ਬੁੱਢੇ ਨਾਲੇ ਅਤੇ ਹੋਰਨਾ ਦਰਿਆਵਾਂ ਦੇ ਪਾਣੀਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਬੱਝੀ ਆਸ
ਕੋਟਕਪੂਰਾ, 23 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਅੱਜ ਲੁਧਿਆਣਾ ਵਿਖੇ ਬੁੱਢਾ ਦਰਿਆ ਦਾ ਦੌਰਾ ਕੀਤਾ ਅਤੇ ਉਸਦੇ ਪ੍ਰਦੂਸ਼ਣ ਦਾ ਮੌਕੇ ’ਤੇ ਜਾਇਜਾ ਲਿਆ। ਉਹਨਾਂ ਨਾਲ ਕਾਲੇ ਪਾਣੀ ਦਾ ਮੋਰਚਾ ਚਲਾ ਰਹੇ ‘ਨਰੋਆ ਪੰਜਾਬ ਮੰਚ’ ਅਤੇ ਪਬਲਿਕ ਐਕਸ਼ਨ ਕਮੇਟੀ ਦੇ ਕਾਰਕੁਨ ਵੀ ਸ਼ਾਮਿਲ ਸਨ। ਜਮਾਲਪੁਰ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਡਾਇੰਗ ਇੰਡਸਟਰੀ ਦੇ 40 ਅਤੇ 50 ਐੱਮ.ਐੱਲ.ਡੀ. ਦੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ ’ਚੋਂ ਨਿਕਲਦਾ ਪਾਣੀ ਵੇਖ ਉਹਨਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਸਵਾਲ ਪੁੱਛਿਆ ਕਿ ਕੀ ਇਹ ਟਰੀਟਡ ਪਾਣੀ ਹੈ? ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਦੀ ਅੱਜ ਦੀ ਫੇਰੀ ਦਾ ਮੁੱਖ ਮੰਤਵ ਪੰਜਾਬ ਦੇ ਦਰਿਆਵਾਂ ਦੇ ਹੋ ਰਹੇ ਪ੍ਰਦੂਸ਼ਣ ਅਤੇ ਖਾਸ ਕਰਕੇ ਸਤਲੁਜ ਦੇ ਬੁੱਢੇ ਦਰਿਆ ਵਲੋਂ ਹੋ ਰਹੇ ਪ੍ਰਦੂਸ਼ਣ ਵਿੱਚ ਲੰਬੇ ਸਮੇਂ ਤੋਂ ਕੋਈ ਵੀ ਕਾਰਗਰ ਹੱਲ ਨਾ ਨਿਕਲਣ ’ਤੇ ਪੈਂਦੇ ਭਿ੍ਰਸ਼ਟਾਚਾਰ ਬਾਰੇ ਸ਼ੱਕ ਤਹਿਤ ਈ.ਡੀ. ਦੀ ਦਖਲਅੰਦਾਜੀ ਦੀ ਸੰਭਾਵਨਾ ਨੂੰ ਆਪਣੇ ਅੱਖੀਂ ਦੇਖਣਾ ਤੇ ਸਮਝਣਾ ਸੀ। ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਜੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਜਾਂ ਕੋਈ ਪ੍ਰਾਈਵੇਟ ਇੰਡਸਟਰੀ ਦੇ ਮਾਲਕ ਮਿਲੀਭੁਗਤ ਕਰਕੇ ਦਰਿਆਵਾਂ ਦਾ ਪ੍ਰਦੂਸ਼ਣ ਜਾਂ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਤਾਂ ਈ.ਡੀ. ਨੂੰ ਅਖਤਿਆਰ ਹੈ ਕਿ ਉਹ ਪ੍ਰੀਵੈਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਵੀ ਉਹਨਾਂ ’ਤੇ ਕਾਰਵਾਈ ਕਰ ਸਕਦੀ ਹੈ, ਕਿਉਂਕਿ ਇਸ ਨੂੰ ਅਪਰਾਧ ਤੋਂ ਕਮਾਇਆ ਹੋਇਆ ਧਨ ਮੰਨਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਈ.ਡੀ. ਸਿਆਸਤਦਾਨਾਂ ’ਤੇ ਵੀ ਕਾਰਵਾਈ ਕਰ ਸਕਦੀ ਹੈ, ਜੇਕਰ ਉਹ ਅਫਸਰਾਂ ਨੂੰ ਜਾਂ ਇੰਡਸਟਰੀ ਮਾਲਕਾਂ ਨੂੰ ਸਹੀ ਕੰਮ ਕਰਨ ਤੋਂ ਰੋਕਦੇ ਹੋਏ ਪਾਏ ਜਾਂਦੇ ਹਨ। ਇਸ ਮੌਕੇ ਪਬਲਿਕ ਐਕਸ਼ਨ ਕਮੇਟੀ (ਮੱਤੇਵਾੜਾ, ਸਤਲੁਜ ਅਤੇ ਬੁੱਢਾ ਦਰਿਆ) ਦੇ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਹਾਲ ਹੀ ਵਿੱਚ ਜੀਰਾ ਦੀ ਸ਼ਰਾਬ ਫੈਕਟਰੀ ਵਲੋਂ ਧਰਤੀ ਹੇਠ ਪ੍ਰਦੂਸ਼ਿਤ ਪਾਣੀ ਪਾਏ ਜਾਣ ਦੇ ਮਾਮਲੇ ਵਿੱਚ ਵੀ ਈ.ਡੀ. ਨੇ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਆਪਣੀ ਕਾਰਵਾਈ ਕੀਤੀ ਹੈ। ਨਰੋਆ ਪੰਜਾਬ ਮੰਚ ਦੇ ਇੰਜੀ. ਜਸਕੀਰਤ ਸਿੰਘ ਨੇ ਦੱਸਿਆ ਕਿ ਜੇ ਬੁੱਢਾ ਦਰਿਆ ਨੂੰ ਸਾਫ-ਸੁਥਰਾ ਬਣਾਉਣ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਰਗੇ ਅਦਾਰੇ ਫੇਲ ਹੋਏ ਹਨ ਤਾਂ ਸਾਨੂੰ ਹੋਰ ਅਦਾਰਿਆਂ ਦਾ ਸਾਥ ਲੈਣ ਵਿੱਚ ਕੋਈ ਝਿਜਕ ਨਹੀਂ ਹੋਵੇਗੀ।