ਪਟਿਆਲਾ, 30 ਮਈ (ਵਰਲਡ ਪੰਜਾਬੀ ਟਾਈਮਜ਼)

ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਪਟਿਆਲਾ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਵੇਂ ਸਥਾਪਿਤ ਫਰਸਟ ਏਡ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਗਿਆ।
ਡਾ. ਬਲਬੀਰ ਸਿੰਘ ਦੇ ਇੰਸਟੀਚਿਊਟ ਪਹੁੰਚਣ ’ਤੇ ਉਨ੍ਹਾਂ ਦਾ ਡਾ. ਸ਼ੁਭਾਸ਼ ਡਾਵਰ, ਡਾ. ਰਾਹੁਲ ਡਾਵਰ, ਸ. ਆਈਪੀ ਸਿੰਘ, ਜਿਤੇਨ ਡਾਵਰ ਅਤੇ ਜਤਿਨ ਡਾਵਰ ਨੇ ਕੀਤਾ।
ਸਿਹਤ ਮੰਤਰੀ ਨੇ ਇੰਸਟੀਚਿਊਟ ਦੀਆਂ ਲੈਬੋਰਟਰੀਆਂ ਅਤੇ ਵਿਭਾਗਾਂ ਦਾ ਦੌਰਾ ਕੀਤਾ ਅਤੇ ਫਰਸਟ ਏਡ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ। ਵਿਦਿਆਰਥੀਆਂ ਨੇ ਸੀਪੀਆਰ ਅਤੇ ਡ੍ਰੈਸਿੰਗ ਤਕਨੀਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਨੇ ਉਨ੍ਹਾਂ ਦੀ ਪ੍ਰਯੋਗਾਤਮਕ ਜਾਣਕਾਰੀ, ਆਤਮਵਿਸ਼ਵਾਸ ਅਤੇ ਪੇਸ਼ਾਵਰ ਕਾਬਲੀਅਤ ਨੂੰ ਦਰਸਾਇਆ। ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਇੰਸਟੀਚਿਊਟ ਵੱਲੋਂ ਦਿੱਤੀ ਜਾ ਰਹੀ ਗੁਣਵੱਤਾ ਵਾਲੀ ਸਿਹਤ ਸਿੱਖਿਆ ਅਤੇ ਪ੍ਰੈਕਟੀਕਲ ਟ੍ਰੇਨਿੰਗ ਦੀ ਪ੍ਰਸ਼ੰਸਾ ਕੀਤੀ।
ਆਪਣੇ ਸੰਬੋਧਨ ਦੌਰਾਨ ਡਾ. ਬਲਬੀਰ ਸਿੰਘ ਨੇ ਦੈਨਿਕ ਜੀਵਨ ਵਿੱਚ ਫਰਸਟ ਏਡ ਟ੍ਰੇਨਿੰਗ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਫਰਸਟ ਏਡ ਦੀ ਜਾਣਕਾਰੀ ਹਰ ਥਾਂ ਲਾਜ਼ਮੀ ਹੈ, ਚਾਹੇ ਘਰ ਹੋਵੇ, ਸਕੂਲ, ਕਾਲਜ, ਕਾਰਜਸਥਲ, ਜਨਤਕ ਸਥਾਨ ਜਾਂ ਸਿਹਤ ਸੰਸਥਾਵਾਂ। ਉਨ੍ਹਾਂ ਕਿਹਾ ਕਿ ਸਮੇਂ ਸਿਰ ਦਿੱਤੀ ਗਈ ਫਰਸਟ ਏਡ ਐਮਰਜੈਂਸੀ ਅਤੇ ਹਾਦਸਿਆਂ ਦੌਰਾਨ ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਜਾਨਾਂ ਬਚਾ ਸਕਦੀ ਹੈ।
ਮੰਤਰੀ ਨੇ ਇਹ ਵੀ ਸਮਝਾਇਆ ਕਿ ਫਰਸਟ ਏਡ ਸਿਰਫ਼ ਸੀਪੀਆਰ (ਕਾਰਡੀਓਪਲਮੋਨਰੀ ਰੀਸੱਸਿਟੇਸ਼ਨ) ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਵਿੱਚ ਜ਼ਖਮਾਂ ਦੀ ਸੰਭਾਲ, ਖੂਨ ਵਹਿਣ ਨੂੰ ਰੋਕਣਾ, ਹੱਡੀਆਂ ਨੂੰ ਸਹਾਰਾ ਦੇਣਾ, ਸੜਨ ਦੀ ਸੰਭਾਲ, ਮਰੀਜ਼ਾਂ ਦੀ ਸਹੀ ਹੈਂਡਲਿੰਗ ਅਤੇ ਐਮਰਜੈਂਸੀ ਰਿਸਪਾਂਸ ਵਰਗੀਆਂ ਕਈ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਸ਼ਾਮਲ ਹਨ।
ਸਮਾਗਮ ਦੇ ਅੰਤ ਵਿੱਚ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੇ ਮੈਨੇਜਮੈਂਟ, ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਸ਼ੁਭਾਸ਼ ਡਾਵਰ, ਕੋਆਰਡੀਨੇਟਰ ਰਸ਼ਮੀ ਸ਼ਰਮਾ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ।

