ਫਰੀਦਕੋਟ , 20 ਮਾਰਚ (ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ‘ਪੰਜਾਬ ਬਚਾਓ ਯਾਤਰਾ’ ਦੇ ਫਰੀਦਕੋਟ ਪਹੁੰਚਣ ਤੋਂ ਪਹਿਲਾਂ ਹੀ ਨਗਰ ਕੌਂਸਲ ਨੇ ਅਕਾਲੀ ਦਲ ਦੇ 400 ਤੋਂ ਵੱਧ ਪ੍ਰਚਾਰ ਪੋਸਟਰ ਫਾੜ ਦਿੱਤੇ ਤੇ ਕੁਝ ਵੱਡੇ ਬੋਰਡਾਂ ਨੂੰ ਸ਼ਹਿਰ ’ਚੋਂ ਉਤਾਰ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੁੱਜੀ ਯਾਤਰਾ ਬਾਰੇ ਅਕਾਲੀ ਦਲ ਦੇ ਸੂਬਾਈ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਦੋਸ਼ ਲਾਇਆ ਕਿ ਯਾਤਰਾ ਨੂੰ ਕਾਮਯਾਬ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ। ਇਸ ਤੋਂ ਪਹਿਲਾਂ ਇਹ ਯਾਤਰਾ 13 ਫਰਵਰੀ ਨੂੰ ਫਰੀਦਕੋਟ ਆਉਣੀ ਸੀ ਪਰ ਭਾਜਪਾ ਨਾਲ ਗਠਜੋੜ ਦੀ ਗੱਲਬਾਤ ਦੇ ਚੱਲਦਿਆਂ ਸੁਖਬੀਰ ਸਿੰਘ ਬਾਦਲ ਯਾਤਰਾ ਵਿਚਾਲੇ ਛੱਡ ਕੇ ਦਿੱਲੀ ਚਲੇ ਗਏ ਸਨ। ਇਸ ਕਰਕੇ ਅਕਾਲੀ ਦਲ ਨੂੰ ਯਾਤਰਾ ਦੇ ਪ੍ਰਚਾਰ ਲਈ ਲਾਏ ਹੋਰਡਿੰਗ ਬੋਰਡ ਖੁਦ ਹੀ ਹਟਾਉਣੇ ਪਏ ਸਨ। ਬੰਟੀ ਰੋਮਾਣਾ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਚੋਣ ਜਾਬਤੇ ਦੇ ਘੇਰੇ ਵਿੱਚ ਨਹੀਂ ਆਉਂਦੀ, ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਅਜੇ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਨਗਰ ਕੌਂਸਲਾਂ ਸ਼ਹਿਰ ’ਚੋਂ ਸਿਆਸੀ ਪਾਰਟੀਆਂ ਦੇ ਇਸ਼ਤਿਹਾਰੀ ਬੋਰਡ ਉਤਾਰ ਰਹੀਆਂ ਹਨ ਅਤੇ ਕਿਸੇ ਵੀ ਧਿਰ ਨਾਲ ਕੋਈ ਪੱਖ-ਪਾਤ ਨਹੀਂ ਕੀਤਾ ਜਾ ਰਿਹਾ।