ਫਰੀਦਕੋਟ, 6 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਅਜ਼ਾਦ ਅਤੇ ਨਿਰਪੱਖ ਢੰਗ ਨਾਲ ਚੋਣਾਂ ਕਰਵਾਉਣ ਲਈ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਵੱਲੋਂ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਅਤੇ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਨਾਲ ਸੰਵੇਦਨਸ਼ੀਲ (ਵਲਨੈਰੇਬਿਲੀਟੀ ਮੈਪਿੰਗ ਐਂਡ ਕਰੀਟੀਕਲ) ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਕਰਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ’ਚ ਸ਼੍ਰੀਮਤੀ ਹਰਜਿੰਦਰ ਕੌਰ, ਚੋਣ ਤਹਿਸੀਲਦਾਰ ਵਲੋਂ ਸੰਵੇਦਨਸ਼ੀਲ (ਵਲਨੈਰੇਬਿਲੀਟੀ ਮੈਪਿੰਗ ਐਂਡ ਕਰੀਟੀਕਲ) ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਨ ਲਈ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਤੇ ਨਿਰਧਾਰਤ ਪ੍ਰੋਫਾਮਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਡਿਪਟੀ ਕਮਿਸਨਰ ਵਿਨੀਤ ਕੁਮਾਰ ਨੇ ਹਦਾਇਤ ਕੀਤੀ ਕਿ ਪਿਛਲੀਆਂ ਲੋਕ ਸਭਾ ਚੋਣਾਂ-2019 ਅਤੇ ਵਿਧਾਨ ਸਭਾ ਚੋਣਾਂ-2022 ਜਿੱਥੇ ਚੋਣ ਪ੍ਰਕਿਰਿਆ ਦੀ ਉਲੰਘਣਾਂ ਜਾਂ ਹਿੰਸਾ ਨਾਲ ਸਬੰਧਤ ਐੱਫ.ਆਈ.ਆਰ. ਦਰਜ ਕੀਤੀ ਗਈ ਹੋਵੇ, ਜਿਹੜੇ ਪੋਲਿੰਗ ਸਟੇਸ਼ਨਾਂ ਤੇ 90 ਪ੍ਰਤੀਸ਼ਤ ਪੋਲਿੰਗ ਹੋਈ ਹੋਵੇ ਜਾਂ ਇੱਕ ਉਮੀਦਵਾਰ ਨੂੰ 75 ਪ੍ਰਤੀਸ਼ਤ ਤੋਂ ਵੱਧ ਵੋਟਾਂ ਪਈਆਂ ਹੋਣ, ਉਹਨਾਂ ਦੀ ਪੜਤਾਲ ਕਰਕੇ ਸੰਵੇਦਨਸ਼ੀਲ (ਵਲਨੈਰੇਬਿਲੀਟੀ ਮੈਪਿੰਗ ਐਂਡ ਕਰੀਟੀਕਲ) ਪੋਲਿੰਗ ਸਟੇਸ਼ਨਾਂ ਸਬੰਧੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਅਤੇ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਸੈਕਟਰ ਅਫਸਰ/ਪੁਲਿਸ ਸੈਕਟਰ ਅਫਸਰ ਆਪਸ ’ਚ ਤਾਲਮੇਲ ਕਰਕੇ ਇਹ ਸਾਰੀ ਕਾਰਵਾਈ ਕਰਨ ਅਤੇ ਸੰਕਲਿਤ ਰਿਪੋਰਟ ਜਲਦੀ ਤੋਂ ਜਲਦੀ ਦਿੱਤੀ ਜਾਵੇ। ਇਸ ਮੌਕੇ ਵੁਰਣ ਕੁਮਾਰ, ਐੱਸ.ਡੀ.ਐੱਮ. ਫਰੀਦਕੋਟ, ਸ਼੍ਰੀਮਤੀ ਵੀਰਪਾਲ ਕੌਰ, ਐੱਸ.ਡੀ.ਐੱਮ. ਕੋਟਕਪੂਰਾ, ਮਿਸ ਤੁਸ਼ਿਤਾ ਗੁਲਾਟੀ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਵਾਧੂ ਚਾਰਜ ਐਸ.ਡੀ.ਐਮ ਜੈਤੋ, ਗੁਰਬਿੰਦਰ ਸਿੰਘ, ਡੀ.ਐੱਸ.ਪੀ. ਹੈੱਡਕੁਆਰਟਰ ਫਰੀਦਕੋਟ, ਸਮਸ਼ੇਰ ਸਿੰਘ ਸ਼ੇਰਗਿੱਲ ਡੀ.ਐੱਸ.ਪੀ. ਫਰੀਦਕੋਟ, ਜਤਿੰਦਰ ਸਿੰਘ, ਡੀ.ਐੱਸ.ਪੀ. ਕੋਟਕਪੂਰਾ ਆਦਿ ਵੀ ਹਾਜ਼ਰ ਸਨ।