ਸੰਡੇ ਵਾਲਾ ਦਿਨ ਸੀ। ਉਠਾਇਆਂ ਬਗੈਰ ਈਲੀ ਆਪਣੇ ਆਪ ਜਾਗ ਗਈ। ਜਦੋਂ ਕਦੀ ਸਕੂਲ ਜਾਣਾ ਹੋਵੇ ਤਾਂ ਉਸਨੂੰ ਜਗਾਉਣ ਲਈ ਲੱਖ ਤਰਲੇ ਕਰਨੇ ਪੈਂਦੇ। ਬੜੀ ਮਿਹਨਤ ਕਰਨੀ ਪੈਂਦੀ।
ਜਾਗੀ ਵੇਖ, ਦਾਦੀ ਮਾਂ ਨੇ ਈਲੀ ਲਈ ਬਨਾਨਾ ਛੇਕ ਅਤੇ ਸੈਂਡਵਿਚ ਪਰੋਸ ਦਿੱਤੇ। ਡਾਇਨਿੰਗ ਟੇਬਲ ਕੋਲ ਬੈਠੀ ਦੁੱਧ ਦੀ ਰੰਗਤ ਅਤੇ ਸੈਂਡਵਿੱਚ ਵੇਖਦੀ ਈਲੀ ਬੋਲੀ, ‘ਮੈਨੂੰ ਬੋਰਨਵੀਟਾ ਵਾਲਾ ਮਿਲਕ ਤੇ ਚੋਕੋ ਬਿਸਕੁਟ ਚਾਹੀਦੇ’।
ਲਾਗਲੇ ਕਮਰੇ ਵਿਚ ਈਲੀ ਦੀ ਅੰਮੀ ‘ਏਵਮ’ ਨੂੰ ਖਿਡਾ ਰਹੀ ਸੀ। ਜਦੋਂ ਉਸਨੇ ਈਲੀ ਦੀ ਮੰਗ ਬਾਰੇ ਸੁਣਿਆ ਤਾਂ ਆਖਣ ਲੱਗੀ, ‘ਈਲੀ ਬੇਟੇ! ਬੋਰਨਵੀਟਾ ਤੇ ਬਿਸਕੁਟ ਮੁੱਕੇ ਹੋਏ। ਸ਼ੇਕ ਪੀ ਕੇ ਦਾਦੀ ਨਾਲ ‘ਸ਼ੌਬੀ’ ਸਟੋਰ ਜਾ ਆਉਣਾ। ਆਪਣੇ ਬਿਸਕੁਟ, ਏਵਮ ਦੇ ਨੈਪੀ ਤੇ ਨੌਨ ਵੈਜ ਸਨੈਕਸ ਸਮੇਤ ਹੋਰ ਲੋੜੀਂਦੀ ਗਰੌਸਰੀ ਦੀ ਸ਼ੌਪਿੰਗ ਕਰ ਆਉਣਾ’।
‘ਇੰਦੀ ਧੀਏ! ਖਰੀਦਦਾਰੀ ਤਾਂ ਵੱਡੇ, ਸਿਆਣੇ ਕਰਦੇ। ਏਡਾ ਮੁਸ਼ਕਿਲ ਕੰਮ ਨਿਕੜੀ ਜਿਹੀ ਸਾਡੀ ਈਲੀ ਕਿਵੇਂ ਕਰੇਗੀ’? ਈਲੀ ਦੀ ਦਾਦੀ ਨੇ ਉਸ ਦੀ ਅੰਮੀ ਨੂੰ ਪੁੱਛਿਆ।
‘ਅੰਮੀਂ! ਬੇਸ਼ੱਕ ਈਲੀ ਛੋਟੀ ਹੈ ਤੇ ਇਕੱਲੀ ਸ਼ੋਪਿੰਗ ਕਰਨ ਨਹੀਂ ਜਾ ਸਕਦੀ ਪਰ ਤੁਸੀਂ ਵੱਡੇ ਤੇ ਸਿਆਣੇ ਈਲੀ ਨਾਲ ਸ਼ੌਪਿੰਗ ਕਰਨ ਜਾ ਰਹੇ ਹੋ’, ਗੋਦੀ ਚ ਪਏ ‘ਏਵਮ’ ਨੂੰ ਸੁਵਾਉਣ ਲਈ ਥਾਪੜਦੀ ਈਲੀ ਦੀ ਅੰਮੀ ਨੇ ਕਿਹਾ।
‘ਧੀਏ! ਹਜ਼ਾਰਾਂ ਕੋਹਾਂ ਦੂਰ ਕੈਨੇਡਾ ਵਰਗੇ ਨਵੇਂ ਕਿਸੇ ਦੇਸ਼ ‘ਚ ਆਇਆ ਬੰਦਾ ਦੋ ਦਿਨਾਂ ਦੀ ਠਾਹਰ ‘ਚ ਸ਼ੌਪਿੰਗ ਲਈ ਸਿਆਣਾ ਕਿਵੇਂ ਹੋ ਸਕਦਾ? ਕਦੀ ਟਾਈਮ ਲੱਗਾ ਤਾਂ ਈਲੀ ਦੇ ਨਾਲ ਤੂੰ ਆਪ ਚਲੀ ਜਾਈਂ ਜਾਂ ਇਸਦੇ ਪਾਪਾ ਨੂੰ ਭੇਜ ਦਿਆਂਗੇ। ਮੈਂ ਗਈ ਤਾਂ ਅਣਜਾਣੇ ਵਿਚ ਪੈਸੇ, ਧੇਲੇ ਦਾ ਨੁਕਸਾਨ ਹੋਜੂ’, ਓਪਰੇ ਕਿਸੇ ਬਾਜ਼ਾਰ ਜਾਣ ਤੋਂ ਆਨਾਕਾਨੀ ਕਰਦੀ ਦਾਦੀ ਬੋਲੀ।
‘ਅੰਮੀ! ਇੱਥੇ ਗਰੌਸਰੀ ਸਟੋਰਾਂ ‘ਚ ਹਰ ਚੀਜ਼ ਦੇ ਰੇਟ ਬੜੇ ਰੀਜਨੇਬਲ ਹੁੰਦੇ ਤੇ ਥਾਂ, ਥਾਂ ਲਿਖੇ, ਛਪੇ ਹੁੰਦੇ। ਸ਼ੌਪਿੰਗ ਲਈ ਭਾਵੇਂ ਕੋਈ ਵੱਡਾ ਜਾਵੇ ਜਾਂ ਕੋਈ ਛੋਟਾ, ਰੇਟ ਸਭ ਲਈ ਬਰਾਬਰ ਹੁੰਦੇ। ਬਾਕੀ ਆਪੋ ਆਪਣੇ ਕੰਮਾਂ-ਕਾਰਾਂ ਵਿਚ ਬਿਜੀ ਇੱਥੋਂ ਦੇ ਲੋਕ ਨਾ ਕਿਸੇ ਦਾ ਲੌਸ ਕਰਦੇ, ਨਾ ਕਿਸੇ ਨਾਲ ਚੀਟਿੰਗ ਕਰਦੇ’, ਈਲੀ ਦੀ ਅੰਮੀ ਨੇ ਦੱਸਿਆ।
ਦੁੱਧ ਪੀ ਕੇ ਈਲੀ ਆਪਣੀ ਅੰਮੀ ਕੋਲ ਚਲੀ ਗਈ। ਕਿਚਨ ਦੀਆਂ ਜ਼ਰੂਰੀ ਚੀਜ਼ਾਂ ਲਈ ਜੋ ਕੁਝ ਅੰਮੀ ਨੇ ਲਿਖਵਾਇਆ, ਸਭ ਡਾਇਰੀ ਦੇ ਪੇਜ ਉੱਤੇ ਲਿਖ ਲਿਆ। ਪਾਪਾ ਦੇ ਪਰਸ ‘ਚੋਂ ਸ਼ੌਪਿੰਗ ਲਈ ਲੋੜੀਂਦੇ ਡਾਲਰ ਤੇ ਸੈਂਟ ਲਏ, ਝੋਲਾ ਫੜਿਆ ਤੇ ਦਾਦੀ ਕੋਲ ਜਾ ਕੇ ਆਖਣ ਲੱਗੀ, ‘ਦਾਦੀ! ਛੇਤੀ ਉੱਠੋ, ‘ਸਨੋਅ ਫਾਲ’ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ‘ਸ਼ੌਬੀ’ ਸਟੋਰ ਚੱਲੀਏ ਤੇ ਸ਼ੌਪਿੰਗ ਕਰ ਆਈਏ’।
‘ਸ਼ੌਬੀ, ਲੌਬੀ ਕੀ ਹੁੰਦਾ’? ਈਲੀ ਦੇ ਮੂੰਹੋਂ ਓਪਰਾ ਜਿਹਾ ਨਾਂ ਸੁਣਕੇ ਹੱਸਦੀ ਹੋਈ ਦਾਦੀ ਨੇ ਪੁੱਛਿਆ।
‘ਦਾਦੀ! ਟੋਰਾਂਟੋ ਵਿਚ ਲੋਂਗੋਜ, ਮੈਟਰੋ, ਨੋਫਰਿਲ, ਲੋਬਲਾਜ, ਹੀਜੀ ਮਾਰਟ, ਰਾਬਾ, ਟੋਨ ਟਾਈ, ਲੱਕੀ ਮਾਊਸ, ਫਰੈਸ਼ਕੋ, ਹਾਰਵੈਸਟ ਵੈਗਨ, ਡੌਲੋਰਾਮਾ ਤੇ ਫਾਰਮ ਫਰੈਸ਼ ਮੀਨਜ ਕਈ ਗਰੌਸਰੀ ਸਟੋਰ ਹੁੰਦੇ। ਲਾਈਟਾਂ ਵਾਲੇ ਪਹਿਲੇ ਚੌੰਕ ਦੇ ਲਾਗੇ ‘ਸ਼ੌਬੀ’ ਸਾਡੇ ਗਰੌਸਰੀ ਸਟੋਰ ਦਾ ਨਾਂ ਹੈ’, ਈਲੀ ਬੋਲੀ ਤੇ ਦਾਦੀ ਦੀ ਉਂਗਲ ਫੜ ਬਾਹਰਲੇ ਦਰਵਾਜ਼ੇ ਵੱਲ ਤੁਰ ਪਈ।
ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਦਾਦੀ ਤੇ ਪੋਤੀ ਨੇ ਠੰਡ ਅਤੇ ‘ਸਨੋਅ ਫਾਲ’ ਤੋਂ ਬਚਣ ਲਈ ਫਰ ਵਾਲੇ ਗਰਮ ਕੋਟ, ਜ਼ੁਰਾਬਾਂ ਤੇ ਬੂਟ ਪਾਏ। ਈਲੀ ਨੇ ਦਰਵਾਜ਼ੇ ਪਿੱਛੇ ਟੰਗਿਆ ‘ਫੌਬ’ ਲਿਆ ਤੇ ਲਿਫ਼ਟ ਵੱਲ ਨਿਕਲ ਤੁਰੀ।
‘ਈਲੀ! ਇਹ ਚਾਬੀ ਤੇਰੇ ਸਕੂਟਰ ਦੀ ਹੋਣੀ’? ਈਲੀ ਦੇ ਪਿੱਛੇ ਪਿੱਛੇ ਦਰਵਾਜਿਉਂ ਬਾਹਰ ਨਿਕਲਦੀ ਦਾਦੀ ਨੇ ਪੁੱਛਿਆ।
‘ਦਾਦੀ! ਇਹ ਕਿਸੇ ਸਕੂਟਰ ਦੀ ਚਾਬੀ ਨਹੀਂ, ਰਿਮੋਟ ਕੰਟਰੋਲਡ ‘ਫੌਬ’ ਹੈ। ਸਮਝੋ, ਇਹ ਲਿਫ਼ਟ ਦੀ ਚਾਬੀ ਹੁੰਦੀ। ਆਉਂਦਿਆ ਜਾਂਦਿਆ ਗਰਾਉਂਡ ਫਲੌਰ ਤੋਂ ਲਿਫ਼ਟ ਨੂੰ ਓਪਰੇਟ ਕਰਨ ਲਈ ਸਾਨੂੰ ਇਸ ‘ਫੌਬ’ ਦੀ ਲੋੜ ਹੁੰਦੀ। ਹੇਠੋਂ ਕਿਸੇ ਉੱਪਰਲੀ ਮੰਜ਼ਿਲ ਉੱਤੇ ਜਾਣਾ ਹੋਵੇ ਤਾਂ ਇਹ ‘ਫੌਬ’ ਹੀ ਲਿਫਟ ਦੇ ‘ਟੱਚ ਪੁਆਇੰਟਸ’ ਨੂੰ ਐਕਟੀਵੇਟ ਕਰਦਾ ਤੇ ਅਸੀਂ ਆਪਣੀ ਮੰਜ਼ਿਲ ‘ਤੇ ਪੁੱਜਦੇ। ਇਸ ਫੌਬ ਤੋਂ ਬਗੈਰ ਆਪਣੀ ਮੰਜ਼ਿਲ ‘ਤੇ ਪਹੁੰਚਣਾ ਬੜਾ ਔਖਾ ਹੁੰਦਾ। ‘ਫੌਬ’ ਕਿੱਧਰੇ ਗੁੰਮ ਗਵਾਚ ਜਾਏ ਤਾਂ ਇਮਾਰਤ ਦੀ ਗਰਾਉਂਡ ਫਲੌਰ ਉੱਤੇ ਬੈਠੇ ‘ਰਿਸੈਪਸ਼ਨਿਸਟ’ ਨਾਲ ਕੰਟੈਕਟ ਕਰਨਾ ਪੈਂਦਾ। ਫਿਰ ਉਸਦੀ ਹੈਲਪ ਨਾਲ ਹੀ ਆਪਣੀ ਮੰਜ਼ਿਲ ਉੱਤੇ ਪਹੁੰਚਿਆ ਜਾ ਸਕਦਾ’, ਸਟੋਰ ਵੱਲ ਜਾਂਦਿਆਂ ਈਲੀ ਨੇ ਦਾਦੀ ਨੂੰ ਦੱਸਿਆ।
ਗੱਲਾਂ ਕਰਦਿਆਂ ਈਲੀ ਤੇ ਦਾਦੀ ਲਾਈਟਾਂ ਵਾਲਾ ਚੌਰਸਤਾ ਪਾਰ ਕਰਕੇ ‘ਸ਼ੌਬੀ’ ਸਟੋਰ ਪੁੱਜ ਗਏ। ਬਾਸਕਟ ਟਰਾਲੀ ਲੈ ਈਲੀ ਨੇ ਆਪਣੀ ਅੰਮੀ ਵਾਲੀ ਲਿਸਟ ਅਨੁਸਾਰ ਦਾਦੀ ਨਾਲ ਸ਼ੌਪਿੰਗ ਕੀਤੀ ਤੇ ਕੈਸ਼ ਕਾਊਂਟਰ ‘ਤੇ ਆਣ ਖਲੋਤੀ। ਵਾਰੀ ਅਨੁਸਾਰ ਉਸਨੇ ਬਿਲਿੰਗ ਮਸ਼ੀਨ ਰਾਹੀਂ ਆਪਣੀਆਂ ਚੀਜ਼ਾਂ ਦਾ ਬਿੱਲ ਬਣਾਇਆ ਤੇ ਸੈਲਫ ਪੇਮੈਂਟ ਕਰਕੇ ਵਾਪਸ ਤੁਰ ਪਈ।
ਈਲੀ ਦਾ ਸ਼ੌਪਿੰਗ ਵਾਲਾ ਕਾਰਨਾਮਾ ਵੇਖ ਦਾਦੀ ਬੜੀ ਖੁਸ਼ ਹੋ ਰਹੀ ਸੀ। ਪਿੱਛੇ ਪਿੱਛੇ ਤੁਰੀ ਆਉੰਦੀ ਨੇ ਬੜੇ ਮਾਣ ਨਾਲ ਈਲੀ ਦੇ ਮੋਢੇ ਸਹਿਲਾਏ ਤੇ ਹੱਸਦੀ ਹੋਈ ਬੋਲੀ, ‘ਦਾਦੀ ਦੀ ਪੜਦਾਦੀ’…

ਫੌਬ
ਹਰਦੇਵ ਚੌਹਾਨ
☎️: 7009857708