![](https://i0.wp.com/worldpunjabitimes.com/wp-content/uploads/2023/12/2-3-1.jpg?resize=736%2C529&ssl=1)
ਪਟਿਆਲਾ 29 ਦਸੰਬਰ (ਡਾ.ਭਗਵੰਤ ਸਿੰਘ /ਵਰਲਡ ਪੰਜਾਬੀ ਟਾਈਮਜ਼)
ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਲੇਖਕਾਂ ਦਾ ਇੱਕ ਵਫਦ ਡਾ. ਭਗਵੰਤ ਸਿੰਘ ਦੀ ਅਗਵਾਈ ਹੇਠ ਮਾਣਯੋਗ ਗਵਰਨਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ ਨੂੰ ਰਾਜ ਭਵਨ ਪੰਜਾਬ ਚੰਡੀਗੜ੍ਹ ਵਿਖੇ ਮਿਲਿਆ। ਵਫਦ ਵਿੱਚ ਉਘੇ ਲੇਖਕ ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮਲਤਾ ਸ਼ਾਮਲ ਸਨ। ਵਫਦ ਨੇ ਗਵਰਨਰ ਸਾਹਿਬ ਨੂੰ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੀਆਂ ਸਾਹਿਤਕ, ਪੰਜਾਬੀ ਭਾਸ਼ਾ ਬਾਰੇ ਖੋਜ ਗਤੀਵਿਧੀਆਂ ਤੇ ਸਰੋਕਾਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਮਾਲਵਾ ਰਿਸਰਚ ਸੈਂਟਰ ਵੱਲੋਂ ਤਿਆਰ ਕੀਤੀਆਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਗੁਰਮਤਿ ਸਾਹਿਤ, ਭਗਤਬਾਣੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜਨੀਤਕ, ਸਮਾਜਕ, ਨਿਆਂਇਕ, ਆਰਥਿਕ ਸੰਦਰਭ, ਸਿੰਚਾਈ ਆਦਿ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਪੁਸਤਕਾਂ “ਮਹਾਰਾਜਾ ਰਣਜੀਤ ਸਿੰਘ”, “ਸੂਫੀਆਨਾ ਰਹੱਸ ਅਨੁਭੂਤੀ” ਅਤੇ “ਜਾਗੋ ਇੰਟਰਨੈਸ਼ਨਲ” ਭੇਂਟ ਕੀਤੀਆਂ। ਇਸ ਅਵਸਰ ਤੇ ਗਵਰਨਰ ਸਾਹਿਬ ਨੇ ਅਮਰ ਗਰਗ ਕਲਮਦਾਨ ਅਤੇ ਪ੍ਰਿੰਸੀਪਲ ਪ੍ਰੇਮਲਤਾ ਦੀ ਪੁਸਤਕ, “ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ” ਲੋਕ ਅਰਪਣ ਕੀਤੀ। ਇਸ ਪੁਸਤਕ ਵਿੱਚ ਕਲਮਦਾਨ ਨੇ ਧਰਤੀ ਮਾਤਾ, ਜਨਮ ਦੇਣ ਵਾਲੀ ਮਾਤਾ ਅਤੇ ਗਊ ਮਾਤਾ ਦੇ ਸੰਦਰਭ ਵਿੱਚ ਸੱਭਿਆਚਾਰ ਦਾ ਵਿਸ਼ਲੇਸ਼ਣ ਬਹੁਤ ਖੁਬਸੂਰਤੀ ਨਾਲ ਕੀਤਾ ਹੈ। ਇਹ ਇਨ੍ਹਾਂ ਦੀ ਸੱਤਵੀਂ ਪੁਸਤਕ ਹੈ। ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪਹਿਲੂਆਂ ਦੇ ਸਰਲ ਭਾਸ਼ਾ ਵਿੱਚ ਵਧੀਆ ਜਾਣਕਾਰੀ ਉਪਲਬਧ ਕਰਵਾਉਂਦੀ ਹੈ। ਲਿਪੀ, ਦਾ ਭਾਸ਼ਾ ਨਾਲ ਸਬੰਧ, ਰਿਗਵੇਦ, ਡਾਰਵਿਨ ਦੇ ਵਿਕਾਸਵਾਦ, ਭਗਤੀ ਲਹਿਰ ਦੇ ਸਿਰਜਕ ਸੰਤ ਰਾਮਾਨੰਦ, ਰਿਗਵੇਦ ਦੀਆਂ ਔਰਤ ਰਿਸ਼ੀਕਾਵਾਂ, ਪੰਜਾਬੀ ਸੱਭਿਆਚਾਰ ਵਿੱਚ ਕਿਰਤ ਤੇ ਕਲਾ ਦਾ ਪ੍ਰਤੀਕ ਬਾਰੇ ਬਾਹਰਮੁਖੀ ਦ੍ਰਿਸ਼ਟੀ ਤੋਂ ਖੂਬਸੂਰਤ ਨਿਬੰਧ ਇਸ ਪੁਸਤਕ ਵਿੱਚ ਸ਼ਾਮਲ ਕੀਤੇ ਗਏ ਹਨ। ਮਾਣਯੋਗ ਗਵਰਨਰ ਸਾਹਿਬ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਕਾਰਜ ਕਰਨ ਲਈ ਪ੍ਰੇਰਿਤ ਕੀਤਾ।
Leave a Comment
Your email address will not be published. Required fields are marked with *