ਸਾਵਾਂ ਸੁਖਾਵਾਂ ਤੇ ਭਰਮ ਮੁਕਤ ਸਮਾਜ ਸਾਡਾ ਮਕਸਦ: ਭਦੌੜ
ਬਰਨਾਲਾ 10 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ )
ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਵਿੱਚ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਵਿੱਚ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਦੇ ਮਾਹਿਰ ਤੇ ਖੋਜਾਰਥੀ ਵੀ ਤਰਕਸ਼ੀਲ ਲਹਿਰ ਨੂੰ ਆਪਣੀਆਂ ਨਿਰਸਵਾਰਥ ਸੇਵਾਵਾਂ ਦੇਣ ਲੱਗੇ ਹਨ।ਪੰਜਾਬੀ ਸਾਹਿਤ ਦੇ ਹੋਣਹਾਰ ਖੋਜਾਰਥੀ ਡਾ.ਸਟਾਲਿਨਜੀਤ ਸਿੰਘ ਨੇ ਆਪਣੇ ਲਗਾਤਾਰ ਅਣਥੱਕ ਯਤਨਾਂ ਨਾਲ ਤਰਕਸ਼ੀਲ ਸੁਸਾਇਟੀ ਦੇ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਦੇ ਸੰਨ 1984 ਤੋਂ 2010 ਤਕ ਦੇ ਸਾਰੇ ਹੀ ਅੰਕਾਂ ਦੀ ਪੀ.ਡੀ. ਐਫ. ਬਣਾ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਇੰਟਰਨੈੱਟ ਆਰਕਾਈਵ ਉਤੇ ਪਾਈ ਹੈ। 2011 ਤੋਂ ਬਾਅਦ ਅੱਜ ਤਕ ਦੇ ਅੰਕਾਂ ਨੂੰ ਸੁਸਾਇਟੀ ਦੇ ਜੋਨ ਆਗੂ ਹਰਚੰਦ ਭਿੰਡਰ ਵਲੋਂ ਮੁਕੰਮਲ ਕੀਤਾ ਗਿਆ ਹੈ। ਜਿਹੜੇ ਦੇਸ਼ ਵਿਦੇਸ਼ ਵਸਦੇ ਪਾਠਕਾਂ ਦੇ ਪੜ੍ਹਨ ਲਈ ਤਰਕਸ਼ੀਲ ਸੁਸਾਇਟੀ ਦੀ ਵੈੱਬਸਾਈਟ ਤੇ ਉਪਲਬਧ ਹਨ।ਸਥਾਨਕ ਚਾਰਟਰਡ ਅਕਾਊਂਟੈਂਟ ਪ੍ਰਦੀਪ ਕੁਮਾਰ ਨੇ ਤਰਕਸ਼ੀਲ ਭਵਨ ਬਰਨਾਲਾ ਦੀ ਉਸਾਰੀ ਅਤੇ ਤਰਕਸ਼ੀਲ ਸਾਹਿਤ ਵੈਨ ਸਬੰਧੀ ਹਿਸਾਬ ਕਿਤਾਬ ਰੱਖਣ ਵਿੱਚ ਲਗਾਤਾਰ ਸੇਵਾਵਾਂ ਦਿੰਦੇ ਹੋਏ ਆਪਣਾ ਹਾਂ ਪੱਖੀ ਰੋਲ ਨਿਭਾਇਆ।
ਇਨ੍ਹਾਂ ਸੁਹਿਰਦ ਨਾਮਵਰ ਸਮਾਜਿਕ ਕਾਰਕੁਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਏ ਗਏ ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਾ.ਸਟਾਲਿਨਜੀਤ ਸਿੰਘ ਅਤੇ ਸੀ.ਏ.ਪ੍ਰਦੀਪ ਕੁਮਾਰ ਨੂੰ ਤਰਕਸ਼ੀਲ ਕਿਤਾਬਾਂ ਦਾ ਇਕ ਇਕ ਸੈੱਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਸਨਮਾਨਿਤ ਸ਼ਖ਼ਸੀਅਤਾਂ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਤਰਕਸ਼ੀਲ ਸੁਸਾਇਟੀ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਪਿਛਲੇ ਚਾਰ ਦਹਾਕਿਆਂ ਤੋਂ ਵਹਿਮਾਂ ਭਰਮਾਂ, ਅੰਧ ਵਿਸ਼ਵਾਸ਼ਾਂ ਨਾਬਰਾਬਰੀ ਖ਼ਿਲਾਫ਼ ਵਿਗਿਆਨਕ ਚੇਤਨਾ ਦੇ ਪ੍ਰਚਾਰ ਪਸਾਰ ਵਿੱਚ ਜੁਟੀ ਹੈ।ਜਿਸ ਦਾ ਮਕਸਦ ਸਾਵੇਂ ਸੁਖਾਵੇਂ ਤੇ ਭਰਮ ਮੁਕਤ ਸਮਾਜ ਹੈ।ਉਨ੍ਹਾਂ ਆਖਿਆ ਕਿ ਤਰਕਸ਼ੀਲ ਲਹਿਰ ਲਈ ਸੁਹਿਰਦ ਸਮਾਜਿਕ ਕਾਰਕੁਨਾਂ ਦਾ ਸਹਿਯੋਗ ਆਪਣੇ ਆਪ ਵਿੱਚ ਸਰਾਹੁਣਯੋਗ ਉੱਦਮ ਹੈ।
ਇਸ ਮੌਕੇ ਸੁਸਾਇਟੀ ਵੱਲੋਂ ਮੈਂਬਰ ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ, ਬਲਬੀਰ ਲੌਂਗੋਵਾਲ, ਰਾਜੇਸ਼ ਅਕਲੀਆ, ਰਾਮ ਸਵਰਨ ਲੱਖੇਵਾਲੀ, ਜਸਵਿੰਦਰ ਫਗਵਾੜਾ,ਜਸਵੰਤ ਮੋਹਾਲੀ, ਜੋਗਿੰਦਰ ਕੁੱਲੇਵਾਲ, ਸੁਮੀਤ ਅੰਮ੍ਰਿਤਸਰ, ਅਜੀਤ ਪ੍ਰਦੇਸੀ, ਗੁਰਪ੍ਰੀਤ ਸ਼ਹਿਣਾ, ਸੰਦੀਪ ਧਾਰੀਵਾਲ ਭੋਜਾਂ, ਪ੍ਰਿੰਸੀਪਲ ਗੁਰਮੀਤ ਖਰੜ, ਬਲਰਾਜ ਮੌੜ, ਕੁਲਜੀਤ ਅਬੋਹਰ ਮਾਸਟਰ ਪਰਮਵੇਦ ਸੰਗਰੂਰ, ਪਰਸ਼ੋਤਮ ਬੱਲੀ ਤੇ ਭੂਰਾ ਸਿੰਘ ਮਹਿਮਾ ਆਦਿ ਆਗੂ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਸਥਾਨਕ ਤਰਕਸ਼ੀਲ ਭਵਨ ਵਿੱਚ ਡਾ. ਸਟਾਲਨਜੀਤ ਤੇ ਸੀ.ਏ. ਪ੍ਰਦੀਪ ਕੁਮਾਰ ਦਾ ਸਨਮਾਨ ਕਰਦੇ ਹੋਏ ਸੂਬਾਈ ਆਗੂ।
Leave a Comment
Your email address will not be published. Required fields are marked with *