ਦਮਦਮਾ ਸਾਹਿਬ, ਜੋ ਕਿ ਇਤਿਹਾਸਕ ਕਸਬੇ ਤਲਵੰਡੀ ਸਾਬੋ ਦਾ ਹੀ ਦੂਜਾ ਨਾਂ ਹੈ, ਅਧਿਆਤਮਕ, ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਮਹੱਤਤਾ ਦਾ ਧਾਰਨੀ ਹੈ। ਇਸ ਨੂੰ ‘ਗੁਰੂ ਕੀ ਕਾਸ਼ੀ’ ਵਜੋਂ ਵੀ ਜਾਣਿਆ ਜਾਂਦਾ ਹੈ। ਸਿੱਖ ਪੰਥ ਦੇ ਚੌਥੇ ਤਖ਼ਤ ਵਜੋਂ ਮਾਨਤਾ ਪ੍ਰਾਪਤ ਇਸ ਧਰਮੱਗ ਧਰਤੀ ਤੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨ ਪਾਏ।
‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਵਿੱਚ ਅੰਕਿਤ ਹੈ ਕਿ ਇੱਕ ਵਾਰ ਸੰਗਤਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ, “ਹਜ਼ੂਰ, ਆਪਨੇ ਪਹਿਲੇ ਸਤਿਗੁਰਾਂ ਵਾਂਗ ਗੁਰਬਾਣੀ ਦਾ ਉਚਾਰਨ ਕਿਉਂ ਨਹੀਂ ਕੀਤਾ?” ਤਾਂ ਗੁਰੂਦੇਵ ਨੇ ਅੰਤਰ- ਧਿਆਨ ਹੋ ਕੇ ਫ਼ਰਮਾਇਆ, “ਅਸੀਂ ਦਸਵੇਂ ਜਾਮੇ ਵਿੱਚ ਤਲਵੰਡੀ ਸਾਬੋ ਵਿਖੇ ਸ੍ਰੀ ਦਮਦਮਾ ਸਾਹਿਬ ਪ੍ਰਗਟ ਕਰਕੇ ‘ਗੁਰੂ ਕੀ ਕਾਸ਼ੀ’ ਦੀ ਸਥਾਪਨਾ ਕਰਾਂਗੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕ ਬੀੜ ਲਿਖਾਂਗੇ:
ਸੁਣ ਕੇ ਹਮ ਤਾਹਿ ਕੇ ਬੈਨਨ ਕੋ,
ਦਮਦਮਾ ਸੁ ਮਾਲਵੇ ਬੀਚ ਸੁਧਾਰੋ।
ਢਿਗ ਤਾਹਿ ਤਲਵੰਡੀ ਕੇ ਕਾਸ਼ੀ ਰਚੋਂ
ਜਹਿ ਬੈਲ ਪਢੇ ਹੋਏ ਬੁਧ ਉਦਾਰੋ।
ਗ੍ਰੰਥ ਉਚਾਰ ਕਰੋਂ ਤਹਾਂ ਬੈਠ ਕੇ,
ਬੀੜ ਸੋਊ ਜਗ ਮਾਹਿ ਬਿਥਾਰੋ।
ਅਖਰ ਏਕ ਕਾ ਭੇਦ ਧਰੋ ਨਹਿ,
ਮਮ ਦਾਸ ਗੁਰੂ ਸਮਰਥ ਬਿਚਾਰੋ।
ਜਗਤ-ਗੁਰੂ ਬਾਬਾ ਨਾਨਕ ਪਹਿਲੀ ਉਦਾਸੀ ਸਮੇਂ 1515 ਈ. ਵਿਚ ਸਿਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਥੇ ਬਿਰਾਜੇ ਸਨ; 159 ਸਾਲ ਪਿੱਛੋਂ 1674 ਈ. ਵਿੱਚ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਗੁਰੂਸਰ ਸਰੋਵਰ ਦਾ ਟੱਕ ਲਾਇਆ ਅਤੇ ਪੰਜ ਦੁਸ਼ਾਲੇ ਮਿੱਟੀ ਦੇ ਭਰ ਕੇ ਕੱਢੇ; 31 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 1705 ਈ. ਵਿੱਚ ਜੰਗਾਂ- ਯੁੱਧਾਂ ਪਿੱਛੋਂ ਇਸ ਅਸਥਾਨ ਤੇ ਇੱਕ ਉੱਚੀ ਥੇੜੀ ਤੇ ਆ ਕੇ ਦਮ ਲਿਆ ਅਤੇ ਕਮਰ ਕੱਸਾ ਖੋਲ੍ਹਿਆ। ਇਸ ਅਸਥਾਨ ਤੋਂ ਸਿੱਖ ਸੰਗਤਾਂ ਦੇ ਨਾਂ ਹੁਕਮਨਾਮੇ ਜਾਰੀ ਕੀਤੇ ਅਤੇ 1706 ਈ. ਦੀ ਵਿਸਾਖੀ ਤੇ ਕਰੀਬ ਸਵਾ ਲੱਖ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ।
ਇਸ ਇਲਾਕੇ ਦਾ ਚੌਧਰੀ ਉਨ੍ਹੀਂ ਦਿਨੀਂ ਭਾਈ ਡੱਲਾ ਹੁੰਦਾ ਸੀ, ਜੋ ਦਸਮੇਸ਼ ਪਿਤਾ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਪਿੱਛੋਂ ਡਲ ਸਿੰਘ ਵਜੋਂ ਜਾਣਿਆ ਗਿਆ। ਇਹ ਨਗਰ ਫਿਲਹਾਲ ਰੇਲਵੇ ਨਾਲ ਨਹੀਂ ਜੁੜਿਆ ਅਤੇ ਬਠਿੰਡਾ- ਰਾਮਾ ਸੜਕ ਉੱਤੇ ਬਠਿੰਡਾ ਤੋਂ 28 ਕਿ.ਮੀ.ਅਤੇ ਰਾਮਾ ਤੋਂ 13 ਕਿ. ਮੀ. ਦੂਰੀ ਤੇ ਸਥਿਤ ਹੈ।
ਇਸ ਪਵਿੱਤਰ ਸਰਜ਼ਮੀਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਰੀਬ ਸਵਾ ਸਾਲ ਬਿਸਰਾਮ ਕੀਤਾ ਅਤੇ 1706 ਈ. ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕ ਤੇ ਸੰਪੂਰਨ ਬੀੜ ਤਿਆਰ ਕਰਵਾਈ। ਇਸ ਬੀੜ ਨੂੰ ਗੁਰੂ ਸਾਹਿਬ ਨੇ ਆਪਣੀ ਅਧਿਆਤਮਕ ਸ਼ਕਤੀ ਦੁਆਰਾ ਭਾਈ ਮਨੀ ਸਿੰਘ ਦੇ ਹੱਥੋਂ ਲਿਖਵਾਇਆ, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਰਾਗ ਜੈਜਾਵੰਤੀ ਸ਼ਾਮਲ ਕਰਕੇ ਇਸ ਨੂੰ ਸੰਪੂਰਨਤਾ ਪ੍ਰਦਾਨ ਕੀਤੀ। ਇਸੇ ਬੀੜ ਨੂੰ ‘ਦਮਦਮੀ ਬੀੜ’ ਵਜੋਂ ਜਾਣਿਆ ਜਾਂਦਾ ਹੈ। ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਬਾਰੇ ਇਉਂ ਅੰਕਿਤ ਕੀਤਾ ਹੈ:
ਅਬ ਦਰਬਾਰ ਦਮਦਮਾ ਜਹਾਂ।
ਤੰਬੂ ਲਗਵਾ ਕੈ ਗੁਰ ਤਹਾਂ।
ਮਨੀ ਸਿੰਘ ਕੋ ਲਿਖਨ ਬਠੈ ਕੈ।
ਗੁਰੂ ਨਾਨਕ ਕਾ ਧਿਆਨ ਧਰੈ ਕੈ
ਨਿਤਪ੍ਰਤਿ ਗੁਰੂ ਉਚਾਰੀ ਜੈਸੇ।
ਬਾਣੀ ਲਿਖੀ ਮਨੀ ਸਿੰਘ ਤੈਸੇ।
ਬੀੜ ਆਦਿ ਗੁਰ ਗ੍ਰੰਥੈ ਜੇਹੀ।
ਕਰੀ ਦਸਮ ਗੁਰ ਤਿਆਰ ਉਜੇਹੀ।
‘ਸਾਹਿਤਯਸ਼ਾਸਤਰੀ’ (ਮਰਹੂਮ) ਗਿਆਨੀ ਬਲਵੰਤ ਸਿੰਘ ਕੋਠਾਗੁਰੂ (1933-2019) ਮੁਤਾਬਕ ਇਹ ਬੀੜ ਵੈਸਾਖੀ ਵਾਲੇ ਦਿਨ (1763 ਬਿਕਰਮੀ ਵਿੱਚ) ਲਿਖਣੀ ਆਰੰਭ ਕੀਤੀ ਅਤੇ ਭਾਦਰੋਂ ਵਦੀ ਤੀਜ ਨੂੰ ਸੰਪੂਰਨ ਹੋਈ। ਦਮਦਮੀ ਬੀੜ ਦੀ ਲਿਖਾਈ ਬਾਰੇ ਉਨ੍ਹਾਂ ਨੇ 1736 ਈ. ਵਿਚ ਲਿਖੀ ‘ਦੌਰਾ ਸਾਖੀ’ ਵਿੱਚੋਂ ਵੀ ਮਹੱਤਵਪੂਰਣ ਹਵਾਲੇ ਦਿੱਤੇ ਹਨ। ਇਸਦੀ ਪੁਸ਼ਟੀ ਗਿਆਨੀ ਗਿਆਨ ਸਿੰਘ ਨੇ ਇਨ੍ਹਾਂ ਪੰਕਤੀਆਂ ਵਿੱਚ ਕੀਤੀ ਹੈ:
ਅਉਰ ਚਾਰ ਤਿਸ ਪ੍ਰਤੇ ਭਾਏ।
ਦੀਪ ਸਿੰਘ ਸ਼ਹੀਦ ਲਿਖਾਏ।
ਇੱਕ ਅਕਾਲ ਬੁੰਗੇ ਇੱਕ ਪਟਨੇ।
ਤਿਰਤੀ ਹਜ਼ੂਰ ਦਿਯੋ ਹਿੱਤ ਪਢਨੇ।
ਚਤਰਥ ਰਾਖਯੋ ਦਮਦਮੇ ਮਾਹਿ।
ਬਢ ਬਾਬੇ ਯਹਿ ਚਾਰ ਕਹਾਇ।
ਅਰਥਾਤ ਕਲਗੀਧਰ ਪਿਤਾ ਦੇ ਹੁਕਮ ਨਾਲ ਬਾਬਾ ਦੀਪ ਸਿੰਘ ਨੇ ਇਸ ਬੀੜ ਦੇ ਚਾਰ ਉਤਾਰੇ ਕੀਤੇ, ਜੋ ਕ੍ਰਮਵਾਰ ਅਕਾਲ ਤਖ਼ਤ ਅੰਮ੍ਰਿਤਸਰ, ਪਟਨਾ ਸਾਹਿਬ, ਹਜ਼ੂਰ ਸਾਹਿਬ ਅਤੇ ਦਮਦਮਾ ਸਾਹਿਬ ਵਿੱਚ ਰੱਖੇ ਗਏ। ਪਿੱਛੋਂ ਬਾਬਾ ਦੀਪ ਸਿੰਘ ਨੇ ਹਿੰਦੀ, ਮਰਾਠੀ, ਉਰਦੂ, ਫ਼ਾਰਸੀ ਤੇ ਅਰਬੀ ਵਿੱਚ ਵੀ ਇਸ ਦਾ ਅਨੁਵਾਦ ਕੀਤਾ।
ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਲੇਖਨ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅੰਮ੍ਰਿਤ ਵੇਲੇ ਇਸ ਦੀ ਲਿਖਾਈ ਹੁੰਦੀ ਸੀ ਅਤੇ ਸ਼ਾਮ ਨੂੰ ਲਿਖੀ ਬਾਣੀ ਦੀ ਕਥਾ ਕੀਤੀ ਜਾਂਦੀ ਸੀ। ਦਸਮੇਸ਼ ਪਿਤਾ ਖੁਦ ਕਥਾ ਕਰਿਆ ਕਰਦੇ ਸਨ। ਜਿਨ੍ਹਾਂ ਗੁਰਮੁਖਾਂ ਨੇ ਆਦਿ ਤੋਂ ਅੰਤ ਤੱਕ ਕਥਾ ਸ਼੍ਰਵਣ ਕੀਤੀ, ਉਨ੍ਹਾਂ ਨੂੰ ਬ੍ਰਹਮ- ਗਿਆਨੀ ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬ੍ਰਹਮ ਗਿਆਨੀਆਂ ਵਿੱਚ 48 ਗੁਰਮੁਖ ਸਨ: ਭਾਈ ਮਨੀ ਸਿੰਘ ਸ਼ਹੀਦ, ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਰਾਮ ਸਿੰਘ ਕੁਇਰ, ਬਾਬਾ ਕਾਹਨ ਸਿੰਘ, ਬਾਬਾ ਬਿਨੋਦ ਸਿੰਘ, ਬਾਬਾ ਗੁਰਮੁਖ ਸਿੰਘ ਸ਼ਹੀਦ, ਬਾਬਾ ਦਾਨ ਸਿੰਘ, ਭਾਈ ਧਰਮ ਸਿੰਘ, ਭਾਈ ਪਰਮ ਸਿੰਘ, ਭਾਈ ਸ਼ਮੀਰ ਸਿੰਘ, ਭਾਈ ਨੰਦ ਲਾਲ, ਭਾਈ ਧੰਨਾ ਸਿੰਘ, ਭਾਈ ਦਇਆ ਸਿੰਘ, ਭਾਈ ਜੀਵਾ ਸਿੰਘ, ਭਾਈ ਪਿਆਰਾ ਸਿੰਘ, ਭਾਈ ਬੀਰ ਸਿੰਘ, ਭਾਈ ਧੀਰ ਸਿੰਘ, ਭਾਈ ਸੁੰਦਰ ਸਿੰਘ, ਭਾਈ ਅਮਰ ਸਿੰਘ, ਭਾਈ ਤਾਰਾ ਸਿੰਘ, ਭਾਈ ਜਗਜੀਵਨ ਸਿੰਘ, ਭਾਈ ਗੋਪਾਲ ਸਿੰਘ, ਭਾਈ ਗਿਆਨ ਸਿੰਘ, ਭਾਈ ਬਿਸੰਭਰ ਸਿੰਘ, ਭਾਈ ਹਰਗੋਪਾਲ ਸਿੰਘ, ਭਾਈ ਮਾਨ ਸਿੰਘ, ਭਾਈ ਰਾਏ ਸਿੰਘ, ਭਾਈ ਮੱਖਣ ਸਿੰਘ, ਭਾਈ ਮਦਨ ਸਿੰਘ, ਭਾਈ ਧਰਮ ਸਿੰਘ, ਭਾਈ ਸੁਜਾਨ ਸਿੰਘ, ਭਾਈ ਜੀਵਨ ਸਿੰਘ, ਭਾਈ ਅਕਾਲ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਦਿਆਲ ਸਿੰਘ, ਭਾਈ ਬਖਤਾਵਰ ਸਿੰਘ, ਭਾਈ ਦੇਵਾ ਸਿੰਘ, ਭਾਈ ਮੇਵਾ ਸਿੰਘ, ਭਾਈ ਗਿਆਨ ਸਿੰਘ, ਭਾਈ ਅਚਲ ਸਿੰਘ, ਰਾਜਾ ਜੈ ਸਿੰਘ, ਰਾਜਾ ਬਿਸ਼ਨ ਸਿੰਘ, ਭਾਈ ਭਾਗ ਸਿੰਘ, ਭਾਈ ਵਸਾਵਾ ਸਿੰਘ, ਭਾਈ ਘਣੀਆ ਸਿੰਘ, ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਮਲਾਗਰ ਸਿੰਘ। ਇਨ੍ਹਾਂ ਗੁਰਸਿੱਖਾਂ ਬਾਰੇ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਨੇ ‘ਗੁਰਮੁਖ ਪ੍ਰਕਾਸ਼’ ਵਿੱਚ ਅੰਕਿਤ ਕੀਤਾ ਹੈ:
ਤਖ਼ਤ ਦਮਦਮੇ ਸੋਂ ਪੜ੍ਹੇ ਅਠਤਾਲੀ ਸਿੰਘ ਰਾਸ।
ਅਰਥ ਸੰਪਦਾ ਪਾਠ ਕੀ ਚਲੀ ਤਬੀ ਤੇ ਖਾਸ।
ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਪਿੱਛੋਂ ਗੁਰੂ ਜੀ ਨੇ ਬਚੀਆਂ ਹੋਈਆਂ ਕਲਮਾਂ ਅਤੇ ਸਿਆਹੀ ਆਦਿ ਹੋਰ ਸਮੱਗਰੀ ਲਿਖਣਸਰ ਦੇ ਟੋਭੇ ਵਿੱਚ ਪ੍ਰਵਾਹਿਤ ਕਰਕੇ ਇਸ ਧਰਤੀ ਨੂੰ ‘ਗੁਰੂ ਕੀ ਕਾਸ਼ੀ’ ਹੋਣ ਦਾ ਵਰਦਾਨ ਦਿੰਦਿਆਂ ਫ਼ੁਰਮਾਇਆ ਸੀ:
ਇਹ ਹੈ ਪ੍ਰਗਟ ਹਮਾਰੀ ਕਾਸ਼ੀ।
ਪੜ੍ਹ ਹੈਂ ਈਹਾਂ ਢੋਰ ਮਤ ਰਾਸੀ।
ਲੇਖਕ ਗੁਨੀ ਕਵਿੰਦ ਗਿਆਨੀ।
ਬੁਧਿਸਿੰਧੁ ਹ੍ਵੈ ਹੈਂ ਇਤਿਆਨੀ।
ਤਿਨ ਕੇ ਕਾਰਨ ਕਲਮ ਗਢ,
ਦੇਤ ਪ੍ਰਗਟ ਹਮ ਡਾਰ।
ਸਿਖ ਸਖਾ ਸਭ ਪੜੈਂਗੇ,
ਹਮਰੇ ਕਈ ਹਜ਼ਾਰ।
ਚੌਧਰੀ ਡੱਲੇ ਦਾ ਮਾਣ ਤੋੜਨ ਲਈ ਗੁਰੂ ਜੀ ਨੇ ਲਾਹੌਰ ਵਾਸੀ ਭਾਈ ਉਦੈ ਸਿੰਘ ਵੱਲੋਂ ਭੇਟ ਕੀਤੀ ਬੰਦੂਕ ਦੀ ਪਰਖ ਕਰਨ ਲਈ ਉਸਨੂੰ ਆਪਣੇ ਬਰਾੜ ਯੋਧੇ ਭੇਜਣ ਲਈ ਕਿਹਾ। ਪਰ ਡੱਲੇ ਦੇ ਸੈਨਿਕ ਅਣਿਆਈ ਮੌਤ ਮਰਨ ਤੋਂ ਕੋਰਾ ਜਵਾਬ ਦੇ ਗਏ। ਗੁਰੂ ਜੀ ਦਾ ਹੁਕਮ ਮੰਨ ਕੇ ਪਿਓ-ਪੁੱਤਰ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਨੇ ਖੁਦ ਨੂੰ ਗੁਰੂ ਜੀ ਦੇ ਸਨਮੁਖ ਪੇਸ਼ ਕੀਤਾ। ਇਨ੍ਹਾਂ ਮਰਜੀਵੜਿਆਂ ਦੀ ਯਾਦ ਵਿੱਚ ਇੱਥੇ ਇੱਕ ਗੁਰਦੁਆਰਾ ਮੌਜੂਦ ਹੈ।
ਗੁਰੂ ਜੀ ਦੇ ਦਰਬਾਰ ਵਿੱਚ ਇੱਥੇ ਦਿੱਲੀ ਤੋਂ ਮਾਤਾਵਾਂ (ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ) ਭਾਈ ਮਨੀ ਸਿੰਘ ਸਮੇਤ ਪਹੁੰਚੀਆਂ, ਤਾਂ ਉਨ੍ਹਾਂ ਨੂੰ ਆਪਣੇ ਸਾਹਿਬਜ਼ਾਦੇ ਨਜ਼ਰ ਨਾ ਆਏ। ਗੁਰੂ ਜੀ ਤੋਂ ਪੁੱਛਣ ਤੇ ਦਸਮੇਸ਼ ਪਿਤਾ ਨੇ ਭਰੇ ਦਰਬਾਰ ਵੱਲ ਸੰਕੇਤ ਕਰਕੇ ਫ਼ਰਮਾਇਆ:
ਇਨ ਪੁਤਰਨ ਕੇ ਸੀਸ ਪਰ,
ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ,
ਜੀਵਤ ਕਈ ਹਜ਼ਾਰ।
ਉਸ ਯਾਦਗਾਰ ਦਾ ਪ੍ਰਤੀਕ ਇੱਕ ਗੁਰਦੁਆਰਾ (ਜੋ ਮਾਤਾਵਾਂ ਦੇ ਨਾਂ ਤੇ ਹੈ) ਇੱਥੇ ਸੁਭਾਇਮਾਨ ਹੈ।
ਗੁਰਦੁਆਰਾ ਜੰਡਸਰ ਸਾਹਿਬ ਉਹ ਸਥਾਨ ਹੈ, ਜਿੱਥੇ ਗੁਰੂ ਜੀ ਨੇ ਜੰਡ ਨਾਲ ਘੋੜਾ ਬੰਨ੍ਹ ਕੇ ਆਪਣੇ ਸੈਨਿਕਾਂ ਨੂੰ ਗੁਪਤ ਖਜ਼ਾਨਾ ਕੱਢ ਕੇ ਤਨਖਾਹਾਂ ਵੰਡੀਆਂ ਸਨ। ਗੁਰਦੁਆਰਾ ਮਹੱਲਸਰ ਵਿਖੇ ਗੁਰੂ ਜੀ ਨੇ ਬੀਰ- ਰਸ ਦਾ ਪ੍ਰਤੀਕ ਮਹੱਲਾ ਖੇਡਿਆ ਸੀ।
ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨਾਲ ਸਬੰਧਤ ਤਿੰਨ ਸਥਾਨ ਇੱਥੇ ਮੌਜੂਦ ਹਨ, ਜਿਨ੍ਹਾਂ ਵਿੱਚ ਭੋਰਾ ਸਾਹਿਬ, ਬੁਰਜ ਅਤੇ ਖੂਹ ਸ਼ਾਮਲ ਹਨ।
ਤਖ਼ਤ ਸਾਹਿਬ ਵਿਖੇ ਜੋ ਇਤਿਹਾਸਕ ਨਿਸ਼ਾਨੀਆਂ ਮੌਜੂਦ ਹਨ, ਉਨ੍ਹਾਂ ਵਿੱਚ ਇਤਿਹਾਸਕ ਬੰਦੂਕ, ਅਬਰੇ ਰਹਿਮਤ ਬਾਰ ਸ਼ੀਸ਼ਾ, ਤੇਗਾ ਬਾਬਾ ਦੀਪ ਸਿੰਘ, ਮੋਹਰ ਤਖ਼ਤ ਸਾਹਿਬ ਅਤੇ ਕ੍ਰਿਪਾਨ ਗੁਰੂ ਸਾਹਿਬ ਸ਼ਾਮਿਲ ਹਨ। ਇਸ ਤੋਂ ਬਿਨਾਂ ਭਾਈ ਡੱਲੇ ਦੇ ਖਾਨਦਾਨ ਕੋਲ ਵੀ ਗੁਰੂ- ਬਖ਼ਸ਼ਿਸ਼ ਦੁਆਰਾ ਰੱਖੀਆਂ ਕੁਝ ਦੁਰਲੱਭ ਤੇ ਪਵਿੱਤਰ ਵਸਤਾਂ ਪਈਆਂ ਹਨ, ਜਿਨ੍ਹਾਂ ਵਿੱਚ ਤੇਗਾ, ਸ਼੍ਰੀ ਸਾਹਿਬ, ਵੱਡੀ ਦਸਤਾਰ, ਛੋਟੀ ਦਸਤਾਰ, ਵੱਡਾ ਚੋਲਾ, ਛੋਟਾ ਚੋਲਾ, ਬਾਜ਼ ਦੀ ਡੋਰ, ਰੇਬ ਪਜਾਮਾ, ਮਾਤਾ ਸਾਹਿਬ ਕੌਰ ਦਾ ਰੇਬ ਪਜਾਮਾ ਅਤੇ ਛੋਟੇ ਆਕਾਰ ਦੀ ਬੀੜ ਸ਼ਾਮਿਲ ਹੈ। ਇਨ੍ਹਾਂ ਚੀਜ਼ਾਂ ਦੇ ਦਰਸ਼ਨ ਭਾਈ ਡੱਲ ਸਿੰਘ ਦੇ ਗ੍ਰਹਿ ਵਿਖੇ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਨੂੰ ਕਰਵਾਏ ਜਾਂਦੇ ਹਨ, ਜਦਕਿ ਕਿਸੇ ਸਮੇਂ ਹਰੇਕ ਚਾਨਣੀ ਦਸਮੀ ਨੂੰ ਹੀ ਇਹ ਵਸਤਾਂ ਵਿਖਾਈਆਂ ਜਾਂਦੀਆਂ ਸਨ।
ਵੀਹ-ਪੱਚੀ ਸਾਲ ਪਹਿਲਾਂ ਤੱਕ ਤਖਤ ਸਾਹਿਬ ਵਿਖੇ ਸੰਗਤਾਂ ਦੀ ਆਮਦ ਬਹੁਤ ਘੱਟ ਸੀ। ਪਰ ਹੁਣ ਵਿਸਾਖੀ ਤੋਂ ਇਲਾਵਾ ਆਮ ਦਿਨਾਂ ਵਿੱਚ ਵੀ ਸੰਗਤਾਂ ਦਾ ਇਕੱਠ ਬਹੁਤ ਹੁੰਦਾ ਹੈ। ਮੱਸਿਆ ਅਤੇ ਐਤਵਾਰ ਦੇ ਦਿਨਾਂ ਵਿੱਚ ਵਿਸ਼ੇਸ਼ ਦੀਵਾਨ ਲੱਗਦੇ ਹਨ ਜਿਸ ਵਿੱਚ ਢਾਡੀ ਤੇ ਕਵੀਸ਼ਰ ਗੁਰੂ-ਜੱਸ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਇਨ੍ਹਾਂ ਦਿਨਾਂ ਵਿੱਚ ਇੱਥੇ ਅੰਮ੍ਰਿਤ- ਸੰਚਾਰ ਵੀ ਹੁੰਦਾ ਹੈ।
ਅੱਜ ਤੋਂ ਕਰੀਬ ਤਿੰਨ ਸੌ ਸਾਲ ਪਹਿਲਾਂ ਦਸਮੇਸ਼ ਪਿਤਾ ਨੇ ਜੋ ਵਰਦਾਨ ਇਸ ਬੰਜਰ ਭੂਮੀ ਤੇ ਪਛੜੇ ਇਲਾਕੇ ਨੂੰ ਦਿੱਤੇ ਸਨ, ਉਹ ਸਾਰੇ ਹੀ ਸਹਿਜਤਾ ਅਤੇ ਨਿਰੰਤਰਤਾ ਨਾਲ ਫਲੀਭੂਤ ਹੁੰਦੇ ਨਜ਼ਰ ਆ ਰਹੇ ਹਨ। ਉੱਚ-ਵਿੱਦਿਆ ਦੀ ਸਭ ਤੋਂ ਪਹਿਲੀ ਸੰਸਥਾ ਗੁਰੂ ਕਾਸ਼ੀ ਕਾਲਜ (ਜੋ ਹੁਣ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਇੱਥੇ 1964 ਨੂੰ ਸਥਾਪਤ ਹੋਇਆ, 1988 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਆਪਣਾ ਕੈਂਪਸ ਸਥਾਪਤ ਕੀਤਾ,1977 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਸਥਾਪਨਾ ਹੋਈ, ਦੋ ਯੂਨੀਵਰਸਿਟੀਆਂ- ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਅਕਾਲ ਯੂਨੀਵਰਸਿਟੀ (ਕ੍ਰਮਵਾਰ 2011 ਅਤੇ 2015) ਤੋਂ ਇਲਾਵਾ ਇੱਥੇ ਸਕੂਲੀ ਪੜ੍ਹਾਈ ਲਈ ਬਹੁਤ ਸਾਰੇ ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ‘ਗੁਰੂ ਕੀ ਕਾਸ਼ੀ’ ਦੇ ਸੰਕਲਪ ਨੂੰ ਮੂਰਤੀਮਾਨ ਕਰ ਰਹੇ ਹਨ।
ਹਰ ਸਾਲ ਗੁਰੂ ਗ੍ਰੰਥ ਸਾਹਿਬ-ਸੰਪੂਰਨਤਾ ਦਿਵਸ ਸਮੇਂ ਇੱਥੇ ਅਖੰਡ ਪਾਠ ਰੱਖਿਆ ਜਾਂਦਾ ਹੈ, ਜਿਸ ਦੌਰਾਨ ਸਕੂਲ/ਕਾਲਜ ਬੱਚਿਆਂ ਦੇ ਸ਼ਬਦ ਗਾਇਨ, ਕਵਿਤਾ, ਵਾਰ, ਕਵੀਸ਼ਰੀ ਆਦਿ ਕਈ ਪ੍ਰਕਾਰ ਦੇ ਮੁਕਾਬਲੇ ਵੀ ਆਯੋਜਿਤ ਕਰਵਾਏ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 27 ਅਗਸਤ ਨੂੰ ਤਖ਼ਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਰਖਵਾਏ ਜਾ ਰਹੇ ਹਨ, ਜਿਸ ਦਾ ਭੋਗ 29 ਅਗਸਤ ਨੂੰ ਪਵੇਗਾ, ਇਸ ਦੌਰਾਨ ਪ੍ਰਸਿੱਧ ਕਥਾਵਾਚਕ ਅਤੇ ਰਾਗੀ-ਢਾਡੀ ਗੁਰੂ ਜੱਸ ਦਾ ਵਰਣਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302
(ਬਠਿੰਡਾ) 9417692015.