ਕਰਮਜੀਤ ਸਕਰੁੱਲਾਂਪੁਰੀ (ਜਨਮ 1974) ਇੱਕ ਸਕੂਲ ਅਧਿਆਪਕ ਹੈ। ਬੀਏ. ਬੀਐੱਡ.ਕਰਕੇ ਉਹ 2002 ਤੋਂ ਸਰਕਾਰੀ ਪ੍ਰਾ.ਸਕੂਲ, ਮੁੰਡੀਆਂ, ਮੋਰਿੰਡਾ (ਰੋਪੜ) ਵਿਖੇ ਹੈੱਡਟੀਚਰ ਵਜੋਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪੰਜਾਬੀ ਦੀਆਂ ਵਿਭਿੰਨ ਪੱਤਰ-ਪੱਤ੍ਰਿਕਾਵਾਂ (ਪ੍ਰੀਤਲੜੀ, ਤਰਕਸ਼ੀਲ, ਤਰਕਬੋਧ, ਆਪਣੀ ਦੁਨੀਆਂ ਆਦਿ) ਵਿੱਚ ਗੀਤ, ਕਵਿਤਾਵਾਂ, ਲੇਖ ਆਦਿ ਲਿਖਣ ਤੋਂ ਇਲਾਵਾ ਉਹਨੇ ਪੁਸਤਕ ਸਮੀਖਿਅਕ ਵਜੋਂ ਵੀ ਆਪਣੀ ਹਾਜ਼ਰੀ ਲੁਆਈ ਹੈ। ਉਹਨੇ ਸਕੂਲਾਂ ਵਿੱਚ ਸਵੇਰ ਦੀ ਸਭਾ ਲਈ ਇੱਕ ਅਗਾਂਹਵਧੂ ਗੀਤ ਦੀ ਰਚਨਾ ਕੀਤੀ ਹੈ – ‘ਅਸੀਂ ਚਾਨਣ ਵੰਡਣਾ ਏ, ਚੰਨ ਸੂਰਜ ਤਾਰੇ ਬਣ ਕੇ ਜੀ/ ਹਰ ਦਿਲ ਵਿੱਚ ਵੱਸਣਾ ਏ, ਸਭਨਾਂ ਦੇ ਦੁਲਾਰੇ ਬਣ ਕੇ ਜੀ।’ ਉਹਦਾ ਇੱਕ ਹੋਰ ਗੀਤ ਵੀ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ – ‘ਨਾਨਕ ਤੇਰੀ ਧਰਤੀ ਤੇ, ਕੁੜੀਆਂ ਨੂੰ ਮੁਕਾਇਆ ਜਾਂਦੈ/ਉਂਜ ਸ਼ਾਮ ਸਵੇਰੇ ਤੇਰੀ, ਬਾਣੀ ਨੂੰ ਗਾਇਆ ਜਾਂਦੈ।’
ਇਸੇ ਸਾਲ ਉਹਦੀ ਪਹਿਲ-ਪਲੇਠੀ ਕਿਤਾਬ ਪ੍ਰਕਾਸ਼ਿਤ ਹੋਈ ਹੈ- ‘ਦੋ ਗਿੱਠ ਜ਼ਮੀਨ’ (ਯੂਨੀਸਟਾਰ ਬੁੱਕਸ ਪ੍ਰਾ. ਲਿ. ਮੋਹਾਲੀ; ਪੰਨੇ 115; ਮੁੱਲ 295/-), ਜਿਸ ਵਿੱਚ 7 ਲੰਮੀਆਂ ਕਹਾਣੀਆਂ ਹਨ। ਤਰਕਸ਼ੀਲ ਸੋਚ ਦੇ ਧਾਰਨੀ ਕਰਮਜੀਤ ਦੀਆਂ ਵਧੇਰੇ ਕਹਾਣੀਆਂ ਪਾਤਰ-ਪ੍ਰਧਾਨ ਹਨ। ਇਨ੍ਹਾਂ ਦੇ ਸਿਰਲੇਖ ਵੀ ਪਾਤਰ-ਮੁਖੀ ਹਨ- ‘ਗੰਡਾਸਾ… ਉਰਫ਼ ਗੰਢਾ ਸਿੰਘ’, ‘ਸਵਿਫ਼ਟ ਵਾਲੀ ਕੁੜੀ’, ‘ਬੇਰੀ ਵਾਲੀ ਬੇਬੇ’, ‘ਕੈਲਾ… ਗੱਪੀ ਨਹੀਂ ਸੀ’। ‘ਦੋ ਗਿੱਠ ਜ਼ਮੀਨ’ ਵਿੱਚ ਵੀ ਪਾਤਰ ਭਾਗ ਸਿੰਘ ਦੀ ਖ਼ਾਸ ਪਹਿਚਾਣ ਹੈ। ‘ਚੁੱਪ ਦੀ ਸਰਦਲ ਤੇ’ ਅਤੇ ‘ਗੂੜ੍ਹੇ ਰੰਗ’ ਵਿੱਚ ਕੋਈ ਇੱਕ ਪਾਤਰ ਪ੍ਰਮੁਖਤਾ ਨਾਲ ਨਹੀਂ ਉਭਰਿਆ।
ਪਹਿਲੀ ਕਹਾਣੀ ਦਾ ਗੰਢਾ ਸਿੰਘ 70 ਸਾਲ ਦਾ ਛੜਾ ਹੈ ਤੇ ਉਹ ਜਵਾਨੀ ਵਿੱਚ ਕਬੱਡੀ ਦਾ ਵਧੀਆ ਖਿਡਾਰੀ ਰਿਹਾ ਹੈ। ਹੁਣ ਵੀ ਜਦੋਂ ਆਸਪਾਸ ਕਿਤੇ ਕਬੱਡੀ ਦਾ ਟੂਰਨਾਮੈਂਟ ਹੋਵੇ ਤਾਂ ਤਾਇਆ ਗੰਢਾ ਸਿੰਘ ਨੂੰ ਉੱਥੇ ਵਿਸ਼ੇਸ਼ ਮਾਣ-ਤਾਣ ਦਿੱਤਾ ਜਾਂਦਾ ਹੈ। ਤਾਏ ਨੂੰ ਪਿੰਡ ਵਾਲਿਆਂ ਨੇ ਸਰਪੰਚ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਉਹਨੇ ਕੁਝ ਸ਼ਰਤਾਂ ਰੱਖ ਦਿੱਤੀਆਂ, ਜੀਹਦੇ ਮੂਹਰੇ ਸਾਰੇ ਚੁੱਪ ਹੋ ਗਏ ਤੇ ਗੱਲ ਆਈ-ਗਈ ਹੋ ਗਈ।
‘ਸਵਿਫ਼ਟ ਵਾਲੀ ਕੁੜੀ’ ਵਿੱਚ ਕਹਾਣੀ ਦੇ ਨਾਇਕ ਕੁਲਦੀਪ ਨਾਲ ਕਾਲਜ ਪੜ੍ਹਦੀ ਕੁੜੀ ਇਸ਼ਵਿੰਦਰ ਕੌਰ ਦਾ ਇਸ਼ਕੀਆ ਬਿਰਤਾਂਤ ਹੈ, ਜੋ ਵਿਆਹ ਪਿੱਛੋਂ ਨਿਊਜ਼ੀਲੈਂਡ ਚਲੀ ਗਈ ਤੇ ਇੱਕ ਦਿਨ ਅਚਾਨਕ ਕੁਲਦੀਪ ਨੂੰ ਬੈਂਕ ਦੇ ਏਟੀਐਮ ‘ਚੋਂ ਬਾਹਰ ਨਿਕਲਦੀ ਮਿਲੀ ਤਾਂ ਨਾਇਕ ਨੂੰ ਪਿੱਛਲਝਾਤ ਰਾਹੀਂ ਕਾਲਜ ਬਿਤਾਇਆ ਪੁਰਾਣਾ ਸਮਾਂ ਯਾਦ ਆ ਗਿਆ।
‘ਬੇਰੀ ਵਾਲੀ ਬੇਬੇ’ ਵਿੱਚ ਪਾਕਿਸਤਾਨੀ ਕੁੜੀ ਬਸ਼ੀਰਾਂ ਦੀ ਮਾਰਮਿਕ ਗਾਥਾ ਹੈ, ਜਿਸ ਨਾਲ ਪਿੰਡ ਦੇ ਦਸ ਨੰਬਰੀਏ ਵੈਲੀ ਨਰੰਗੇ ਨੇ ਵਿਆਹ ਕਰਕੇ ਘਰੇ ਵਸਾ ਲਿਆ ਤੇ ਨਾਂ ਬਸੰਤ ਕੌਰ ਰੱਖ ਦਿੱਤਾ। ਬਸੰਤ ਕੌਰ ਦੇ ਚਾਰ ਧੀਆਂ ਨੇ ਜਨਮ ਲਿਆ ਪਰ ਨਰੰਗੇ ਨੂੰ ਮੁੰਡੇ ਦੀ ਇੱਛਾ ਸੀ। ਨਰੰਗਾ ਪਿੰਡ ਛੱਡ ਕੇ ਪਹਿਲਾਂ ਦਿੱਲੀ ਤੇ ਫਿਰ ਕਲਕੱਤੇ ਚਲਾ ਗਿਆ। ਉੱਥੇ ਉਹਨੇ ਹੋਰ ਵਿਆਹ ਕਰਵਾ ਲਿਆ ਤੇ ਬਸੰਤ ਨੂੰ ਭੁੱਲ-ਭੁਲਾ ਗਿਆ, ਪਿੰਡ ਵੀ ਨਾ ਮੁੜਿਆ। ਸਾਰੀਆਂ ਕੁੜੀਆਂ ਦੇ ਵਿਆਹ ਬਸੰਤ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਕੀਤੇ। ਸੰਤਾਲੀ ਦੀ ਵੰਡ ਦਾ ਬਸੰਤ ਨੂੰ ਉਮਰ ਭਰ ਦੁੱਖ ਰਿਹਾ, ਇਸੇਲਈ ਪਿੰਡ ਦੇ ਸਕੂਲ ਵੱਲੋਂ ਮਨਾਏ ਜਾਣ ਵਾਲੇ 15 ਅਗਸਤ ਦੇ ਸਮਾਗਮ ਵਿੱਚ ਉਹ ਕਦੇ ਵੀ ਸ਼ਾਮਲ ਨਾ ਹੋਈ।
‘ਦੋ ਗਿੱਠ ਜ਼ਮੀਨ’ ਵਿੱਚ ਗਰੀਬ ਘਰ ਦੇ ਪਿਓ-ਮਹਿੱਟਰ ਮੁੰਡੇ ਭਾਗ ਸਿੰਘ ਦੀ ਕਹਾਣੀ ਹੈ, ਜਿਸਨੇ ਸਖਤ ਮਿਹਨਤ ਨਾਲ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਉੱਥੋਂ ਦੀ ਸੋਹਣੀ-ਸੁਨੱਖੀ ਜੈਨੇਟ ਨਾਲ ਵਿਆਹ ਕਰਵਾ ਲਿਆ। ਉਹ ਪਤਨੀ ਸਮੇਤ ਅਕਸਰ ਪਿੰਡ ਆਉਂਦਾ-ਜਾਂਦਾ ਤੇ ਪਿੰਡ ਲਈ ਬਹੁਤ ਕੁਝ ਕਰਨਾ ਚਾਹੁੰਦਾ ਸੀ। ਮਰਹੂਮ ਪਿਤਾ ਸੁੱਚਾ ਸਿੰਘ ਦੇ ਨਾਂ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਵਾਲਾ ਸਰਕਾਰੀ ਸਕੂਲ ਬਣਾਉਣਾ ਚਾਹੁੰਦਾ ਸੀ, ਪਰ ਪਿੰਡ ਵਾਲਿਆਂ ਨੇ ਇਸ ਕੰਮ ਲਈ ਜ਼ਮੀਨ ਨਾ ਦਿੱਤੀ। ਆਖ਼ਰ ਉਹ ਪਿਤਾ ਦੇ ਨਾਂ ਤੇ ਯਾਦਗਾਰੀ ਗੇਟ ਹੀ ਬਣਾ ਸਕਿਆ।
‘ਚੁੱਪ ਦੀ ਸਰਦਲ ਤੇ’ ਵਿੱਚ ਇੱਕ ਛੋਟੇ ਬੱਚੇ ਰਹਿਮਾਨ ਦਾ ਜ਼ਿਕਰ ਹੈ, ਜੋ ਧੋਬੀ ਇਕਬਾਲ ਦਾ ਬੇਟਾ ਹੈ। ਇਕਬਾਲ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਮਿੰਦਰ-ਤਨੂ ਦੀ ਨਵੀਂ ਬਣ ਰਹੀ ਕੋਠੀ ਦੀ ਦੇਖਭਾਲ ਕਰਦਾ ਹੈ। ਰਹਿਮਾਨ ਚੌਥੀ ਵਿੱਚ ਪੜ੍ਹਦਾ ਹੈ ਤੇ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ ਨਾਲ ਬਣ ਰਹੀ ਕੋਠੀ ਦੇ ਕਾਮਿਆਂ ਨਾਲ ਵੀ ਹੱਥ ਵਟਾਉਂਦਾ ਹੈ। ਪਰ ਜਦੋਂ ਮਕਾਨ ਮਾਲਕ ਆਪਣੀ ਕੋਠੀ ਵਿੱਚ ਸ਼ਿਫਟ ਹੁੰਦਾ ਹੈ ਤਾਂ ਧੋਬੀ ਨੂੰ ਪਰਿਵਾਰ ਸਹਿਤ ਓਥੋਂ ਨਿਕਲਣਾ ਪੈਂਦਾ ਹੈ। ਸਮਾਜ ਦੀ ਕਾਣੀ-ਵੰਡ ਬਾਰੇ ਮਾਸੂਮ ਸੁਆਲ ਰਹਿਮਾਨ ਦੇ ਮਨ ਵਿੱਚ ਅਟਕੇ ਹੋਏ ਹਨ, ਜੋ ਉਹ ਕਹਾਣੀ ਦੇ ‘ਮੈਂ’ ਪਾਤਰ ਨਾਲ ਸਾਂਝੇ ਕਰਦਾ ਹੈ।
‘ਗੂੜ੍ਹੇ ਰੰਗ’ ਵਿੱਚ ਪੰਜਾਬੀ ਅਧਿਆਪਕ ਅਤਿੰਦਰਪਾਲ ਉਰਫ਼ ਏਪੀ ਅਤੇ ਥੀਏਟਰ ਆਰਟਿਸਟ ਨਤਾਸ਼ਾ ਦੀ ਪ੍ਰੇਮ-ਗਾਥਾ ਹੈ। ਅਤਿੰਦਰਪਾਲ ਅਧਿਆਪਕ ਹੋਣ ਦੇ ਨਾਲ ਨਾਲ ਚਿੱਤਰਕਾਰ ਵੀ ਹੈ। ਉਹ ਆਪਣੇ ਚਿੱਤਰਾਂ ਵਿੱਚ ਅਕਸਰ ਹਲਕੇ ਰੰਗਾਂ ਦੀ ਵਰਤੋਂ ਕਰਦਾ ਹੈ। ਇੱਕ ਪਾਰਟੀ ਵਿੱਚ ਏਪੀ ਤੇ ਨਤਾਸ਼ਾ ਦੀ ਮੁਲਾਕਾਤ ਹੁੰਦੀ ਹੈ, ਜੋ ਪ੍ਰੇਮ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਦੋਵੇਂ ਅਕਸਰ ਚੰਡੀਗੜ੍ਹ ਦੀ ਪੀਯੂ ਜਾਂ ਸੁਖਨਾ ਲੇਕ ਤੇ ਮਿਲਦੇ ਹਨ। ਏਪੀ ਨਤਾਸ਼ਾ ਦੀ ਤਸਵੀਰ ਬਣਾਉਂਦਾ ਹੈ, ਜਿਸ ਵਿੱਚ ਹਲਕੇ ਰੰਗ ਹਨ ਪਰ ਨਤਾਸ਼ਾ ਏਪੀ ਨੂੰ ਗੂੜ੍ਹੇ ਰੰਗ ਵਰਤਣ ਦੀ ਸਲਾਹ ਦਿੰਦੀ ਹੈ। ਮੁਲਾਕਾਤਾਂ ਤੋਂ ਇਲਾਵਾ ਦੋਵੇਂ ਵਟਸਐਪ ਤੇ ਵੀ ਚੈਟਿੰਗ ਕਰਦੇ ਰਹਿੰਦੇ ਹਨ।
‘ਕੈਲਾ… ਗੱਪੀ ਨਹੀਂ ਸੀ’ ਵਿੱਚ ਦਲਿਤ ਸ਼੍ਰੇਣੀ ਦਾ ਕੈਲਾ ਸੀਰੀਪੁਣਾ, ਦਿਹਾੜੀ ਕਰਦਾ ਕਰਦਾ ਲਾਲ ਝੰਡੇ ਵਾਲਿਆਂ ਨਾਲ ਜਾ ਰਲਿਆ ਤੇ ਫਿਰ ਉਹਦੀ ਸੋਚ ਵੀ ਬਦਲ ਗਈ। ਕਾਮਰੇਡ ਕਰਨੈਲ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਕੈਲਾ ਹੁਣ ਹਰ ਗੱਲ ਨੂੰ ਸਿੱਧਾਂਤਕ ਨਜ਼ਰੀਏ ਨਾਲ ਵੇਖਣ ਸਮਝਣ ਲੱਗ ਪਿਆ ਤੇ ਪਿੰਡ ਦੇ ਲੋਕਾਂ ਨਾਲ ਗੱਲਾਂ ਕਰਦਿਆਂ ਵੀ ਉਹ ਦਲੀਲ ਦਾ ਪੱਲਾ ਨਾ ਛੱਡਦਾ। ਪਿੰਡ ਦੇ ਵਧੇਰੇ ਲੋਕ, ਖ਼ਾਸ ਕਰਕੇ ਜੈਮਲ ਵਰਗੇ ਉਹਨੂੰ ਗੱਪੀ ਹੀ ਸਮਝਦੇ। ਬਹੁਦੇਸ਼ੀ ਕੰਪਨੀਆਂ ਦਾ ਦਬਦਬਾ ਵਧਣ ਲੱਗਿਆ ਤਾਂ ਪਿੰਡ ਦੇ ਭੋਲੇ ਭਾਲੇ ਲੋਕ ਸਰਮਾਏਦਾਰਾਂ ਦੀਆਂ ਸ਼ਤਰੰਜੀ ਚਾਲਾਂ ਵਿੱਚ ਫਸ ਕੇ ਜ਼ਮੀਨਾਂ ਤੋਂ ਹੱਥ ਧੋ ਬੈਠੇ। ਠੇਕੇ, ਟੋਲ ਟੈਕਸ, ਮਹਿੰਗਾਈ, ਬੇਰੁਜ਼ਗਾਰੀ ਦੇ ਭੰਨੇ ਲੋਕਾਂ ਨੇ ਡੀਸੀ ਦਫ਼ਤਰ ਸਾਹਮਣੇ ਇਕੱਠ ਕੀਤਾ। ਉੱਥੇ ਲਾਲ ਝੰਡੇ ਵਾਲਿਆਂ ਵਿੱਚ ਕੈਲੇ ਦਾ ਜ਼ੋਰਦਾਰ ਭਾਸ਼ਣ ਸੁਣ ਕੇ ਜੈਮਲ ਵਰਗਿਆਂ ਨੂੰ ਸਮਝ ਆ ਗਈ ਕਿ ਕੈਲਾ ਗੱਪੀ ਨਹੀਂ..।
ਇਨ੍ਹਾਂ ਕਹਾਣੀਆਂ ਵਿਚਲੇ ਕੁਝ ਸੰਵਾਦ/ਵਿਚਾਰ ਬੜੇ ਦਿਲਚਸਪ ਅਤੇ ਗ੍ਰਹਿਣਯੋਗ ਹਨ :
ਜਿਨੂੰ ਆਪਣੀ ਬੋਲੀ ਨੀ ਆਉਂਦੀ, ਉਹ ਤਾਂ ਅੱਧਾ ਈ ਜੰਮਿਐ। (7)
ਬਾਣੀ ਅਮਲ ਦੀ ਗੱਲ ਕਰਦੀ ਐ। (8)
ਸਾਰਾ ਪਿੰਡ ਗੁਰਦੁਆਰਿਆਂ ਉੱਤੇ ਪੈਸੇ ਥੱਪੀ ਜਾਂਦੈ। ਲਿਸ਼ਕਾਏ ਐਂ ਪਏ ਐ ਜਿਵੇਂ ਰੱਬ ਨੇ ਸਾਡੇ ਪਿੰਡ ‘ਚ ਈ ਰਹਿਣੈ ਹੁੰਦੈ। ਦਬਾਨ ਲਾ ਲਾ ਕੇ ਬਾਬਿਆਂ ਨੂੰ ਮਾਇਆ ਲੁਟਾਈ ਜਾਂਦੈ ਅੱਧਾ ਪਿੰਡ… (12)
ਦਿਲ ਵੀ ਬੜਾ ਧੋਖੇਬਾਜ਼ ਹੁੰਦੈ। ਬਹੁਤ ਕੁਝ ਛੁਪਾ ਕੇ ਰੱਖਦੈ…ਭਿਣਕ ਤੱਕ ਨਹੀਂ ਪੈਣ ਦਿੰਦਾ। (14)
ਮੁਹੱਬਤ ਕਰਨੀ ਪੈਂਦੀ ਐ ਜੀ… ਆਇਡੀਏ ਮਿਲ ਜਾਂਦੇ ਨੇ… (23)
ਮਿਹਨਤ ਥਕਾਉਂਦੀ ਨੀ ਹੁੰਦੀ। ਚਮਕਾਉਂਦੀ ਹੁੰਦੀ ਐ..
(45)
ਕੁੜੀਆਂ ਦੀ ਗੱਲ ਸੁਣਨੀ ਘੱਟ ਤੇ ਸਮਝਣੀ ਵੱਧ ਪੈਂਦੀ ਹੈ। (91)
ਗੂੜ੍ਹੇ ਰੰਗ ਫਿੱਕੇ ਪੈ ਜਾਂਦੇ ਹਨ, ਬਦਲ ਜਾਂਦੇ ਹਨ।
(91)
ਡਰ ਨਾਲੋਂ ਡਰ ਦਾ ਮਾਹੌਲ ਬਹੁਤ ਡਰਾਵਣਾ ਹੁੰਦੈ।
(110)
ਧਰਮਾਂ ਦੇ ਠੇਕੇਦਾਰ, ਜਾਤਾਂ ਦੇ ਅਲੰਬਰਦਾਰ, ਮੌਕਾਪ੍ਰਸਤ ਲੀਡਰ, ਬਾਬੇ ਤੇ ਸਰਮਾਏਦਾਰ ਪਰਦੇ ਪਿੱਛੇ ਸਾਰੇ ਰਲੇ ਹੋਏ ਨੇ। (114)
ਵੱਟ-ਬੰਨਿਆਂ ਦੀਆਂ ਲੜਾਈਆਂ ਛੱਡ ਕੇ ਹੁਣ ਲੜਾਈ ਨੂੰ ਲੋਕਾਂ ਤੇ ਜੋਕਾਂ ਦੀ ਬਣਾ ਕੇ ਲੜੀਏ… ਫੇਰ ਅਸੀਂ ਜਿੱਤਾਂਗੇ। (114)
ਕਰਮਜੀਤ ਨੇ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਵਿੱਚ ਆਪਣੇ ਗੀਤਾਂ/ਕਵਿਤਾਵਾਂ ਨੂੰ ਥਾਂ ਦਿੱਤੀ ਹੈ। ਆਪਣੇ ਪਿੰਡ ਸਕਰੁੱਲਾਂਪੁਰ ਤੇ ਆਸਪਾਸ ਦੇ ਪਿੰਡਾਂ/ਸ਼ਹਿਰਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਕਈ ਕਹਾਣੀਆਂ ਵਿੱਚ ਅੰਗਰੇਜ਼ੀ ਵਾਕ, ਵਾਕੰਸ਼ ਤੇ ਸ਼ਬਦ ਵੀ ਲੋੜ ਅਨੁਸਾਰ ਵਰਤੇ ਹਨ। ‘ਗੂੜ੍ਹੇ ਰੰਗ’ ਵਿੱਚ ਤਾਂ ਹਿੰਦੀ ਸ਼ਬਦਾਂ ਦੀ ਕਾਫੀ ਭਰਮਾਰ ਹੈ। ਪਰ ਇਹ ਸਭ ਸਮੇਂ ਤੇ ਸਥਿਤੀ ਮੁਤਾਬਕ ਹੋਇਆ ਹੈ। ‘ਸਵਿਫ਼ਟ ਵਾਲੀ ਕੁੜੀ’ ਤੇ ਇੱਕ ਅੱਧ ਹੋਰ ਕਹਾਣੀ ਵਿੱਚ ਪਿੱਛਲਝਾਤ (ਫ਼ਲੈਸ਼ਬੈਕ) ਵਿਧੀ ਦੀ ਵਰਤੋਂ ਮਿਲਦੀ ਹੈ। ਕਿਤੇ ਕਿਤੇ ਕਹਾਣੀਕਾਰ ਨੇ ਆਪਣੀ ਸਿੱਧਾਂਤਕ ਸੇਧ ਨੂੰ ਵੀ ਪਾਤਰ ਦੇ ਮੂੰਹੋਂ ਅਖਵਾਇਆ ਹੈ। ਖ਼ਾਸ ਤੌਰ ਤੇ ਸੰਗ੍ਰਹਿ ਦੀ ਆਖਰੀ ਕਹਾਣੀ ਵਿੱਚ ਉਹਦਾ ਤਰਕਸ਼ੀਲ ਰਵੱਈਆ, ਅੰਤਰਰਾਸ਼ਟਰੀ ਵਰਤਾਰਾ, ਭਾਰਤ ਦੀ ਨਿੱਘਰਦੀ ਆਰਥਿਕਤਾ ਉੱਭਰਵੇਂ ਰੂਪ ਵਿੱਚ ਵਿਖਾਈ ਦਿੰਦਾ ਹੈ।
ਕਰਮਜੀਤ ਨੂੰ ਕਹਾਣੀ ਗੁੰਦਣੀ ਆਉਂਦੀ ਹੈ। ਕਹਾਣੀਆਂ ਵਿਚਲੇ ਪਾਤਰਾਂ ਦੇ ਨਾਂ, ਨਾਵਾਂ ਦੁਆਲੇ ਘਟਨਾਵਾਂ ਬੀੜਨੀਆਂ ਉਹਦੀ ਕਥਾ-ਜੁਗਤ ਦਾ ਅਹਿਮ ਹਿੱਸਾ ਹੈ। ਜਿਵੇਂ ਇਸ਼ਵਿੰਦਰ ਅਤੇ ਕੁਲਦੀਪ ਦੇ ਨਾਂ ਤੇ ਫਿਰ ਇਨ੍ਹਾਂ ਨਾਵਾਂ ਦੇ ਪਹਿਲੇ ਅੱਖਰਾਂ ‘ਇਸ਼’ ਅਤੇ ‘ਕ’ ਤੋਂ ‘ਇਸ਼ਕ’ ਬਣਾਉਣਾ…। ਇਨ੍ਹਾਂ ਕਹਾਣੀਆਂ ਨੂੰ ਪੜ੍ਹ ਕੇ ਕਿਹਾ ਜਾ ਸਕਦਾ ਹੈ ਕਿ ਕਰਮਜੀਤ ਪੰਜਾਬੀ ਕਹਾਣੀ ਵਿੱਚ ਤੇਜ਼ੀ ਨਾਲ ਉੱਭਰ ਰਿਹਾ ਸਿਰਨਾਵਾਂ ਹੈ। ਉਹਨੂੰ ਕਹਾਣੀ ਦੀ ਸਮਰੱਥਾ ਅਤੇ ਇਸ ਵਿਚਲੀ ਚੇਤਨਤਾ ਦਾ ਬੋਧ ਹੈ। ਉਸ ਵਿੱਚੋਂ ਭਵਿੱਖ ਦੇ ਉੱਭਰਦੇ ਜੁਝਾਰੂ ਕਥਾਕਾਰ ਦੇ ਅੰਸ਼ ਦ੍ਰਿਸ਼ਟੀਗੋਚਰ ਹੁੰਦੇ ਹਨ। ਪੰਜਾਬੀ ਕਥਾ-ਸਾਹਿਤ ਦੇ ਚਿਤਰਪਟ ਤੇ ਇੱਕ ਨਵੇਂ ਕਥਾਕਾਰ ਦੇ ਸ਼ੁਭਆਗਮਨ ਦਾ ਮੈਂ ਖ਼ੈਰ-ਮਕਦਮ ਕਰਦਾ ਹਾਂ!

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ)