ਲੁਧਿਆਣਾ 11 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸਰੀ(ਕੈਨੇਡਾ)ਵਿਖੇ ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਦੀ ਕਰੀਬ 900 ਗਜ਼ਲਾਂ ਦੀ ਪੁਸਤਕ ‘ਅੱਖਰ ਅੱਖਰ’ ਰੇਡੀਉ ਇੰਡੀਆ ਦੇ ਸੰਚਾਲਕ ਮਨਿੰਦਰ ਗਿੱਲ ਨੂੰ ਸਮਰਜੀਤ ਮਾਧੋਪੁਰੀ ਤੇ ਲੋਕ ਗਾਇਕ ਬਿੱਟੂ ਖੰਨੇਵਾਲਾ ਨੇ ਬੀਤੀ ਸ਼ਾਮ ਭੇਂਟ ਕੀਤੀ। ਇਸ ਪੁਸਤਕ ਵਿਚ ਪਿਛਲੇ 50 ਸਾਲਾਂ ਵਿਚ ਗੁਰਭਜਨ ਗਿੱਲ ਦੇ ਛਪੇ 8 ਗਜ਼ਲ ਸੰਗ੍ਰਿਹਾਂ ਦੀਆਂ ਸਮੂਹ ਗਜ਼ਲਾਂ ਸ਼ਾਮਲ ਕੀਤੀਆਂ ਗਈਆਂ ਹਨ।
ਸੁਰਜੀਤ ਮਾਧੋਪੁਰੀ ਨੇ ਦੱਸਿਆ ਕਿ ਮੇਰੇ ਪੰਜਾਹ ਸਾਲ ਪੁਰਾਣੇ ਮਿੱਤਰ ਗੁਰਭਜਨ ਗਿੱਲ ਨੇ 472 ਸਫਿਆਂ ਦੀ ਇਹ ਪੁਸਤਕ ਆਪਣੀ ਵਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ ਵੜੈਚ,ਜਿਸ ਨੇ ‘ਸਾਡੇ ਪਿੰਡ ਬਸੰਤ ਕੋਟ ਵਿਚ ਬੀਬੀ ਜੀ ਦੇ ਚੁਲ੍ਹੇ ਅੱਗੇ ਸੁਆਹ ਵਿਛਾ ਕੇ ਪਹਿਲੀ ਵਾਰ ‘ਊੜਾ’ ਲਿਖ ਕੇ’ ਦਿਤਾ ‘ਤੋਂ ਲੈ ਕੇ ਮੇਰੀਆਂ ਲਿਖਤਾਂ ਦੀ ਵਰਤਮਾਨ ਪ੍ਰੇਰਨਾ ਸਾਡੀ ਪੋਤਰੀ ਅਸੀਸ ਕੌਰ ਗਿੱਲ ਦੇ ਨਾਮ’ ਕੀਤੀ ਹੈ।
ਬਿੱਟੂ ਖੰਨੇ ਵਾਲਾ ਨੇ ਕਿਹਾ ਕਿ ਕਈ ਅਵਾਰਡਾਂ ਨਾਲ ਸਨਮਾਨਤ ਪ੍ਰੋ. ਗਿੱਲ ਮੇਰੇ ਵੱਡੇ ਭਾ ਜੀ ਹਨ ਜਿੰਨ੍ਹਾਂ ਨੇ ਇਸ ਪੁਸਤਕ ਵਿਚ 1973-2023 ਦਰਮਿਆਨ ਲਿਖੀਆਂ ਗਜ਼ਲਾਂ ਦੇ ‘ਅੱਖਰ ਅੱਖਰ’ ਪਾਠਕਾਂ ਅਗੇ ਪਰੋਸੇ ਹਨ।
ਮਨਿੰਦਰ ਗਿੱਲ ਨੇ ਇਸ ਕੀਮਤੀ ਤੋਹਫ਼ੇ ਲਈ ਸਭ ਮਿੱਤਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੇਡੀਓ ਇੰਡੀਆ ਇਸ ਪੁਸਤਕ ਨੂੰ ਸਰੋਤਿਆਂ ਨਾਲ ਵੱਖ ਵੱਖ ਸਮੇਂ ਜ਼ਰੂਰ ਸਾਂਝਾ ਕਰੇਗਾ। ਇਸ ਮੌਕੇ ਡਾ. ਬਲਜਿੰਦਰ ਸਿੰਘ ਚੀਮਾ ਤੇ ਬਲਦੇਵ ਸਿੰਘ ਭੰਮ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *