ਇੱਕੋ ਵਿਦਿਆਰਥੀ ਦੇ ਨਾਂ ਤੇ ਇੱਕੋ ਸਮੇਂ ਜ਼ਾਰੀ ਕੀਤੇ ਦੋ ਅਲੱਗ ਅਲੱਗ ਯੂਨੀਵਰਸਿਟੀਆਂ ਦੇ ਡਿਗਰੀ ਕੋਰਸ
ਪ੍ਰਸ਼ਾਸਨ ਸੁੱਤਾ ਕੁੰਭ ਕਰਨੀ ਨੀਂਦ
ਬਠਿੰਡਾ 01 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਖੁੰਬਾਂ ਵਾਂਗੂੰ ਗਲੀ ਗਲੀ ਪੈਦਾ ਹੋਏ ਇਮੀਗਰੇਸ਼ਨ ਸੈਂਟਰਾਂ ਵੱਲੋਂ ਜਿੱਥੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗਦੇ ਆ ਰਹੇ ਹਨ, ਉਥੇ ਹੀ ਹੁਣ ਇਹਨਾਂ ਸੈਂਟਰਾਂ ਦੇ ਹੌਸਲੇ ਇਨੇ ਬੁਲੰਦ ਹੋ ਚੁੱਕੇ ਹਨ ਕਿ ਇਹਨਾਂ ਵੱਲੋਂ ਵਿਦਿਆਰਥੀਆਂ ਨੂੰ ਜਾਅਲੀ। ਡਿਗਰੀਆਂ ਬਣਾ ਕੇ ਦੇਣ ਦਾ ਧੰਦਾ ਵੀ ਬੇਖੌਫ ਹੋ ਕੇ ਚਲਾਇਆ ਜਾ ਰਿਹਾ ਹੈ। ਪਰ ਮੀਡੀਆ ਵੱਲੋਂ ਇਹਨਾਂ ਖਿਲਾਫ ਬਾਰ-ਵਾਰ ਖਬਰਾਂ ਚਲਾਏ ਜਾਣ ਦੇ ਬਾਵਜੂਦ ਵੀ ਜਿਲ੍ਾ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਇਮੀਗ੍ਰੇਸ਼ਨ ਏਜੰਟ ਦੇ ਤੌਰ ਤੇ ਬੈਠੇ ਕਈ ਕਥਿਤ ਠੱਗ ਅੰਬੈਸੀ ਵਿੱਚ ਵਿਦਿਆਰਥੀਆਂ ਦੇ ਆਪਣੇ ਵੱਲੋਂ ਬਣਾਏ ਗਏ ਜਾਅਲੀ ਸਰਟੀਫਿਕੇਟ ਲਗਾ ਜਿੱਥੇ ਸਹੀ ਢੰਗ ਨਾਲ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨਾਲ ਬੇਇਨਸਾਫੀ ਕਰਦੇ ਹਨ ਉਥੇ ਹੀ ਅਕਸਰ ਇਮੀਗ੍ਰੇਸ਼ਨ ਅੰਬੈਸੀ ਵੱਲੋਂ ਪੜਤਾਲ ਦੌਰਾਨ ਪਾਈਆਂ ਗਈਆਂ ਇਹਨਾਂ ਜਾਅਲੀ ਡਿਗਰੀਆਂ ਕਾਰਨ ਸੈਂਕੜੇ ਵਿਦਿਆਰਥੀਆਂ ਨੂੰ ਬਲੈਕ ਲਿਸਟ ਕਰਦੇ ਹੋਏ ਉਹਨਾਂ ਦਾ ਭਵਿੱਖ ਵੀ ਖਤਰੇ ਵਿੱਚ ਪਾ ਚੁੱਕੇ ਹਨ।
ਬੇਸ਼ੱਕ ਜਾਅਲੀ ਡਿਗਰੀਆਂ ਪ੍ਰਦਾਨ ਕਰਨ ਵਾਲ਼ੇ ਅਜਿਹੇ ਮਾਮਲੇ ਸਮੇਂ ਸਮੇਂ ਚਰਚਾ ਚ ਬਣੇ ਰਹਿੰਦੇ ਹਨ ਤੇ ਕਈ ਵਾਰ ਸਰਕਾਰਾਂ ਵੱਲੋਂ ਇਸ ਸਬੰਧੀ ਸਖਤੀ ਵੀ ਦਿਖਾਈ ਜਾਂਦੀ ਹੈ। ਪਰ ਜਿਆਦਾ ਸੁਚੇਤ ਰੂਪ ਵਿੱਚ ਕਾਰਵਾਈ ਨਾ ਹੋਣ ਕਰਕੇ ਅਤੇ ਕੁੱਝ ਭ੍ਰਿਸ਼ਟ ਅਫ਼ਸਰਾਂ ਦੀ ਕਥਿਤ ਮਿਲੀ ਭੁਗਤ ਕਾਰਨ ਜਾਅਲੀ ਡਿਗਰੀਆਂ ਵੰਡਣ ਵਾਲਿਆਂ ਦੇ ਹੌਸਲੇ ਬੁਲੰਦ ਰਹਿੰਦੇ ਹਨ ਅਤੇ ਉਹਨਾਂ ਵੱਲੋਂ ਜਾਲਸਾਜੀ ਦਾ ਇਹ ਧੰਦਾ ਬੇਖੌਫ ਹੋ ਕੇ ਚਲਾਇਆ ਜਾਂਦਾ ਹੈ।।ਹੁਣ ਇੱਕ ਵਾਰ ਫਿਰ ਜਾਅਲੀ ਡਿਗਰੀ ਬਣਾ ਕੇ ਗੋਰਖ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੇ ਇੱਕ ਸੈਂਟਰ ਕਨੇਡੀਅਨ ਇਮੀਗ੍ਰੇਸ਼ਨ ਵੱਲੋਂ ਇੱਕ ਵਿਦਿਆਰਥਣ ਕੁਲਵੀਰ ਕੌਰ ਦੇ ਨਾਂ ਤੇ ਬੀਏ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ, ਜੋ ਪੰਜਾਬ ਯੂਨੀਵਰਸਿਟੀ ਦੇ ਨਾਂ ਤੇ ਬਣਾਇਆ ਗਿਆ ਹੈ ਅਤੇ ਇਸ ਸਰਟੀਫੀਕੇਟ ਉੱਪਰ ਪਹਿਲਾ ਸਮੈਸਟਰ, ਦਸੰਬਰ 2019 ਲਿਖਿਆ ਹੋਇਆ ਹੈ ਤੇ 2022 ਵਿੱਚ ਡਿਗਰੀ ਪੂਰੀ ਕੀਤੀ ਹੋਈ ਦਰਸਾਈ ਗਈ ਹੈ। ਸੈਂਟਰ ਵਾਲਿਆਂ ਨੇ ਇਸੇ ਵਿਦਿਆਰਥਣ ਕੁਲਵੀਰ ਕੌਰ ਦੇ ਨਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਇਹੋ ਜਮਾਤ ਭਾਵ ਬੀਏ ਦਾ ਸਰਟੀਫਿਕੇਟ ਬਣਾਇਆ ਹੈ, ਇਸ ਤੇ ਵੀ ਪਹਿਲਾ ਸਮੈਸ ਟਰ 2019 ਵਿੱਚ ਲਿਖਿਆ ਹੋਇਆ ਹੈ। ਇਹ ਡਿਗਰੀ ਵੀ 2022 ਵਿੱਚ ਪੂਰੀ ਦਿਖਾਈ ਗਈ ਹੈ। ਇੱਕੋ ਸਮੇਂ ਤੇ ਇੱਕੋ ਵਿਦਿਆਰਥੀ ਨੂੰ ਇੱਕੋ ਕੋਰਸ ਦੀਆਂ 2 ਡਿਗਰੀਆਂ,2 ਵੱਖ-ਵੱਖ ਯੂਨੀਵਰਸਟੀਆਂ ਦੇ ਨਾਂ ਤੇ ਬਣਾਉਣ ਤੋਂ ਭਾਵ ਹੈ ਕਿ ਬਠਿੰਡਾ ਅੰਦਰ ਜਾਅਲੀ ਡਿਗਰੀਆਂ ਦਾ ਗੋਰਖ ਧੰਦਾ ਚੱਲ ਰਿਹਾ ਹੈ।ਪੰਜਾਬੀ ਯੂਨੀਵਰਸਿਟੀ ਦੇ ਨਾਂ ਤੇ ਬਣਾਏ ਗਏ ਸਰਟੀਫਿਕੇਟ ਵਿੱਚ ਵਿਦਿਆਰਥੀ ਦਾ ਕਾਲਜ਼ ਡੀਏਵੀ ਕਾਲਜ, ਮਾਨਸਾ ਦਾ ਦਿਖਾਇਆ ਗਿਆ ਹੈ ਪਰ ਜਦੋਂ ਡੀਏਵੀ ਕਾਲਜ ਮਾਨਸਾ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ 2019 ਤੋਂ ਲੈ ਕੇ 2022 ਤੱਕ ਕੁਲਵੀਰ ਕੌਰ ਨਾਂ ਦੇ ਕਿਸੇ ਵੀ ਵਿਦਿਆਰਥੀ ਵੱਲੋਂ ਕਾਲਜ ਵਿੱਚ ਦਾਖਲਾ ਨਹੀਂ ਲਿਆ ਗਿਆ ਸੀ। ਸਾਡੇ ਕੋਲ਼ ਪੁਖਤਾ ਸਬੂਤ ਹੋਣ ਕਾਰਨ ਜਦੋਂ ਇਸ ਮਾਮਲੇ ਵਿਚ ਸੈਂਟਰ ਦੇ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਹ ਪੂਰੀ ਤਰ੍ਹਾਂ ਹੀ ਮੁੱਕਰ ਗਿਆ ਪਰ ਜਦੋਂ ਉਸਨੂੰ ਦੱਸਿਆ ਗਿਆ ਕਿ ਇਸ ਗੱਲ ਦੇ ਸਾਡੇ ਕੋਲ ਪੁਖਤਾ ਸਬੂਤ ਹਨ ਤਾਂ ਉਸਨੇ ਗੱਲ ਕਿਸੇ ਅਮਨ ਨਾਮ ਦੇ ਵਿਅਕਤੀ ਤੇ ਸੁੱਟਦੇ ਹੋਏ ਕਿਹਾ ਕਿ ਮੈਨੂੰ ਤਾਂ ਉਸ ਵੱਲੋਂ ਇਹ ਡਿਗਰੀਆਂ ਭੇਜੀਆਂ ਗਈਆਂ ਸਨ। ਇਸ ਬਾਰੇ ਜਦੋਂ ਦਿੱਤੇ ਗਏ ਅਮਨ ਨਾਮ ਦੇ ਉਕਤ ਸ਼ਖਸ ਨਾਲ ਗੱਲ ਕਰਨੀ ਚਾਹੀਦੀ ਤਾਂ ਵਾਰ ਵਾਰ ਫੋਨ ਕਰਨ ਤੇ ਵੀ ਉਸਨੇ ਫੋਨ ਨਹੀਂ ਚੁੱਕਿਆ।