ਵਾਧੂ ਸ਼ਬਦਾਂ ਵਾਲੀ ਫਿਰ ਭਰਮਾਰ ਨਾ ਹੋਏ ਮਹਿਫ਼ਿਲ ਵਿਚ।
ਸਮਝਣ ਸਭ, ਸਮਝੋਂ ਬਾਹਰ ਵਿਚਾਰ ਨਾ ਹੋਏ ਮਹਿਫ਼ਲ ਵਿਚ।
ਮਾਰਨ ਵਾਲੀ ਸ਼ਕਤੀ ਹੋਵੇ ਸਾਰੇ ਮਾੜੇ ਅੰਸ਼ਾਂ ਨੂੰ,
ਅਰਥਾਂ ਦੀ ਪਰਿਭਾਸ਼ਾ ਵਿਚ ਤਲਵਾਰ ਨਾ ਹੋਏ ਮਹਿਫ਼ਿਲ ਵਿਚ।
ਸ਼ੁੱਭ ਅਸੀਸਾਂ ਦੀ ਖ਼ੁਸ਼ਹਾਲੀ ਬੰਦਨਵਾਰ ਸਜਾਂਦੀ ਰਏ,
ਬਦ ਅਸੀਸਾਂ ਵਾਲੀ ਕੋਈ ਮਾਰ ਨਾ ਹੋਵੇ ਮਹਿਫ਼ਿਲ ਵਿਚ।
ਦੁਸ਼ਮਣ ਹੋਵਣ ਐਪਰ ਦੁਸ਼ਮਣ ਰਾਹ ਦੁਸੇਰਾ ਹੋਵੇ ਪਰ,
ਏਦਾਂ ਵੀ ਨਾ ਹੋਵੇ ਕਿ ਕੋਈ ਯਾਰ ਨਾ ਹੋਏ ਮਹਿਫ਼ਿਲ ਵਿਚ।
ਫਿਰ ਵੀ ਇੱਕ ਮਜ਼ੇ ਨੂੰ ਅਪਣੀ ਅਸਲੀ ਮੰਜ਼ਿਲ ਮਿਲਦੀ ਨਈਂ,
ਸਾਕੀ ਵਰਗਾ ਸੱਚਾ ਜੇ ਕਿਰਦਾਰ ਨਾ ਹੋਵੇ ਮਹਿਫ਼ਿਲ ਵਿਚ।
ਕੌਣ ਸਮੇਂ ਨੂੰ ਧੱਕਾ ਦੇ ਕੇ ਖੇਚਲ ਕਰਕੇ ਆਵੇਗਾ,
ਦਿਲ ਨੂੰ ਛੂਹਣ ਵਾਲਾ ਜੇ ਇਕਰਾਰ ਨਾ ਹੋਏ ਮਹਿਫ਼ਿਲ ਵਿਚ।
ਜੰਨਤ ਕਿਧਰੇ ਉਪਰ ਨਈਂ ਏਂ, ਜੰਨਤ ਏਥੇ ਵਸਦੀ ਹੈ,
ਖਿੱਚ ਨਈਂ ਰਖਦਾ ਕੋਈ ਜੇਕਰ ਪਿਆਰ ਨਾ ਹੋਏ ਮਹਿਫ਼ਿਲ ਵਿਚ।
ਸਾਕੀ ਏਥੇ ਕਿਸ ਨੇ ਆਉਣਾ ਕਿਉਂ ਆਵੇਗਾ ਸੋਚ ਜਰਾ,
ਛੋਟੇ ਵੱਡੇ ਬੰਦੇ ਦਾ ਸਤਿਕਾਰ ਨਾ ਹੋਏ ਮਹਿਫ਼ਿਲ ਵਿਚ।
ਉਥੇ ਰਾਤ ਦਿਨੇ ਹੀ ਆਪਣੇ ਉਲੂ ਵਾਸਾ ਕਰ ਲੈਂਦੇ,
ਯਾਰਾਂ ਵਾਲੀ ਸਾਂਝੀ ਸੋਚ ਵਿਚਾਰ ਨਾ ਹੋਏ ਮਹਿਫ਼ਿਲ ਵਿਚ।
ਉਨਤੀ ਦੇ ਦਰਵਾਜ਼ੇ ਉਥੇ ਖੁੱਲ੍ਹ ਨਈਂ ਸਕਦੇ ਹਰਗਿਜ਼ ਹੀ,
ਸਭਿਆਚਾਰ ਨਾ ਹੋਏ, ਸ਼ਿਸ਼ਟਾਚਾਰ ਨਾ ਹੋਏ ਮਹਿਫ਼ਿਲ ਵਿਚ।
ਕੀ ਕਰਨੀ ਏ ਸੁੱਖ-ਸਹੂਲਤ ਕੀ ਕਰਨੇ ਨੇ ਵਾਅਦੇ,
ਜੇਕਰ ਅਪਣੇ ਯਾਰਾਂ ਦਾ ਦੀਦਾਰ ਨਾ ਹੋਏ ਮਹਿਫ਼ਿਲ ਵਿਚ।
ਉਥੇ ਜੀਣਾ ਵੀਂ ਕੀ ਜੀਣਾ, ਕੀ ਪੀਣਾ, ਕੀ ਖ਼ਾਣਾ ਏਂ,
ਦੁਨੀਆਂ ਨਾਲੋਂ ਵਖਰਾ ਜੇ ਸੰਸਾਰ ਨਾ ਹੋਏ ਮਹਿਫ਼ਿਲ ਵਿਚ।
ਜਾਮ ਸੁਰਾਹੀ ਖਾਲੀ-ਖਾਲੀ, ਖਾਲੀ-ਖਾਲੀ ਹੁੰਦੇ ਸਭ,
ਨੈਣਾਂ ਦੇ ਵਿਚ ਕਜਲੇ ਦੀ ਜੇ ਧਾਰ ਹੋਏ ਮਹਿਫ਼ਿਲ ਵਿਚ।
ਧਰਤੀ ਅੰਬਰ ਸਾਰਾ ਮੌਸਮ ਕੁਝ ਵੀ ਚੰਗਾ ਲਗਦਾ ਨਈਂ,
ਲੱਖਾਂ ਲੋਕਾਂ ਦੇ ਵਿਚ ਜੇ ਦਿਲਦਾਰ ਨਾ ਹੋਏ ਮਹਿਫ਼ਿਲ ਵਿਚ।
ਗ਼ਜ਼ਲਾਂ ਵਾਲੀ ਸ਼ਾਮ-ਸੁਹਾਣੀਂ ਸੰਗੀਤ ਇਲਾਹੀ ਹੋਵੇ,
ਹੋ ਨਈਂ ਸਕਦਾ ਬਾਲਮ ਦਾ ਪਰਿਵਾਰ ਨਾ ਹੋਏ ਮਹਿਫ਼ਿਲ ਵਿਚ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸੁਰ ਪੰਜਾਬ
ਮੋ. 98156-25409