ਨਾਨਕ ਨਗਰੀ ਦੀ ਮਨਚੰਦਾ ਕਲੋਨੀ ਨੇ ਪੌਦਿਆਂ ਨੂੰ ਔਲਾਦ ਦੀ ਤਰਾਂ ਪਾਲਣ ਦਾ ਲਿਆ ਸੰਕਲਪ
ਡਾ. ਢਿੱਲੋਂ ਅਤੇ ਪੱਪੂ ਲਹੌਰੀਆ ਦੀ ਅਗਵਾਈ ਵਿੱਚ ਲਾਏ ਵੱਖ ਵੱਖ ਕਿਸਮਾ ਦੇ ਬੂਟੇ

ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁੱਡ ਮੋਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਦੇ ਚੀਫ ਪੈਟਰਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ‘ਮੈਂ ਤੇ ਮੇਰਾ ਰੁੱਖ’ ਬੈਨਰ ਹੇਠ ਸ਼ੁਰੂ ਕੀਤੀ ਗਈ ਰੁੱਖ ਲਾਉਣ ਦੀ ਮੁਹਿੰਮ ਦੀ ਲੜੀ ਵਿੱਚ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਾਹੌਰੀਆ ਅਤੇ ਪ੍ਰੋਜੈਕਟ ਇੰਚਾਰਜ ਮਨਤਾਰ ਸਿੰਘ ਮੱਕੜ ਦੀ ਅਗਵਾਈ ਵਿੱਚ ਟੀਮ ਨੇ ਮੋਗਾ ਰੋਡ ਕੋਟਕਪੂਰਾ ਵਿਖੇ ਸਥਿੱਤ ਨਾਨਕ ਨਗਰੀ ਗਲੀ ਨੰਬਰ 6 ਦੀ ‘ਮਨਚੰਦਾ ਕਲੋਨੀ’ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ। ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਕਲੋਨੀ ਦੇ ਆਗੂਆਂ ਵਿੱਚ ਸ਼ਾਮਿਲ ਮਾਤਾ ਰਜਵੰਤ ਕੌਰ, ਬੀਬੀ ਤੀਰਥ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਜਸਵੀਰ ਕੌਰ, ਬੀਬਾ ਮਮਤਾ ਕੌਰ, ਗੋਗੀ, ਸ਼ੀਨੂੰ ਆਦਿ ਨੇ ਵਿਸ਼ਵਾਸ਼ ਦਿਵਾਇਆ ਕਿ ਇਕ-ਇਕ ਬੂਟੇ ਦੀ ਸੰਭਾਲ ਆਪਣੀ ਔਲਾਦ ਅਰਥਾਤ ਧੀਆਂ/ਪੁੱਤਰਾਂ ਦੀ ਤਰਾਂ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਕਲੋਨੀ ਦੀਆਂ ਹੋਰਨਾਂ ਗਲੀਆਂ ਵਿੱਚ ਜੇਕਰ 500 ਜਾਂ ਇਸ ਤੋਂ ਵੀ ਜਿਆਦਾ ਬੂਟੇ ਲੱਗੇ ਤਾਂ ਉਹਨਾਂ ਦੀ ਸਾਂਭ-ਸੰਭਾਲ ਵੀ ਯਕੀਨੀ ਬਣਾਈ ਜਾਵੇਗੀ। ਕਲੱਬ ਦੇ ਉਪ ਚੇਅਰਮੈਨ ਸੁਰਿੰਦਰ ਸਿੰਘ ਸਦਿਉੜਾ ਅਤੇ ਸੁਖਵਿੰਦਰ ਸਿੰਘ ਬਾਗੀ ਨੇ ਦੱਸਿਆ ਕਿ ਇਸ ਕਲੋਨੀ ਵਿੱਚ ਇੱਥੋਂ ਦੇ ਵਸਨੀਕਾਂ ਦੀ ਪਸੰਦ ਦੇ ਬੂਟੇ ਲਾਏ ਗਏ, ਜਿੰਨਾ ਵਿੱਚ ਰਵਾਇਤੀ ਬੂਟੇ ਬੋਹੜ, ਪਿੱਪਲ, ਨਿੰਮ, ਟਾਹਲੀ, ਤੂਤ, ਸ਼ਰੀਂਹ, ਅੰਬ, ਜਾਮਣ, ਅਮਰੂਦ ਆਦਿ ਦੇ ਫਲਦਾਰ ਅਤੇ ਛਾਂਦਾਰ ਬੂਟੇ ਵੀ ਸ਼ਾਮਲ ਹਨ। ਮਲਕੀਤ ਸਿੰਘ ਪ੍ਰਧਾਨ ਟੀ.ਐੱਸ.ਯੂ. ਸਮੇਤ ਕਲੋਨੀ ਦੇ ਸਮੂਹ ਵਸਨੀਕਾਂ ਨੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਉੱਥੇ ਪਹੁੰਚਣ ’ਤੇ ਜੀ ਆਇਆਂ ਆਖਿਆ ਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਕਲੋਨੀ ਦੀ ਵਸਨੀਕ ਬੀਬੀ ਬਲਜੀਤ ਕੌਰ ਨੇ ਇਕ ਬੂਟਾ ਆਪਣੀ ਪੋਤਰੀ ਮੰਨਤ ਕੌਰ ਦੇ ਨਾਮ ’ਤੇ ਲਵਾਇਆ ਅਤੇ ਉਸ ਬੂਟੇ ਦਾ ਨਾਮ ਵੀ ਮੰਨਤ ਰੱਖਦਿਆਂ ਆਖਿਆ ਕਿ ਉਹ ਇਸ ਬੂਟੇ ਦੀ ਸੰਭਾਲ ਆਪਣੀ ਪੋਤਰੀ ਦੀ ਤਰਾਂ ਕਰੇਗੀ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਕੋਟਕਪੂਰਾ ਦੇ ਸੇਵਾਦਾਰਾਂ ਮਾ. ਪਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਿਵੀਆਂ ਨੇ ਵੀ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਅੱਜ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾ ਕਿਹਾ ਕਿ ਭਾਵੇਂ ਘੱਟ ਬੂਟੇ ਲਾਏ ਜਾਣ ਪਰ ਉਹਨਾਂ ਦੀ ਸੰਭਾਲ ਜਰੂਰ ਅਤੇ ਲਾਜਮੀ ਹੋਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਓਮ ਪ੍ਰਕਾਸ਼ ਗੁਪਤਾ, ਵਿਨੋਦ ਧਵਨ, ਕੈਪਟਨ ਰੂਪ ਚੰਦ ਅਰੋੜਾ, ਜਸਪਾਲ ਸਿੰਘ ਲਾਟਾ, ਜੋਗਿੰਦਰ ਸਿੰਘ ਜੋਗਾ ਮੱਕੜ, ਪੱਪਾ ਮਲਹੋਤਰਾ, ਸਰਨ ਕੁਮਾਰ, ਗੁਰਮੁਖ ਸਿੰਘ ਕੋਮਲ, ਜਗਦੇਵ ਸਿੰਘ ਸਰਪੰਚ ਆਦਿ ਵੀ ਹਾਜਰ ਸਨ।