ਰਤਨ ਮਣੀ ਤੇ ਲਾਲ ਨੇ ਮਾਂ ਪਿਓ,
ਜ਼ਿੰਦਗੀ ਦੇ ਸਭ ਸਾਲ ਨੇ ਮਾਂ ਪਿਓ,
ਦੁੱਖਾਂ ਭੁੱਖਾਂ ਤੋਂ ਢਾਲ ਨੇ ਮਾਂ ਪਿਓ,
ਜੀਵਨ ਵਿੱਚ ਦੁਰਲੱਭ ਨੇ ਮਾਂ ਪਿਓ,
ਧਰਤੀ ਉੱਤੇ ਰੱਬ ਨੇ ਮਾਂ ਪਿਓ।।
ਲਹੂ ਮਿੱਝ ਤੇ ਮਾਸ ਨੇ ਮਾਂ ਪਿਓ,
ਆਪੇ ਤੋਂ ਵੀ ਖ਼ਾਸ ਨੇ ਮਾਂ ਪਿਓ,
ਹਰ ਪਲ-2 ਤੇ ਸ੍ਵਾਸ ਨੇ ਮਾਂ ਪਿਓ,
ਇੱਥੇ ਲਿਆਉਣ ਦਾ ਸਬੱਬ ਨੇ ਮਾਂ ਪਿਓ,
ਧਰਤੀ ਉੱਤੇ ਰੱਬ ਨੇ ਮਾਂ ਪਿਓ।।
ਗੰਗਾ ਜਮੁਨ ਪ੍ਰਿਆਗ ਨੇ ਮਾਂ ਪਿਓ,
ਮੰਜ਼ਿਲ ਦੇ ਲਈ ਭਾਗ ਨੇ ਮਾਂ ਪਿਓ,
ਬਾਣ ਪ੍ਰਸਤ ਦਾ ਤਿਆਗ ਨੇ ਮਾਂ ਪਿਓ,
ਜ਼ਿੰਦਗੀ ਦਾ ਕਰਤੱਬ ਨੇ ਮਾਂ ਪਿਓ,
ਧਰਤੀ ਉੱਤੇ ਰੱਬ ਨੇ ਮਾਂ ਪਿਓ।।
ਮਨ ਆਤਮ ਤੇ ਰੂਹ ਨੇ ਮਾਂ ਪਿਓ,
ਸਰੀਰ ਪਿੰਡ ਦੀ ਜੂਹ ਨੇ ਮਾਂ ਪਿਓ,
ਹਰ ਇੱਕ ਸ਼ਬਦ ਦੀ ਸੂਹ ਨੇ ਮਾਂ ਪਿਓ,
ਬਸ ਸਮਝ ਲਈ ਸਰਬੱਗ ਨੇ ਮਾਂ ਪਿਓ,
ਧਰਤੀ ਉੱਤੇ ਰੱਬ ਨੇ ਮਾਂ ਪਿਓ।।
ਖੁਸ਼ੀ ਗਮੀ ਹਰ ਚਾਹ ਨੇ ਮਾਂ ਪਿਓ,
ਰੱਬ ਵੱਲ ਸਿੱਧਾ ਰਾਹ ਨੇ ਮਾਂ ਪਿਓ,
ਭਰੇ ਭੰਡਾਰ ਦੇ ਸ਼ਾਹ ਨੇ ਮਾਂ ਪਿਓ,
ਮੰਜ਼ਿਲ ਦਾ ਹਰ ਪੱਬ ਨੇ ਮਾਂ ਪਿਓ,
ਧਰਤੀ ਉੱਤੇ ਰੱਬ ਨੇ ਮਾਂ ਪਿਓ।।
ਗ਼ਰੂਰ ਜਨੂੰਨ ਤੇ ਬਲ ਨੇ ਮਾਂ ਪਿਓ,
ਬੀਤਿਆ ਅੱਜ ਤੇ ਕੱਲ ਨੇ ਮਾਂ ਪਿਓ,
ਹਰ ਇੱਕ ਗੱਲ ਦਾ ਹੱਲ ਨੇ ਮਾਂ ਪਿਓ,
ਦੇਵੀ ਦੇਵ ਦੇ ਸੱਭ ਨੇ ਮਾਂ ਪਿਓ,
ਧਰਤੀ ਉੱਤੇ ਰੱਬ ਨੇ ਮਾਂ ਪਿਓ।।

ਮੰਗਤ ਸਿੰਘ ਲੌਂਗੋਵਾਲ