ਅਧਿਆਪਕਾਂ ਦੇ ਯੋਗਦਾਨ ਕਰਕੇ ਹੀ ਮੈਂ ਅੱਜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਅਹੁਦੇ ’ਤੇ ਤੈਨਾਤ ਹਾਂ : ਗੁਰਪ੍ਰੀਤ ਕੌਰ
ਕੋਟਕਪੂਰਾ, 7 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਿਸ਼ਨ ਡਿਵੈਲਪਮੈਂਟ ਕਲੱਬ ਅਤੇ ਹੋਟਲ ਸ਼ਾਹੀ ਹਵੇਲੀ ਫਰੀਦਕੋਟ ਵਲੋਂ ‘ਅਧਿਆਪਕ ਦਿਵਸ’ ਮੌਕੇ ਕਰਵਾਇਆ ਗਿਆ ਜਿਲਾ ਪੱਧਰੀ ‘ਅਧਿਆਪਕ ਸਨਮਾਨ ਸਮਾਰੋਹ’ ਇਤਿਹਾਸਿਕ ਤੌਰ ’ਤੇ ਯਾਦਗਾਰੀ ਹੋ ਨਿਬੜਿਆ, ਕਿਉਂਕਿ ਪੂਰੇ ਜਿਲੇ ’ਚੋਂ ਪਹਿਲੀਵਾਰ ਕਿਸੇ ਸੰਸਥਾ ਨੇ ਪੂਰੇ ਤਕਨੀਕੀ ਢੰਗ ਨਾਲ ਸਿੱਖਿਆ ਵਿਭਾਗ ਦੇ ਸਮੁੱਚੇ ਅਧਿਕਾਰੀਆਂ ਅਤੇ ਆਪਣੀ ਪੂਰੀ ਟੀਮ ਦੀ ਮੱਦਦ ਨਾਲ ਚੋਣ ਕਰਕੇ ਸੇਵਾਮੁਕਤ ਅਧਿਆਪਕ, ਲੈਕਚਰਾਰ, ਮਾਸਟਰ, ਈਟੀਟੀ ਐਸੋਸੀਏਸ਼ਨ ਅਤੇ ਪ੍ਰੀ-ਪ੍ਰਾਈਮਰੀ ਐਸੋਸੀਏਸ਼ਨ ਕਾਡਰ ਦੇ 90 ਅਧਿਆਪਕਾਂ ਨੂੰ ਖੂਬਸੂਰਤ ਮੈਮੋਰੰਡਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਮੁੱਖ ਮਹਿਮਾਨ ਵਜੋਂ ਚੀਫ ਜੁਡੀਸੀਅਲ ਮਜਿਸਟ੍ਰੇਟ ਸ਼੍ਰੀਮਤੀ ਗੁਰਪ੍ਰੀਤ ਕੌਰ ਪੀਸੀਐਸ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਬੀ.ਪੀ.ਈ.ਓ. ਜਗਤਾਰ ਸਿੰਘ ਮਾਨ, ਬੀ.ਪੀ.ਈ.ਓ. ਜਸਕਰਨ ਸਿੰਘ ਰੋਮਾਣਾ, ਬੀ.ਪੀ.ਈ.ਓ. ਭਰਪੂਰ ਸਿੰਘ, ਬੀ.ਪੀ.ਈ.ਓ. ਸੁਸ਼ੀਲ ਕੁਮਾਰ, ਬੀ.ਪੀ.ਈ.ਓ. ਸੁਰਜੀਤ ਸਿੰਘ ਮੌਜੂਦ ਰਹੇ। ਡਾ. ਵਿਸ਼ਾਲ ਕੌਸ਼ਲ ਕਲੱਬ ਦੇ ਪ੍ਰਧਾਨ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਮੁੱਖ ਮਹਿਮਾਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਪ੍ਰੀਤ ਕੌਰ ਨੇ ਆਪਦੇ ਸੰਦੇਸ਼ ਵਿੱਚ ਕਿਹਾ ਕਿ ਉਹ ਵੀ ਆਪਣੇ ਅਧਿਆਪਕਾਂ ਦੇ ਯੋਗਦਾਨ ਕਰਕੇ ਇਸ ਅਹੁਦੇ ’ਤੇ ਬਿਰਾਜਮਾਨ ਹੋਏ ਹਨ ਅਤੇ ਅਧਿਆਪਕ ਸਨਮਾਨ ਸਮਾਰੋਹ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਸਮੇਂ ਬੀਪੀਈਓ ਜਸਕਰਨ ਸਿੰਘ ਨੇ ਕਿਹਾ ਮਿਸ਼ਨ ਡਿਵੈਲਪਮੈਂਟ ਕਲੱਬ ਅਤੇ ਹੋਟਲ ਸ਼ਾਹੀ ਹਵੇਲੀ ਨੇ ਐਨੀ ਵੱਡੇ ਪੱਧਰ ’ਤੇ ਯੋਗ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਸਿੱਖਿਆ ਵਿਭਾਗ ਫਰੀਦਕੋਟ ਦੀ ਜਾਨ ’ਚ ਨਵੀਂ ਰੂਹ ਪਾਈ ਹੈ ਅਤੇ ਸਨਮਾਨਿਤ ਅਧਿਆਪਕ ਵੀ ਇਸ ਦਾ ਮੁੱਲ ਹੋਰ ਦੁਗਨੀ ਮਿਹਨਤ ਕਰਕੇ ਮੋੜਨਗੇ। ਧੰਨਵਾਦੀ ਭਾਸ਼ਣ ਵਿੱਚ ਕਲੱਬ ਦੇ ਚੇਅਰਮੈਨ ਅਤੇ ਹੋਟਲ ਸ਼ਾਹੀ ਹਵੇਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਸੱਚਰ ਨੇ ਕਿਹਾ ਕਿ ਮੈਂ ਜੋ ਵੀ ਹਾਂ ਆਪਣੇ ਗੁਰੂਆਂ ਵਰਗੇ ਅਧਿਆਪਕਾਂ ਕਰਕੇ ਹੀ ਹਾਂ ਅਤੇ ਸਿੱਖਿਆ ਵਰਗੇ ਮਹਿਕਮੇ ਦੀ ਸੇਵਾ ਕਰਕੇ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਹਾਂ ਅਤੇ ਉਹਨਾਂ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਹਰ ਇੱਕ ਦੀ ਸੇਵਾ ਵਿੱਚ ਮੈਂ ਸਦਾ ਹਾਜਰ ਰਹਾਂਗਾ ਤੇ ਇਹੋ ਜਿਹੇ ਸਮਾਜ ਭਲਾਈ ਦੇ ਕੰਮ ਕਰਦਾ ਰਹਾਂਗਾ। ਮੰਚ ਸੰਚਾਲਕ ਹਰਪ੍ਰੀਤ ਸਿੰਘ ਸਕੂਲ ਮੁਖੀ ਟਿੱਬੀ ਭਰਾਈਆਂ, ਹੈਡ ਟੀਚਰ ਗੁਰਵਿੰਦਰ ਢਿੱਲੋਂ ਸੁੱਖਣ ਵਾਲਾ ਅਤੇ ਹੈਡ ਟੀਚਰ ਹਰਵਿੰਦਰ ਸਿੰਘ ਬੇਦੀ ਨੇ ਸਾਂਝਿਆਂ ਤੌਰ ਤੇ ਕੀਤੀ। ਇਸ ਸਮੇਂ ਬਹੁਤ ਅਧਿਆਪਕਾਂ ਦੀਆਂ ਅੱਖਾਂ ਖੁਸ਼ੀਆਂ ਵਿੱਚ ਨਮ ਸਨ ਕਿ ਉਹਨਾਂ ਦੀ ਕਈ ਸਾਲਾਂ ਦੀ ਮਿਹਨਤ ਦਾ ਮੁੱਲ ਅੱਜ ਸੰਸਥਾ ਨੇ ਪਾਇਆ ਹੈ। ਇਸ ਮੌਕੇ ਕਲੱਬ ਦੇ ਸਕੱਤਰ ਤੇਜਬੀਰ ਮਾਨ, ਗੁਰਪ੍ਰੀਤ ਅਰੋੜਾ, ਕਪਿਲ ਅਗਰਵਾਲ, ਕਰਮ ਸਿੰਘ, ਲੇਖਰਾਜ ਮਿੱਤਲ, ਕੇਵਲ ਕਿ੍ਰਸ਼ਨ ਕਟਾਰੀਆ ਅਤੇ ਕਿ੍ਰਸ਼ਨ ਕੁਮਾਰ ਆਦਿ ਵੀ ਹਾਜਰ ਸਨ।