ਫਰੀਦਕੋਟ , 12 ਅਗਸਤ (ਵਰਲਡ ਪੰਜਾਬੀ ਟਾਈਮਜ਼)
ਡਵੀਜਨ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੇ ਉਭਰਦੇ ਲਿਖਾਰੀ ਜਸ਼ਨਪ੍ਰੀਤ ਸਿੰਘ ਪਿੰਡ ਫਿੱਡੇ ਕਲਾਂ ਦੀ ਪੁਸਤਕ “ਕੋਹਾਂ ਪੈੜਾਂ ਦਾ ਸਫਰ’’ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਪੜਾਈ ਅਤੇ ਲਿਖਾਈ ਦੇ ਖੇਤਰ ਵੱਲ ਇਸੇ ਤਰਾਂ ਦੇ ਦਿਲਚਸਪੀ ਲੈਣੀ ਚਾਹੀਦੀ ਹੈ। ਉਹਨਾਂ ਨੌਜਵਾਨ ਲਿਖਾਰੀ ਜਸ਼ਨਪ੍ਰੀਤ ਸਿੰਘ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਅੱਜ ਦੇ ਇੰਟਰਨੈਟ ਯੂ-ਟਿਊਬ, ਫੇਸਬੁੱਕ ਦੇ ਜਮਾਨੇ ’ਚ ਵੀ ਲੋਕਾਂ ਦਾ ਰੁਝਾਨ ਕਿਤਾਬਾਂ ਪ੍ਰਤੀ ਬਰਕਰਾਰ ਹੈ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਅੱਜ ਦੀ ਇਸ ਤੇਜ ਰਫਤਾਰ ਜੰਿਦਗੀ ’ਚ ਕਿਤਾਬਾਂ, ਅਖਬਾਰਾਂ ਤੇ ਮੈਗਜੀਨ ਪੜਨ ਲਈ ਲੋਕ ਸਮਾਂ ਕੱਢ ਹੀ ਲੈਂਦੇ ਹਨ। ਲਿਖਾਰੀ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਨਾਂ ਦੀ ਇਹ ਪੁਸਤਕ ਉਨਾਂ ਦੀ ਨਾਨੀ ਸਵ. ਮਨਜੀਤ ਕੌਰ ਮੱਲਕੇ ਨੂੰ ਸਮਰਪਿਤ ਹੈ ਜਿਨਾਂ ਤੋਂ ਉਨਾਂ ਨੂੰ ਆਪਣੇ ਜੀਵਨ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਨਾਂ ਕਿਹਾ ਕਿ ਇਹ ਪੁਸਤਕ ਜੁਲਾਈ 2024 ਨੂੰ ਪੰਜਾਬੀ ਕਵੀ ਪਬਲੀਕੇਸਨ ਮੋਗਾ ਤੋਂ ਛਪਵਾਈ ਗਈ ਹੈ। ਜਸ਼ਨਪ੍ਰੀਤ ਸਿੰਘ ਸਰਾਂ ਦੇ ਮਾਤਾ ਪਿਤਾ, ਦਾਦਾ ਅਤੇ ਸਾਰੇ ਪਰਿਵਾਰ ਪਿੰਡ ਫਿੱਡੇ ਕਲਾਂ ਅਤੇ ਨਾਨਾ ਦਰਸਨ ਸਿੰਘ ਵਲੋਂ ਮਨਜੀਤ ਸਿੰਘ ਬਰਾੜ ਕਮਿਸ਼ਨਰ ਡਵੀਜਨ ਫਰੀਦਕੋਟ ਦਾ ਪੁਸਤਕ “ਕੋਹਾਂ ਪੈੜਾਂ ਦਾ ਸਫਰ’’ ਦੀ ਘੁੰਡ ਚੁਕਾਈ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਇੰਦਰਜੀਤਪਾਲ ਸਿੰਘ ਸਰਾਂ, ਅਮਰਜੀਤ ਸਿੰਘ ਨਕਸ਼ਾ ਨਵੀਸ, ਜਿਲਾ ਕਚਹਿਰੀਆਂ ਫਰੀਦਕੋਟ, ਰਾਕੇਸ਼ ਭਠੇਜਾ, ਐਡਵੋਕੇਟ ਜਸ, ਐਡਵੋਕੇਟ ਗੁਰਸ਼ਾਨ ਸਿੰਘ, ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।