ਸੁਖਿੰਦਰ ਪੰਜਾਬੀ ਕਵਿਤਾ ਦਾ ਵਿਲੱਖਣ ਹਸਤਾਖਰ ਹੈ। ਪਿਛਲੇ ਕਈ ਵਰ੍ਹਿਆਂ ਤੋਂ ਕੈਨੇਡਾ ਵਿੱਚ ਰਹਿੰਦਾ ਹੋਇਆ ਉਹ ਬੜੀ ਬੇਬਾਕੀ ਨਾਲ ਸਾਹਿਤ, ਰਾਜਨੀਤੀ, ਧਰਮ, ਸਮਾਜ ਵਿੱਚ ਵਾਪਰਦੇ ਅਸੱਭਿਅ ਵਰਤਾਰੇ ਤੇ ਨਿਸੰਗ ਟਿੱਪਣੀਆਂ ਕਰ ਰਿਹਾ ਹੈ। ਉਹਦੀ ਇਸ ਨਿੱਡਰਤਾ ਨੂੰ ਦੱਬੂ ਮਾਨਸਿਕਤਾ ਵਾਲੇ ਲੋਕ ਪ੍ਰਵਾਨ ਨਹੀਂ ਕਰਦੇ। ਭਾਰਤੀ ਪੰਜਾਬ ਵਿੱਚ ਰਹਿੰਦੇ ਕੁਝ ਬੁੱਧੀਜੀਵੀ ਉਹਦੀ ਇਸ ਬੇਬਾਕੀ ਤੋਂ ਇਸ ਕਦਰ ਖ਼ੌਫ਼ਜ਼ਦਾ ਹਨ ਕਿ ਉਹਦੀਆਂ ਲਿਖਤਾਂ ਤੇ ਟਿੱਪਣੀਆਂ ਕਰਨੋਂ ਵੀ ਗੁਰੇਜ਼ ਕਰਦੇ ਹਨ, ਸ਼ਾਇਦ ਉਨ੍ਹਾਂ ਨੂੰ ਸਰਕਾਰੀ ਤੰਤਰ ਤੋਂ ਖਤਰਾ ਭਾਸਦਾ ਹੈ। ਬਹਿਰਹਾਲ…
ਮੂਲ ਤੌਰ ਤੇ ਸੁਖਿੰਦਰ ਵਿਗਿਆਨ ਦਾ ਵਿਦਿਆਰਥੀ ਹੈ। ਪਰ ਘਰ ਦੇ ਸਾਹਿਤਕ ਮਾਹੌਲ (ਪਿਤਾ, ਭਰਾ- ਡਾ. ਗੁਰਭਗਤ ਸਿੰਘ, ਡਾ. ਸੁਤਿੰਦਰ ਸਿੰਘ ਨੂਰ) ਕਾਰਨ ਉਹਨੇ ਛੇਤੀ ਹੀ ਪੰਜਾਬੀ ਕਵਿਤਾ ਨੂੰ ਆਪਣਾ ਮੁੱਖ ਖੇਤਰ ਬਣਾ ਲਿਆ। ਉਹਨੇ ਪੰਜਾਬੀ ਸਾਹਿਤ ਵਿੱਚ ਬਹੁਪੱਖੀ ਯੋਗਦਾਨ ਪਾਇਆ ਹੈ, ਜਿਸ ਵਿੱਚ ਵਿਗਿਆਨ (3), ਕਵਿਤਾ (23), ਆਲੋਚਨਾ (4), ਵਾਰਤਕ (5), ਸੰਪਾਦਨਾ (8), ਨਾਵਲ (2), ਬਾਲ ਸਾਹਿਤ (1) ਦੇ ਨਾਲ-ਨਾਲ ਇੱਕ ਅੰਗਰੇਜ਼ੀ ਪੁਸਤਕ ਵੀ ਸ਼ਾਮਲ ਹੈ। ਇਨ੍ਹਾਂ ਵਿੱਚ ਸ਼ਾਹਮੁਖੀ ਤੇ ਹਿੰਦੀ ਵਿੱਚ ਛਪੀਆਂ ਕਿਤਾਬਾਂ ਵੀ ਸ਼ਾਮਲ ਹਨ। ਇਹ ਵੇਰਵਾ 1972 ਤੋਂ ਹੁਣ (2024) ਤੱਕ ਦਾ ਹੈ। ਉਹ ਲੰਮੇ ਸਮੇਂ ਤੋਂ ਇੱਕ ਸਾਹਿਤਕ ਪੱਤਰ ‘ਸੰਵਾਦ’ ਦੀ ਸੰਪਾਦਨਾ ਦੀ ਜ਼ਿੰਮੇਵਾਰੀ ਵੀ ਸੰਭਾਲ ਰਿਹਾ ਹੈ।
‘ਜੰਗਬਾਜ਼ਾਂ ਦੇ ਖਿਲਾਫ਼’ (ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ; ਪੰਨੇ 99; ਮੁੱਲ 150/-) ਉਹਦੀ ਤਾਜ਼ਾ-ਤਰੀਨ ਪੁਸਤਕ ਹੈ ਤੇ ਇਸ ਵਿੱਚ ਉਹਨੇ ਜੰਗਬਾਜ਼ਾਂ ਖਿਲਾਫ਼ ਲਿਖੀਆਂ ਸਿਰਫ਼ ਨਵੀਆਂ ਕਵਿਤਾਵਾਂ ਹੀ ਸ਼ਾਮਲ ਨਹੀਂ ਕੀਤੀਆਂ ਸਗੋਂ ਉਨ੍ਹਾਂ ਸਾਰੀਆਂ ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ, ਜੋ ਉਹਨੇ ਪਿਛਲੇ ਕਰੀਬ 45 ਸਾਲਾਂ ਵਿੱਚ ਲਿਖੀਆਂ ਤੇ ਉਹਦੀਆਂ ਵੱਖ-ਵੱਖ ਕਿਤਾਬਾਂ ਵਿੱਚ ਵੀ ਛਪੀਆਂ ਹੋਈਆਂ ਹਨ। ਇੱਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਕਵੀ ਨੇ ਹਰ ਕਵਿਤਾ ਦੇ ਅੰਤ ਵਿੱਚ ਉਹਦੇ ਲਿਖਣ ਸਥਾਨ ਅਤੇ ਮਿਤੀ ਵੀ ਦਰਜ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਕਿਤਾਬ ਵਿਚਲੀਆਂ ਕਵਿਤਾਵਾਂ 2005 ਤੋਂ 2024 ਦੇ ਸਮੇਂ ਤੱਕ ਦੀਆਂ ਹਨ। ਸੰਗ੍ਰਹਿ ਦੀ ਸਭ ਤੋਂ ਪੁਰਾਣੀ ਕਵਿਤਾ ਮਾਲਟਨ – 2005 ਦੀ ਹੈ, ਜਦਕਿ ਸਭ ਤੋਂ ਨਵੀਂ ਮਾਲਟਨ – 7 ਫ਼ਰਵਰੀ 2024 ਦੀ। ਤੱਤਕਰਾ ਵਿੱਚ ਕਵਿਤਾਵਾਂ ਦੀ ਗਿਣਤੀ 34 ਲਿਖੀ ਹੈ, ਪਰ ਅਸਲ ਵਿੱਚ ਸੰਗ੍ਰਹਿ ਦੀ ਆਖਰੀ ਕਵਿਤਾ ‘ਖਤਰਨਾਕ ਪੁਸਤਕ’ (ਪੰਨੇ 98-99) ਦਾ ਨਾਂ ਇਸ ਵਿੱਚ ਸ਼ਾਮਲ ਹੋਣੋਂ ਰਹਿ ਗਿਆ ਹੈ, ਪਤਾ ਨਹੀਂ ਕਿਉਂ? ਇਸ ਤਰ੍ਹਾਂ ਇਸ ਕਿਤਾਬ ਵਿੱਚ 35 ਕਵਿਤਾਵਾਂ ਹਨ। ਸੰਗ੍ਰਹਿ ਵਿਚਲੀਆਂ ਵਧੇਰੇ ਕਵਿਤਾਵਾਂ (29) ਮਾਲਟਨ, ਕੈਨੇਡਾ ਦੀਆਂ ਹਨ ਤੇ ਕੁਝ ਕਵਿਤਾਵਾਂ (06) ਅੰਬਾਲਾ ਛਾਉਣੀ, ਭਾਰਤ ਵਿੱਚ ਰਹਿ ਕੇ ਲਿਖੀਆਂ ਗਈਆਂ ਹਨ।
ਕਵਿਤਾਵਾਂ ਤੋਂ ਪਹਿਲਾਂ ਲੰਮੀ ਭੂਮਿਕਾ ਹੈ, ਜਿਸ ਵਿੱਚ ਕਵੀ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਵਿਸ਼ੇ-ਵਸਤੂ ਤੋਂ ਪਰਿਚਿਤ ਕਰਵਾਇਆ ਹੈ। ਉਹਨੇ ਜੰਗਬਾਜ਼ ਦੇ ਅਰਥ ਸਪਸ਼ਟ ਕਰਕੇ ਇਹਦੇ ਵੱਖੋ-ਵੱਖਰੇ ਪੱਖ ਦੱਸੇ ਹਨ। ਕਵੀ ਮੁਤਾਬਕ ਉਹ ਲੋਕ ਜੰਗਬਾਜ਼ ਹਨ ਜੋ ਧਰਮ, ਰੰਗ, ਨਸਲ, ਜਾਤਪਾਤ, ਊਚਨੀਚ ਦੇ ਨਾਂ ਤੇ ਸਮਾਜ ਵਿੱਚ ਨਫ਼ਰਤ ਫ਼ੈਲਾਉਂਦੇ ਹਨ। ਉਹਨੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ, ਪ੍ਰਦੂਸ਼ਣ ਫ਼ੈਲਾਉਣ ਵਾਲੇ ਲੋਕਾਂ ਨੂੰ ਵੀ ਜੰਗਬਾਜ਼ਾਂ ਦੇ ਕਟਹਿਰੇ ਵਿੱਚ ਰੱਖਿਆ ਹੈ। ਯਾਨੀ ਕਵੀ ਦੀ ਨਜ਼ਰ ਵਿੱਚ ਹਰ ਉਹ ਬਸ਼ਰ ਜੰਗਬਾਜ਼ ਹੈ, ਜੋ ਮਾਨਵ ਵਿਰੋਧੀ ਕਿਸੇ ਵੀ ਘਟੀਆ/ਘਿਨਾਉਣੀ ਹਰਕਤ ਦਾ ਹਿੱਸਾ ਹੈ। ਕਵੀ ਨੇ ਦਾਅਵਾ ਕੀਤਾ ਹੈ ਕਿ ਜੰਗ ਦੇ ਵਿਸ਼ੇ ਬਾਰੇ ਪੰਜਾਬੀ ਕਾਵਿ-ਕਿਤਾਬ ਲਿਖਣ ਵਾਲਾ ਅਜੇ ਤੱਕ ਉਹ ਫਿਲਹਾਲ ਪਹਿਲਾ ਤੇ ਇਕਲੌਤਾ ਕਵੀ ਹੈ। ਉਹ ਇਹ ਗੱਲ ਵੀ ਬਿਨਾਂ ਝਿਜਕ ਤੋਂ ਕਹਿੰਦਾ ਹੈ ਕਿ ਪੰਜਾਬੀ ਦੇ ਵਧੇਰੇ ਪਾਠਕ ਤੇ ਸਾਹਿਤਕਾਰ ਜੰਗ ਵਿਰੋਧੀ/ ਅਮਨ ਬਾਰੇ ਕਵਿਤਾਵਾਂ ਪੜ੍ਹਨੀਆਂ ਪਸੰਦ ਨਹੀਂ ਕਰਦੇ। ਇਸ ਕਿਤਾਬ ਨੂੰ ਕਵੀ ਨੇ ਵਿਸ਼ਵ ਪ੍ਰਸਿੱਧ ਗਾਇਕਾਂ/ਕਵੀਆਂ ਨੂੰ ਸਮਰਪਿਤ ਕੀਤਾ ਹੈ।
ਕਵੀ ‘ਹਵਸ’ ਨੂੰ ਜੰਗ ਦਾ ਮੂਲ ਕਾਰਨ ਮੰਨਦਾ ਹੈ। ਧਰਤੀ ਤੇ ਕਬਜ਼ਾ, ਹਥਿਆਰ ਵੇਚਣੇ, ਮੀਡੀਆ ਤੇ ਕਬਜ਼ਾ, ਧਨ-ਦੌਲਤ ਤੇ ਕਬਜ਼ਾ, ਖ਼ੂਬਸੂਰਤ ਔਰਤਾਂ ਦਾ ਸ਼ਿਕਾਰ, ਰਾਜਸੱਤਾ ਹਥਿਆਉਣੀ ਇਹਦੇ ਮੁੱਖ ਕਾਰਨ ਹਨ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਵੀ ਸੰਸਾਰ ਵਿੱਚ ਵਾਪਰਦੇ ਪਲ-ਪਲ ਦੇ ਵਰਤਾਰੇ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਇਹ ਵਰਤਾਰਾ ਸਮਾਜ, ਧਰਮ, ਰਾਜਨੀਤੀ, ਸਭਿਆਚਾਰ, ਸਾਹਿਤ ਦੇ ਖੇਤਰ ਵਿੱਚ ਨਿਰੰਤਰ ਵਾਪਰ ਰਿਹਾ ਹੈ। ਕਵੀ ਨੇ ਯੂਕਰੇਨ, ਗਾਜ਼ਾ, ਯਮਨ, ਸੀਰੀਆ, ਸੋਮਾਲੀਆ, ਨਾਇਜੀਰੀਆ ਆਦਿ ਥਾਂਵਾਂ ਤੇ ਹੁੰਦੇ ਅਮਾਨਵੀ ਤਸ਼ੱਦਦ ਦੇ ਨਾਲ-ਨਾਲ ਵਿਦਿਆਲਿਆਂ, ਹਸਪਤਾਲਾਂ, ਧਾਰਮਿਕ ਸਥਾਨਾਂ ਤੇ ਹੁੰਦੇ ਖੂਨ-ਖਰਾਬੇ ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ। ਉਹ ਅਜਿਹੇ ਜੰਗਬਾਜ਼ਾਂ ਨੂੰ ਹਿਟਲਰ ਦੀ ਔਲਾਦ ਕਹਿੰਦਾ ਹੈ।
ਸੁਖਿੰਦਰ ਇੱਕ ਬੇਖੌਫ਼, ਨਿੱਡਰ ਅਤੇ ਸਪਸ਼ਟ ਕਵੀ ਹੈ, ਜਿਸਨੇ ਹਰ ਉਸ ਸਾਜ਼ਿਸ਼ ਨੂੰ ਨੰਗਿਆਂ ਕੀਤਾ ਹੈ, ਜੋ ਲਾਚਾਰ, ਮਾਸੂਮ, ਮਜ਼ਲੂਮ, ਨਿਮਾਣੇ, ਨਿਤਾਣੇ ਵਿਅਕਤੀ ਉੱਤੇ ਤਸ਼ੱਦਦ ਕਰਕੇ ਖ਼ੁਦ ਨੂੰ ਸ੍ਰੇਸ਼ਟ ਸਮਝਣ ਦਾ ਦਾਅਵਾ ਕਰਦੀ ਹੈ। ਉਹ ਇਨ੍ਹਾਂ ਨਿਹੱਥਿਆਂ ਦੀ ਧਿਰ ਬਣਦਾ ਹੈ :
ਹੀਰੋਸ਼ੀਮਾ ਤੋਂ ਗਾਜ਼ਾ ਤੱਕ
ਧਰਤੀ ਨੂੰ, ਮਹਾਂ-ਕਬਰਸਤਾਨ ਵਿੱਚ
ਬਦਲਣ ਵਾਲੀਆਂ, ਹਕੂਮਤਾਂ ਦੀ
ਇੱਟ ਨਾਲ ਇੱਟ ਖੜਕਾਉਣ ਵਾਲੇ-
ਜਾਂਬਾਜ਼ ਵੀ, ਮਹਾਂ-ਕਬਰਸਤਾਨ ਬਣ ਗਈ
ਧਰਤੀ ਦੇ, ਇਨ੍ਹਾਂ, ਹਿੱਸਿਆਂ ‘ਚੋਂ ਹੀ
ਜ਼ਰੂਰ, ਉਠਣਗੇ-
ਜ਼ਰੂਰ, ਉਠਣਗੇ- (ਪੰਨਾ 29)
ਕਵੀ ਅਮਨ ਤੇ ਸ਼ਾਂਤੀ ਚਾਹੁੰਦਾ ਹੈ ਤਾਂ ਕਿ (ਭਾਰਤ-ਪਾਕਿ) ਸਰਹੱਦ ਦੇ ਦੋਹੀਂ ਪਾਸੀਂ ਰਹਿਣ ਵਾਲੇ ਲੋਕ ਸਦੀਵੀ ਅਮਨ-ਚੈਨ ਨਾਲ ਜੀਵਨ ਬਿਤਾ ਸਕਣ। ਅਕਸਰ ਰਾਜਨੀਤਕ ਲੋਕ ਹੀ ਜਾਣ-ਬੁੱਝ ਕੇ ਸਰਹੱਦ ਉੱਤੇ ਖ਼ਤਰਾ ਦੱਸ ਕੇ ਹੱਸਦੇ-ਵੱਸਦੇ ਘਰਾਂ ਨੂੰ ਕਬਰਿਸਤਾਨ ਵਿੱਚ ਤਬਦੀਲ ਕਰ ਦਿੰਦੇ ਹਨ। ਜਦਕਿ ਆਮ ਲੋਕਾਂ ਦਾ ਇਸ ਸਭ ਕਾਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ :
ਜੰਗ ਦੇ ਵਿਉਪਾਰੀਆ
ਰਹਿਣ ਦੇ ਤੂੰ, ਐਵੇਂ
ਜੰਗ ਦੇ ਭਾਂਬੜ ਨ ਬਾਲ-
ਅਮਨ ਦੀ ਕੋਈ ਗੱਲ ਕਰ
ਸੁਰਖ਼ ਗੁਲਾਬਾਂ ਦੀ ਮਹਿਕ ਵੰਡ
ਤਿਤਲੀਆਂ ਨੂੰ ਬਾਗਾਂ ‘ਚ ਉਡਣ ਦੇ
ਚਿੜੀਆਂ ਦੇ ਚਹਿਕਣ ਦੀ ਆਵਾਜ਼
ਹਰ ਘਰ, ਹਰ ਗਲੀ, ਹਰ ਚੌਰਸਤੇ ‘ਚ
ਫ਼ੈਲ ਜਾਣ ਦੇ (ਪੰਨਾ 51)
ਸੁਖਿੰਦਰ ਦੀ ਇਹ ਕਾਵਿ-ਕਿਤਾਬ ਵਿਸ਼ਵ ‘ਚ ਫੈਲੇ ਜੰਗੀ-ਮਾਹੌਲ ਦਾ ਪਰਦਾਫ਼ਾਸ਼ ਕਰਦੀ ਹੈ ਤੇ ਤਪਦੇ ਆਲਮ ਵਿੱਚ ਠੰਡ ਦਾ ਬੁੱਲਾ ਲੈ ਕੇ ਆਉਂਦੀ ਹੈ। ਅਲੰਕਾਰਾਂ, ਬਿੰਬਾਂ, ਚਿੰਨ੍ਹਾਂ, ਪ੍ਰਤੀਕਾਂ ਆਦਿ ਦੇ ਮੁਲੰਮੇ ਤੋਂ ਰਹਿਤ ਸੁਖਿੰਦਰ ਦੀਆਂ ਇਹ ਕਵਿਤਾਵਾਂ ਸਧਾਰਨ ਭਾਸ਼ਾ ਵਿੱਚ ਸਧਾਰਨ ਵਿਅਕਤੀ ਦੀ ਗੱਲ ਬੜੀ ਸ਼ਕਤੀਸ਼ਾਲੀ ਢੰਗ ਨਾਲ ਕਹਿਣ ਦੀ ਸਮਰੱਥਾ ਰੱਖਦੀਆਂ ਹਨ, ਅਜਿਹਾ ਮੇਰਾ ਵਿਸ਼ਵਾਸ ਹੈ!

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.