ਰਾਜ ਭਰ ਭਰ ਦੇ ਤਰਕਸ਼ੀਲ ਡੈਲੀਗੇਟਾਂ ਨੇ ਕੀਤੀ ਸ਼ਮੂਲੀਅਤ
ਬਰਨਾਲਾ 6 ਅਪ੍ਰੈਲ (ਵਰਲਡ ਪੰਜਾਬੀ ਟਾਈਮਜ)
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਦੋ ਰੋਜ਼ਾ ਸੂਬਾਈ ਸਾਲਾਨਾ ਇਕੱਤਰਤਾ ਸੁਸਾਇਟੀ ਦੇ ਮੁੱਖ ਦਫਤਰ ਸਥਾਨਕ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਦਸ ਜੋਨਾਂ ਅਤੇ ਪੰਜਾਹ ਇਕਾਈਆਂ ਦੇ 150 ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਰਕਸ਼ੀਲ ਲਹਿਰ ਨੂੰ ਜੱਥੇਬੰਦਕ ਪੱਧਰ ਤੇ ਹੋਰ ਮਜ਼ਬੂਤ ਕਰਕੇ ਇਸਦਾ ਘੇਰਾ ਹੋਰ
ਵਿਸ਼ਾਲ ਕਰਨ, ਤਰਕਸ਼ੀਲ ਸਾਹਿਤ ਨੂੰ ਵੱਡੇ ਪੱਧਰ ਤੇ ਹਰ ਵਰਗ ਦੇ ਲੋਕਾਂ ਤਕ ਪਹੁੰਚਾਉਣ ਅਤੇ ਸਮਾਜ ਵਿਚ ਦਿਨੋਂ ਦਿਨ ਵਧ ਰਹੀਆਂ ਮਾਨਸਿਕ ਸਮੱਸਿਆਵਾਂ ਅਤੇ ਖ਼ੁਦਕਸ਼ੀਆਂ ਲਈ ਜ਼ਿੰਮੇਵਾਰ ਕਾਰਨਾਂ ਅਤੇ ਉਨ੍ਹਾਂ ਦੇ ਹਲ ਸਬੰਧੀ ਵਿਸਥਾਰ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ।
ਇਕੱਤਰਤਾ ਦੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਸੁਸਾਇਟੀ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਕਿਹਾ ਕਿ ਜੱਥੇਬੰਦੀ ਦੀ ਮਜ਼ਬੂਤੀ ਲਈ ਜਿੱਥੇ ਤਰਕਸ਼ੀਲ ਜੋਨ ਅਤੇ ਇਕਾਈਆਂ ਦੀਆਂ ਨਿਯਮਤ ਮੀਟਿੰਗਾਂ ਅਤੇ ਮੈਂਬਰਾਂ ਦੀ ਹਾਜਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਉਥੇ ਹੀ ਹਰ ਛਿਮਾਹੀ ਬਾਅਦ ਜੋਨ ਪੱਧਰ ਤੇ ਵੱਖ ਵੱਖ ਵਿਸ਼ਿਆਂ ਸਬੰਧੀ ਸਿਖਲਾਈ ਕੈਂਪ ਲਗਾਏ ਜਾਣ ਦੀ ਵੀ ਲੋੜ ਹੈ। ਇਸਦੇ ਇਲਾਵਾ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨਾਲ ਸੰਬੰਧਿਤ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤਰਕਸ਼ੀਲ ਸੁਸਾਇਟੀ ਵਲੋਂ ਆਯੋਜਿਤ ਕੀਤੇ ਜਾਂਦੇ ਸੈਮੀਨਾਰਾਂ ਅਤੇ ਸਟੱਡੀ ਸਰਕਲ ਦਾ ਹਿੱਸਾ ਬਣਾ ਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਣਾ ਚਾਹੀਦਾ ਹੈ।
ਦੂਜੇ ਸੈਸ਼ਨ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਲੋਕਾਂ ਵਿਚ ਤਰਕਸ਼ੀਲ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਸਾਨੂੰ ਤਰਕਸ਼ੀਲ ਸਾਹਿਤ ਵੈਨ ਨੂੰ ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲਿਜਾਣ ਦੇ ਇਲਾਵਾ ਪੰਜਾਬ ਵਿੱਚ ਲਗਦੇ ਪੁਸਤਕ ਮੇਲਿਆਂ ਵਿਚ ਸ਼ਮੂਲੀਅਤ ਕਰਨ ਦੀ ਵੀ ਵੱਡੀ ਲੋੜ ਹੈ। ਤਰਕਸ਼ੀਲ ਮੈਗਜ਼ੀਨ ਸੁਸਾਇਟੀ ਦੀ ਵਿਗਿਆਨਕ ਵਿਚਾਰਧਾਰਾ ਦਾ ਮੁੱਖ ਬੁਲਾਰਾ ਹੋਣ ਦੇ ਨਾਤੇ ਇਸ ਨੂੰ ਹਰ ਪਿੰਡ,ਕਸਬੇ,ਲਾਇਬ੍ਰੇਰੀ,ਦਫਤਰ ਅਤੇ ਕਾਰਖਾਨਿਆਂ ਤਕ ਪਹੁੰਚਾਉਣ ਲਈ ਵਿਸ਼ੇਸ਼ ਯਤਨ ਜੁਟਾਉਣੇ ਚਾਹੀਦੇ ਹਨ। ਉਨ੍ਹਾਂ ਨੇ ਬੌਧਿਕ ਸਮਰੱਥਾ ਵਧਾਉਣ ਲਈ ਵਿਗਿਆਨਕ ਅਤੇ ਇਨਕਲਾਬੀ ਸਾਹਿਤ ਦਾ ਅਧਿਐਨ ਕਰਨ ਦੀ ਲੋੜ ਉਤੇ ਜੋਰ ਦਿੱਤਾ।
ਤੀਸਰੇ ਸੈਸ਼ਨ ਵਿਚ ਬੁਲਾਰੇ ਨੇ ਕਿਹਾ ਕਿ ਬੇਸ਼ਕ ਭਾਰਤੀ ਸਮਾਜ ਵਿਚ ਸਦੀਆਂ ਤੋਂ ਪੁਜਾਰੀ ਵਰਗ ਵਲੋਂ ਪਾਏ ਡਰਾਵਿਆਂ ਦੇ ਨਤੀਜੇ ਵਜੋਂ ਰੀਤੀ ਰਿਵਾਜਾਂ ਅਤੇ ਰਸਮਾਂ ਦੀ ਵੱਖ ਵੱਖ ਖਿੱਤਿਆਂ ਵਿਚ ਸਮਾਜਿਕ ਅਤੇ ਸਭਿਆਚਾਰਕ ਤੌਰ ਤੇ ਮਨੁੱਖੀ ਜੀਵਨ ਲਈ ਭੂਮਿਕਾ ਰਹੀ ਹੈ ਪਰ ਮੌਜੂਦਾ ਵਿਗਿਆਨਕ ਚੇਤਨਾ ਅਤੇ ਸਮਾਜਿਕ ਤਬਦੀਲੀ ਦੇ ਯੁੱਗ ਵਿਚ ਬਹੁਤ ਸਾਰੇ ਅਜਿਹੇ ਵੇਲਾ ਵਿਹਾ ਚੁੱਕੇ ਰੂੜੀਵਾਦੀ ਰਸਮਾਂ ਰਿਵਾਜ ਹਨ ਜਿਨ੍ਹਾਂ ਦੀ ਨਿਰਾਰਥਕਤਾ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਪਰਖਣ ਅਤੇ ਸਮਾਜ ਤੇ ਪਰਿਵਾਰਕ ਸਮਾਗਮਾਂ ਚੋਂ ਮਨਫੀ ਕਰਨ ਦੀ ਲੋੜ ਹੈ। ਅਜਿਹਾ ਯਕੀਨੀ ਬਣਾਉਣ ਲਈ ਸਾਨੂੰ ਲੋਕ ਪੱਖੀ ਸਮਾਜਿਕ ਅਤੇ ਸਭਿਆਚਾਰਕ ਬਦਲ ਪੇਸ਼ ਕਰਨ ਲਈ ਠੋਸ ਪਹਿਲਕਦਮੀਆਂ ਕਰਨ ਦੀ ਲੋੜ ਹੈ। ਪਿਛਲੇ ਕਈ ਦਹਾਕਿਆਂ ਤੋਂ ਤਰਕਸ਼ੀਲ ਸੁਸਾਇਟੀ ਵਲੋਂ ਮਰਨ ਉਪਰੰਤ ਸਰੀਰ ਦਾਨ, ਅੱਖਾਂ ਦਾਨ ਅਤੇ ਅੰਗ ਦਾਨ ਕਰਨ ਦੀ ਮੁਹਿੰਮ ਨੇ ਸਮਾਜ ਵਿੱਚ ਲੋਕ ਪੱਖੀ ਸਮਾਜਿਕ ਤਬਦੀਲੀ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਵਿਚਾਰ ਚਰਚਾ ਵਿੱਚ ਪਰਮਵੇਦ ਸੰਗਰੂਰ, ਸੁਰਜੀਤ ਟਿੱਬਾ ਸੱਤਪਾਲ ਸਲੋਹ, ਰਾਜੇਸ਼ ਅਕਲੀਆ,ਭੂਰਾ ਸਿੰਘ ਮਹਿਮਾ ਸਰਜਾ,ਅਜੀਤ ਪ੍ਰਦੇਸੀ,ਰਾਜਪਾਲ ਸਿੰਘ, ਜਸਵਿੰਦਰ ਫਗਵਾੜਾ, ਹੇਮ ਰਾਜ ਸਟੈਨੋਂ,ਧਰਮਪਾਲ ਲੁਧਿਆਣਾ, ਰਾਜਪਾਲ ਬਠਿੰਡਾ, ਜਸਵੰਤ ਮੋਹਾਲੀ,ਰਾਮ ਸਵਰਨ ਲੱਖੇਵਾਲੀ,ਬਲਬੀਰ ਲੌਂਗੋਵਾਲ,ਸੁਮੀਤ ਅੰਮ੍ਰਿਤਸਰ, ਜੋਗਿੰਦਰ ਕੁੱਲੇਵਾਲ,,ਸੰਦੀਪ ਧਾਰੀਵਾਲ ਭੌਜਾ,ਗੁਰਪ੍ਰੀਤ ਸ਼ਹਿਣਾ ਆਦਿ ਸ਼ਾਮਿਲ ਸਨ।
ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
Leave a Comment
Your email address will not be published. Required fields are marked with *