ਸਰੀ(ਕੈਨੇਡਾ) ਵੱਸਦੇ ਪੰਜਾਬੀ ਕਵੀ ਜਸਬੀਰ ਮਾਹਲ ਦਾ ਤੀਜਾ ਕਾਵਿ ਸੰਗ੍ਰਹਿ Caliber publication Patiala ਵੱਲੋਂ ਸੁਖਵਿੰਦਰ ਸੁੱਖੀ ਵੱਲੋਂ ਪ੍ਰਕਾਸ਼ਿਤ ਹੋਇਆ ਹੈ। ਇਸ ਕਾਵਿ ਪੁਸਤਕ ਵਿੱਚੋਂ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ।
ਜਸਬੀਰ ਮਾਹਲ ਮਾਤਾ ਗੁਜਰੀ ਕਾਲਿਜ ਫ਼ਤਹਿਗੜ੍ਹ ਸਾਹਿਬ ਦਾ ਪੁਰਾਣਾ ਵਿਦਿਆਰਥੀ ਹੈ। ਇਸ ਕਾਲਿਜ ਚ ਪੜ੍ਹਦਿਆਂ ਉਹ ਆਪਣੇ ਸਹਿਪਾਠੀ ਤੇ ਸਵਰਗੀ ਪੰਜਾਬੀ ਗਾਇਕ ਲਾਭ ਜੰਜੂਆ ਨਾਲ ਟੀਮ ਬਣਾ ਕੇ ਕਾਵਿ ਮੁਕਾਬਲਿਆਂ ਦੀਆਂ ਟਰਾਫ਼ੀਆਂ ਜਿੱਤਦਾ ਰਿਹੈ।
ਇਹ ਗੱਲ ਉਸ ਮੈਨੂੰ 2003 ਵਿੱਚ ਮੇਰੀ ਕੈਨੇਡਾ ਦੀ ਪਹਿਲੀ ਫੇਰੀ ਮੌਕੇ ਵਿਕਟੋਰੀਆ ਟਾਪੂ ਵੱਲ ਫੈਰੀ ਤੇ ਜਾਂਦਿਆਂ ਦੱਸਦਿਆਂ ਕਿਹਾ ਕਿ ਇੱਕ ਵਾਰ ਗੁਰੂ ਨਾਨਕ ਨੈਸ਼ਨਲ ਕਾਲਿਜ ਨਕੋਦਰ ਵਿੱਚ ਹੋਏ ਕਵਿਤਾ ਮੁਕਾਬਲਿਆਂ ਵਿੱਚ ਉਨ੍ਹਾਂ ਦੀ ਟੀਮ ਜੇਤੂ ਰਹੀ ਸੀ। ਉਸ ਮੁਕਾਬਲੇ ਵਿੱਚ ਮੈਂ ਵੀ ਇੱਕ ਜੱਜ ਸਾਂ। ਇਹ ਗੱਲ ਉਸ ਸਮੇਂ ਦੀ ਹੈ ਜਦ ਡਾ. ਰਣਧੀਰ ਸਿੰਘ ਚੰਦ ਉਥੇ ਪ੍ਰਿੰਸੀਪਲ ਸਨ। ਗੱਲ 1976-77 ਨੇੜੇ ਦੀ ਹੋ ਸਕਦੀ ਹੈ।
ਯਾਦ ਕਰਵਾਉਣਾ ਮੈਨੂੰ ਚੰਗਾ ਲੱਗਿਆ। ਆਮ ਕਰਕੇ ਕਵਿਤਾ ਮੁਕਾਬਲਿਆਂ ਦੇ ਜੇਤੂ ਮਗਰੋਂ ਸਾਹਿੱਤ ਚ ਕਿਤੇ ਲੱਭਦੇ ਨਹੀਂ, ਪਰ ਜਸਬੀਰ ਅੱਜ ਵੀ ਹਾਜ਼ਰ ਹੈ।
ਮੈਂ ਇਹ ਗੱਲ ਬਿਲਕੁਲ ਨਹੀਂ ਦੱਸਣੀ ਕਿ ਉਸ ਕਵਿਤਾ ਮੁਕਾਬਲੇ ਦਾ ਇੱਕ ਪ੍ਰਤੀਯੋਗੀ ਹੁਣ ਤੀਕ ਮੇਰੇ ਨਾਲ ਤੜਿੰਗ ਹੈ ਕਿ ਮੈਂ ਉਸ ਨੂੰ ਪਹਿਲੇ ਨੰਬਰ ਤੇ ਕਿਉਂ ਨਹੀਂ ਸੀ ਮੰਨਿਆ।
ਉਹ ਵੀ ਜਿਉਂਦਾ ਰਹੇ ਤੇ ਹੋਰ ਬੁਲੰਦੀਆਂ ਛੋਹੇ ਪਰ ਗੱਲ ਤਾਂ ਜਸਬੀਰ ਦੀ ਹੈ ਜੋ ਅੱਜ ਵੀ ਸਹਿਜ ਤੋਰ ਤੁਰਦਿਆਂ ਸਿਰਜਣਸ਼ੀਲ ਹੈ।
ਉਸ ਦੀ ਪਹਿਲੀ ਕਿਤਾਬ “ਆਪਣੇ ਆਪ ਕੋਲ” ਲੋਕਗੀਤ ਪ੍ਰਕਾਸ਼ਨ ਨੇ ਛਾਪੀ ਸੀ ਤੇ ਦੂਸਰੀ “ਮਿੱਟੀ ਦੀ ਤਾਸੀਰ”ਪ੍ਰਮਿੰਦਰਜੀਤ ਨੇ ਰੂਪੀ ਪ੍ਰਕਾਸ਼ਨ ਵੱਲੋਂ। ਹੁਣ ਇਹ ਤੀਸਰੀ ਕਿਤਾਬ “ਹਰਫ਼ਾਂ ਦੇ ਰੰਗ”ਮੁਬਾਰਕ!
ਕੈਲੀਬਰ ਤੋਂ ਤੁਸੀਂ ਵੀ ਕਿਤਾਬ ਖ਼ਰੀਦ ਸਕਦੇ ਹੋ। ਸੰਪਰਕ ਸੂਤਰ ਹੈ
ਸੁਖਵਿੰਦਰ ਸੁੱਖੀ 98154 48958
ਗੁਰਭਜਨ ਗਿੱਲ
ਪੇਸ਼ ਹਨ ਜਸਬੀਰ ਮਾਹਲ ਦੀਆਂ ਕੁਝ ਕਵਿਤਾਵਾਂ।
1.
ਸਹਿਜ ਸਾਧਨਾ
ਸਹਿਜ ਹੋਣਾ ਇਉਂ ਹੈ
ਜਿਵੇਂ ਹੌਲ਼ੀ ਹੌਲ਼ੀ ਸੂਰਜ ਚੜ੍ਹੇ
ਜਾਂ ਦਿਨ ਢਲੇ…
ਸਹਿਜੇ ਸਹਿਜੇ ਪੀਲਾ ਰੰਗ
ਪੱਤਿਆਂ ’ਚ ਜਿਵੇਂ ਪੱਤਝੜ ਭਰੇ
ਜਾਂ ਜਿਵੇਂ ਬਸੰਤ ਰੁੱਤੇ
ਹੌਲ਼ੀ ਹੌਲ਼ੀ ਢੱਕ ਲੈਣ
ਬਿਰਖ਼ਾਂ ਦਾ ਨੰਗੇਜ
ਨਵੇਂ ਨਕੋਰ ਪੱਤੇ
ਸਾਗਰ ਕੰਢੇ ਪਏ ਪੱਥਰ ਨੂੰ
ਜਿਵੇਂ ਵਰ੍ਹਿਆਂ ਦੇ ਚੁੰਮਣਾਂ ਨਾਲ
ਮੁਲਾਇਮ ਕਰਨ ਲਹਿਰਾਂ…
ਪਰ ਬਹੁਤ ਕਠਿਨ ਹੈ
ਹਰ ਪਲ ਕਿਸੇ ਦੌੜ ਵਿੱਚ ਸ਼ਾਮਲ
ਮਨੁੱਖ ਲਈ,
ਕੁਦਰਤ ਵਾਂਗ ਸਹਿਜ ਹੋਣਾ…
2.
ਮਾਂ ਦੀ ਵਤਨ ਵਾਪਸੀ
ਮਾਂ ਅੱਜ ਪਰਤ ਗਈ ਵਤਨ…
ਮੈਂ ਦੇਖਦਾ ਹਾਂ ਉਹਦਾ
ਖਾਲੀ ਬਿਸਤਰਾ
ਉਹਦੇ ਬੈਠਣ ਵਾਲੀ ਸੱਖਣੀ ਕੁਰਸੀ
ਮੇਜ਼ ਤੋਂ ਗਾਇਬ ਹੋਈਆਂ
ਦਵਾਈ ਦੀਆਂ ਸ਼ੀਸ਼ੀਆਂ
ਉਹਦੀਆਂ ਬੁਣੀਆਂ ਕੋਟੀਆਂ ਤੇ ਟੋਪੀਆਂ
ਘਰ ਦੀ ਫਜ਼ਾ ’ਚੋਂ ਗੁੰਮ ਹੈ
ਗੁਰਬਾਣੀ ਦਾ ਪਾਠ
ਮਸਾਲੇ ਵਾਲੀ ਚਾਹ ਹੀ ਮਹਿਕ
ਤੁਰਨ ਵੇਲੇ ਫਰਸ਼ ’ਤੇ ਵੱਜਦੀ
ਉਹਦੀ ਖੂੰਡੀ ਦੀ ਟਾਪ
ਜਾਂ ਕਦੀ ਕਦਾਈਂ
ਉੱਚੀ ’ਵਾਜ ’ਚ ਮਾਰੀ ਉਹਦੀ ਹਾਕ
ਮੈਂ ਜਾਣਦਾ ਹਾਂ
ਮੇਰੀ ਗੱਲ ਦਾ ਹੁੰਗਾਰਾ
ਟੀ.ਵੀ. ਨੇ ਨਹੀਂ ਭਰਨਾ
ਮੈਂ ਫੇਰ ਵੀ
ਟੀ.ਵੀ. ਦਾ ਬਟਨ ਦਬਾਉਂਦਾ ਹਾਂ…
ਟੀ.ਵੀ. ਉੱਤੇ ਸ਼ਬਦ ਗਾਇਨ ਹੋ ਰਿਹੈ:
ਪੂਤਾ ਮਾਤਾ ਕੀ ਆਸੀਸ॥
ਮੇਰੀਆਂ ਅੱਖਾਂ ਵਿਚਲੇ ਬਿੰਬ
ਧੁੰਦਲਾ ਰਹੇ ਹਨ
ਹੌਲ਼ੀ, ਹੌਲ਼ੀ…
3. ਪਰਛਾਵੇਂ ਦਾ ਸੁਭਾਅ
ਸਿਖਰ ਦੁਪਹਿਰੇ
ਤਪਦੇ ਥਲ ਵਿੱਚ
ਮੈਂ ਜਦ ਵੀ
ਛਾਂ ਬਣਨਾ ਚਾਹਵਾਂ
ਸੁੰਗੜ ਜਾਏ ਮੇਰਾ ਪਰਛਾਵਾਂ
ਜਿਉਂ ਜਿਉਂ ਢਲਦਾ ਜਾਏ ਦੁਪਹਿਰਾ
ਕੱਦ ਇਹਦਾ
ਹੋਈ ਜਾਏ ਲੰਮੇਰਾ
ਘਟਦੇ ਵਧਦੇ ਰਹਿੰਦੇ ਨੇ
ਪਰਛਾਵੇਂ ਭਾਵੇਂ
ਅੱਜ ਤਕ ਪਰ
ਕੋਈ ਬੈਠ ਨਹੀਂ ਸਕਿਆ
ਆਪਣੀ ਛਾਵੇਂ!
🔹

ਗੁਰਭਜਨ ਗਿੱਲ