“ਦਸਮ ਬਾਣੀ” ਗੁਰੂ ਬਾਣੀ ਹੈ: ਕਿਉਂਕਿ ਇਹ “ਆਦਿ ਬਾਣੀ” ਦੀ ਵਿਆਖਿਆ ਹੈ, ਇਸ ਲਈ ਇਹ ਵੀ ਗੁਰਬਾਣੀ ਹੈ। ਆਦਿ ਬਾਣੀ ਜਾਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਵਿੱਚ ਪਹਿਲੀ ਬਾਣੀ “ਜਪੁ” ਹੈ, ਜਿਸ ਨੂੰ ਆਪਾਂ ‘ਜਪੁ ਜੀ ਸਾਹਿਬ’ ਕਹਿੰਦੇ ਹਾਂ, ਜੋ ਮੂਲ ਮੰਤਰ ਤੋਂ ਆਰੰਭ ਹੁੰਦਾ ਹੈ “ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ॥ ਗੁਰ ਪ੍ਰਸਾਦਿ”॥
ਇਸੇ ਤਰ੍ਹਾਂ ਹੀ, ਦਸਮ ਬਾਣੀ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਵੀ ਪਹਿਲੀ ਬਾਣੀ “ਜਾਪੁ” ਹੈ, ਜਿਸ ਨੂੰ ਆਪਾਂ ‘ਜਾਪੁ ਸਾਹਿਬ’ ਕਹਿੰਦੇ ਹਾਂ, ਇਹ ਵੀ ਮੂਲ ਮੰਤਰ ਵਾਂਗ ਹੀ ਪ੍ਰਭੂ ਸੋਭਾ ਵਿੱਚ ਆਰੰਭ ਹੁੰਦਾ ਹੈ। “ੴ ਸਤਿਗੁਰ ਪ੍ਰਸਾਦਿ। ਜਾਪੁ॥ ਸ੍ਰੀ ਮੁਖਵਾਕ ਪਾਤਸ਼ਾਹੀ ੧੦॥ ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ॥ ਅਚਲ ਮੂਰਤਿ ਅਨੁਭਵ ਪ੍ਰਕਾਸ ਅਮਿਤੋਜ ਕਹਿਜੈ॥ ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ॥ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ॥ ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ”॥
ਦਸ਼ਮੇਸ਼ ਜੀ ਦਾ ਉਪਰੋਕਤ ਸ਼ਬਦ, ਵੱਖਰੇ ਸ਼ਬਦਾਂ ਵਿੱਚ, ਮੂਲ ਮੰਤਰ ਦੀ ਹੀ ਵਿਆਖਿਆ ਹੈ। ਇਸ, ਸਾਰੀ ਬਾਣੀ ਵਿੱਚ ਮੁੱਖ ਰੂਪ ਵਿੱਚ ਪ੍ਰਭੂ ਦੀ ਸ਼ੋਭਾ ਹੀ ਕੀਤੀ ਗਈ ਹੈ। ਇਸ ਕਰਕੇ, ਦਸਮ ਬਾਣੀ ਵੀ ਗੁਰੂ ਬਾਣੀ ਹੈ, ਅਤੇ ਆਦਿ ਬਾਣੀ ਦੀ ਵਿਸਤਾਰ ਸਹਿਤ ਵਿਆਖਿਆ ਹੈ।
ਇਸੇ ਹੀ ਤਰ੍ਹਾਂ, ਜਪੁ ਜੀ ਸਾਹਿਬ ਦੀ “ਮੁੰਦਾ ਸੰਤੋਖੁ” ਪਉੜੀ ਵੱਖਰੇ ਸ਼ਬਦਾਂ ਵਿੱਚ ਵਿਆਖਿਆ ਸਹਿਤ ਦਸਮ ਦੇ ‘ਸ਼ਬਦ ਹਜ਼ਾਰਿਆਂ’ ਵਿੱਚ ਲਿਖੀ ਹੈ “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ” (ਜਪੁਜੀ ਸਾਹਿਬ)। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ
“ਰੇ ਮਨ ਇਹ ਬਿਧਿ ਜੋਗੁ ਕਮਾਓ॥ ਸਿੰਙੀ ਸਾਚ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ॥੧॥ਰਹਾਉ॥ ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ॥ ਬਾਜੈ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ॥੧॥ ਉਘਟੈ ਤਾਨ ਤਰੰਗ ਰੰਗ ਅਤਿ ਗਿਆਨ ਗੀਤ ਬੰਧਾਨੰ॥ ਚਕਿ ਚਕਿ ਰਹੈ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ॥੨॥ ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ॥ ਸਦਾ ਰਹੈ ਕੰਚਨ ਸੀ ਕਾਯਾ ਕਾਲ ਨ ਕਬਹੂੰ ਬ੍ਯਿਾਪੈ”॥ (ਜਾਪੁ ਸਾਹਿਬ)
ਇਸ ਕਰਕੇ, ਸਿੱਖਾਂ ਨੂੰ ਦਸਮ ਬਾਣੀ ਉੱਤੇ ਕਿੰਤੂ-ਪਰੰਤੂ ਨਹੀਂ ਕਰਨਾ ਚਾਹੀਦਾ। ਦਸਮ ਬਾਣੀ ਨੂੰ ਸ਼ਰਧਾ ਨਾਲ ਪੜ੍ਹ ਕੇ, ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।
ਠਾਕੁਰ ਦਲੀਪ ਸਿੰਘ