ਕੋਟਕਪੂਰਾ 21 ਸਤੰਬਰ ( ਵਰਲਡ ਪੰਜਾਬੀ ਟਾਈਮਜ਼)
ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ-ਪੁਰਬ ਮੌਕੇ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਕੂਲ ਦੇ ਵੱਖ-ਵੱਖ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਦੇ ਸ਼ਲੋਕ ਗਾਏ, ਫਿਰ ਸ਼ਬਦ , ਸੂਫ਼ੀਆਨਾ ਦੋਹੇ, ਕਵਾਲੀਆਂ, ਕਵਿਤਾਵਾਂ ਆਦਿ ਗਾ ਕੇ ਅਤੇ ਫ਼ਰੀਦ ਜੀ ਦੇ ਜੀਵਨ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ । ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਬਾਬਾ ਸ਼ੇਖ ਫ਼ਰੀਦ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਪੰਜਾਬੀ ਦੇ ਪਹਿਲੇ ਪ੍ਰਮਾਣਿਤ ਕਵੀ ਮੰਨੇ ਜਾਂਦੇ ਹਨ । ਉਨ੍ਹਾਂ ਨੇ ਆਪਣੀ ਸਮੁੱਚੀ ਬਾਣੀ ਰਾਹੀਂ ਮਨੁੱਖ ਨੂੰ ਨਿਮਰਤਾ ਨਾਲ, ਸਾਦਾ ਜੀਵਨ ਬਿਤਾਉਣ, ਰੱਬ ਨਾਲ ਜੁੜਣ, ਹਰ ਇੱਕ ਦਾ ਭਲਾ ਮਨਾਉਣ, ਜੀਵਨ ਦੀ ਨਾਸ਼ਮਾਨਤਾ ਨੂੰ ਯਾਦ ਰੱਖਣ ਦੀ ਪ੍ਰੇਰਨਾ ਦਿੱਤੀ ਅਤੇ ਰੁੱਖਾਂ ਵਾਂਗ ਹਰ ਦੁੱਖ-ਸੁੱਖ ਸਹਿਣ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮੇਂ ਸਕੂਲ ਦੇ ਸਰਪ੍ਰਸਤ ਸ੍ਰੀ ਅਸ਼ੋਕ ਚਾਵਲਾ ਨੇ ਮਹਾਨ ਸੂਫ਼ੀ ਸੰਤ ਅਤੇ ਸਿੱਖ ਕੌਮ ਦੀ ਸਤਿਕਾਰਤ ਹਸਤੀ ਸ਼ੇਖ ਫ਼ਰੀਦ ਜੀ ਦੇ ਆਗਮਨ-ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਵੈ-ਨਿਰਮਾਣ ਲਈ ਪ੍ਰੇਰਦੀ ਉਨ੍ਹਾਂ ਦੀ ਸਾਦਗੀ ਭਰੀ ਬਾਣੀ ਮਨੁੱਖਤਾ ਦਾ ਸੱਚਾਈ, ਸੰਤੋਖ ਅਤੇ ਨਿਮਰਤਾ ਦੇ ਰਸਤੇ ਉੱਤੇ ਚੱਲਣ ਲਈ ਮਾਰਗ ਦਰਸ਼ਨ ਕਰਦੀ ਹੈ ।