿਕਤਾ ਉੱਤੇ ਵਧੀਆ ਸ਼ੇਅਰ ਕਹੇ ਗਏ ਹਨ। ਸਾਰੀਆਂ ਗ਼ਜ਼ਲਾਂ ਦੇ 7-7 ਸ਼ੇਅਰ ਹਨ। ਸ਼ਬਦਾਂਜਲੀ ਪਬਲੀਕੇਸ਼ਨ ਪਟਿਆਲਾ ਵੱਲੋਂ ਪ੍ਰਕਾਸ਼ਿਤ 96 ਪੰਨਿਆਂ ਦੀ 200/- ਰੁਪਏ ਕੀਮਤ ਵਾਲੀ ਇਸ ਕਿਤਾਬ ਵਿੱਚੋਂ ਪੇਸ਼ ਹਨ ਕੁਝ ਚੋਣਵੇਂ ਸ਼ੇਅਰ :
ਜਿਸਮ ਦੀ ਪ੍ਰਦਰਸ਼ਨੀ ਤਹਿਜ਼ੀਬ ਹੀ ਹੁਣ ਬਣ ਗਈ
ਭੋਗ ਦੀ ਵਸਤੂ ਹੀ ਕੇਵਲ ਇਸਤਰੀ ਹੋਈ ਹੈ ਕਿਉਂ?
(23)
ਹਰ ਪਲ ਜ਼ਹਿਰ-ਪਿਆਲਾ ਪੀਤਾ ਮੈਂ ਯਾਰੋ
ਹਰ ਛਿਣ ਮੋਢੇ ਸੂਲ਼ੀ ਅਪਣੀ ਢੋਈ ਹੈ
(28)
ਸ਼ਬਦ ਮੇਰੀ ਢਾਲ਼ ਤੇ ਤਲਵਾਰ ਵਰਗੀ ਹੈ ਕਲਮ
ਤੀਰ ਭੱਥੇ ਵਿੱਚ ਸਜਾ ਕੇ ਮੈਂ ਨਹੀਂ ਤੁਰਿਆ ਕਦੇ।
(30)
ਕਿਸੇ ਦੇ ਜਿਸਮ ‘ਚੋਂ ਮੁੱਕਿਆ, ਕਿਸੇ ਦੀ ਅੱਖ ‘ਚੋਂ ਸੁੱਕਿਆ
ਮਗਰ ਅਫ਼ਸੋਸ! ਕਿ ਮੁੱਕਣ ‘ਤੇ ਹੈ ਪਾਤਾਲ਼ ਦਾ ਪਾਣੀ
(40)
ਖ਼ੁਦਾ ਦੇ ਨਾਮ ਕਰ ਦੇਣਾ ਗ਼ਜ਼ਲ ਦਾ ਇੱਕ ਸ਼ਿਅਰ ਹੀ ਤੂੰ
ਕਿ ਛੇ-ਸੱਤ ਤੂਤੀਆਂ ਵਿੱਚ ਇੱਕ ਨਗਾਰਾ ਬਹੁਤ ਹੁੰਦਾ ਹੈ
(45)
ਨਦੀ ਹਾਂ ਮੈਂ, ਸਫ਼ਰ ਵਿੱਚ ਹਾਂ, ਉਡੀਕੇ ਹੈ ਕੋਈ ਦਰਿਆ
ਨ ਮੈਨੂੰ ਰੋਕ ਮਾਰੂਥਲ! ਨਿਰੰਤਰ ਵਹਿਣ ਦੇ ਮੈਨੂੰ
(56)
ਦੌਲਤਾਂ ਖ਼ਾਤਿਰ ਗਏ ਨੇ ਜੋ ਵਿਦੇਸ਼ਾਂ ਨੂੰ
ਜਨਮ-ਭੂਮੀ ਕਿਹੜੇ ਮੂੰਹ ਉਹ ਆਉਣਗੇ,ਆਖ਼ਿਰ
(64)
ਹਜ਼ਾਰਾਂ ਮੀਲ ਲੰਮੀ ਹੈ ਕਥਾ ਮੇਰੇ ਸੰਘਰਸ਼ਾਂ ਦੀ, ਮਿਰੇ ਹਮਦਮ
ਮੈਂ ਇੱਕੋ ਉਮਰ ਵਿੱਚ ਤੈਨੂੰ ਕਿਵੇਂ ਸਭ ਕੁਝ ਸੁਣਾਵਾਂ,ਦੱਸ ਤੂੰ ਮੈਨੂੰ
(67)
ਇਰਾਦਾ ਠੋਸ ਜੇ ਹੋਵੇ ਅੰਬਰੀਂ ਛੇਕ ਹੋ ਸਕਦੈ
ਇਰਾਦੇ ਵਾਲੇ ਕਢਦੇ ਨੇ ਗੁਫ਼ਾਵਾਂ ਪਰਬਤਾਂ ਵਿੱਚ ਹੀ
(74)
ਅਸੀਂ ਰੁੱਖਾਂ ਦੇ ਕਤਲੇਆਮ ਦਾ ਸਿੱਟਾ ਭੁਗਤਦੇ ਹਾਂ
ਹੜ੍ਹਾਂ ਦੀ ਮਾਰ ਹੈ ਕਿਧਰੇ, ਕਿਤੇ ਰੁੱਸ ਕੇ ਗਈ ਬਾਰਿਸ਼
(76)

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.