ਜਿਹੜੇ ਮੁਲਾਜ਼ਮ ਹਰ ਰੋਜ਼ ਬੱਸ ਦਾ ਸਫ਼ਰ ਕਰਕੇ ਆਪਣੀ ਕਰਮ ’ਤੇ ਪਹੁੰਚਦੇ ਹਨ ਓਹਨਾਂ ਦਾ ਓਸ ਬੱਸ ਵਾਲਾ ਆਪਣਾ ਹੀ ਪਰਿਵਾਰ ਹੁੰਦੈ। ਓਸ ਬੱਸ ਵਿਚ ਸਫ਼ਰ ਕਰਨ ਵਾਲੇ ਰੋਜ਼ਾਨਾ ਦੇ ਸਾਥੀ ਹੁੰਦੇ ਹਨ। ਡਰਾਈਵਰ ਕੰਡਕਟਰ ਵੀ ਆਪਣੀ ਡੇਲੀ ਸਵਾਰੀ ਦਾ ਖਿਆਲ ਰੱਖਦੇ ਆ। ਜੇਕਰ ਕੋਈ ਕਿਸੇ ਕਾਰਨ ਕਿਸੇ ਦਿਨ ਨਾ ਜਾਵੇ ਤਾਂ ਨਾਲ ਦੇ ਨੂੰ, ‘ਉਹ ਸਰ/ਮੈਡਮ ਨਹੀਂ ਆਇਆ ਜਾਂ ਆਈ’ ਜ਼ਰੂਰ ਪੁੱਛਦੇ ਆ। ਹਰ – ਰੋਜ਼ ਨਵੀਆਂ ਨਵੀਆਂ ਗੱਲਾਂ ਦੇਖਣ-ਸੁਣਨ ਨੂੰ ਮਿਲਦੀਆਂ ਨੇ।
ਖ਼ੈਰ, ਸ੍ਰੀਮਤੀ ਨੇ ਵੀ ਬੱਸ ਰਾਹੀਂ ਆਪਣੇ ਸਕੂਲ ਜਾਣਾ ਹੁੰਦੈ। ਅੱਜ ਆ ਕਿ ਦੱਸਿਆ ਕਿ ਸਾਡੇ ਨਾਲ ਇਕ ਮੁੰਡਾ ਰਸਤੇ ਵਿੱਚੋਂ ਬੱਸ ਚੜ੍ਹਦਾ ਹੁੰਦਾ ਸੀ ਅਤੇ ਛੁੱਟੀਆਂ ਤੋਂ ਬਾਅਦ ਅੱਜ ਬੱਸ ਵਿਚ ਚੜ੍ਹਿਆ ਅਤੇ ਨਾਲ ਹੀ ਓਸਦੇ ਇਕ ਚੂੜੇ ਵਾਲੀ ਕੁੜੀ ਚੜ੍ਹੀ। ਨਾਲ ਬੈਠੇ ਮੈਡਮ ਆਂਹਦੇ, ‘ਇਉਂ ਲੱਗਦੈ ਜਿਵੇਂ ਇਸ ਮੁੰਡੇ ਦਾ ਵਿਆਹ ਹੋ ਗਿਆ ਹੋਵੇ।’
‘ਲੱਗਦਾ ਤਾਂ ਮੈਨੂੰ ਵੀ ਇਉਂ ਹੀ ਆ।’ ਆਖ ਸ੍ਰੀਮਤੀ ਨੇ ਜਵਾਬ ਦਿੱਤਾ।
ਸਵੇਰ ਵਾਲੀਆਂ ਬੱਸਾਂ ਵਿਚ ਭੀੜ ਜ਼ਿਆਦਾ ਹੁੰਦੀ ਹੈ ਕਿਉਂਕਿ ਪੜ੍ਹਨ ਵਾਲੇ ਬੱਚੇ ਵੀ ਹੁੰਦੇ ਹਨ। ਭੀੜ ਹੋਣ ਕਰਕੇ ਉਹ ਵੀ ਦੋਹੇਂ ਬਾਰੀ ਨੇੜੇ ਹੀ ਖੜ੍ਹ ਗਏ। ਬੱਸ ਥੋੜ੍ਹਾ ਚੱਲੀ ਤਾਂ ਹਵਾ ਨਾਲ ਕੁੜੀ ਦੇ ਵਾਲ ਖਿਲਰ ਜਿਹੇ ਗਏ ਤਾਂ ਓਸ ਮੁੰਡੇ ਨੇ ਕੁੜੀ ਦੇ ਚਿਹਰੇ ਉੱਤੇ ਆਏ ਵਾਲ ਪਾਸੇ ਕਰ ਦਿੱਤੇ। ਇਕੱਠੇ ਜੁ ਖੜ੍ਹੇ ਸਨ। ‘ਨਵੇਂ ਵਿਆਹੇ ਆ, ਚਾਅ ਆ।’ ਉਸ ਮੁੰਡੇ ਦੇ ਇਸ ਤਰ੍ਹਾਂ ਦੇ ਵਿਹਾਰ ਨੂੰ ਦੇਖਦਿਆਂ ਨਾਲ ਵਾਲੀ ਮੈਡਮ ਨੇ ਕਿਹਾ।
ਸ੍ਰੀਮਤੀ ਆਂਹਦੇ ਮਖਿਆ, ‘ਹੁਣ ਚਾਅ ਏ ਨਵੇਂ ਵਿਆਹੇ ਆ। ਨਾਲੇ ਇਹੀ ਸਮਾਂ ਹੁੰਦਾ ਹੈ ਫਿਰ ਤਾਂ ਬੱਸ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਨਾਲ ਕੰਬਲੀ ਭਾਰੀ ਹੁੰਦੀ ਜਾਂਦੀ ਆ।’
‘ਹਾਂ ਜੀ ਮੈਡਮ ਸਹੀ ਗੱਲ ਆ। ਹੁਣ ਆਪਾਂ ਨੂੰ ਹੀ ਦੇਖ ਲਵੋ ਕਿਵੇਂ ਘਰ ਵਾਲੇ ਬੱਸ ਅੱਡੇ ਵਿੱਚ ਪੀਹਣ ਵਾਲੇ ਗੱਟੇ ਆਂਗੂੰ ਸੁੱਟ ਜਾਂਦੇ ਆ।’ ਆਖ ਹੱਸਦੀਆਂ ਹੋਈਆਂ ਆਪਣੇ ਅੱਡੇ ’ਤੇ ਉਤਰਨ ਲਈ ਸੀਟ ਤੋਂ ਉੱਠ ਖੜ੍ਹੀਆਂ। ਬੱਸ ਰੁਕੀ ਅਤੇ ਉਤਰ ਕੇ ਹੱਸਦੀਆਂ ਹੱਸਦੀਆਂ ਸਕੂਲ ਪਹੁੰਚ ਗਈਆਂ।

ਮਾਸਟਰ ਰਵਿੰਦਰ ਸਿੰਘ
83601-37965
