ਕੋਟਕਪੂਰਾ, 9 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਲੋਕ ਸਭਾ ਚੋਣਾ ਦੇ ਮੱਦੇਨਜਰ ਪੈਰਾਮਿਲਟਰੀ ਫੋਰਸ ਦੀ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਤੈਨਾਤੀ, ਪੁਲਿਸ ਦੇ ਤੇਜ ਗਸ਼ਤ ਅਤੇ ਸਖਤ ਨਾਕਾਬੰਦੀ ਦੇ ਦਾਅਵਿਆਂ ਦੇ ਬਾਵਜੂਦ ਵੀ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਦਿਨ ਦਿਹਾੜੇ ਕਰੀਬ 2:30 ਵਜੇ ਮੋਟਰਸਾਈਕਲ ਸਵਾਰ ਲੁਟੇਰੇ ਨੇ ਇਕ ਅਧਿਆਪਕਾ ਦਾ ਪਰਸ ਝਪਟਿਆ ਅਤੇ ਫਰਾਰ ਹੋ ਗਿਆ। ਸਥਾਨਕ ਮੁਹੱਲਾ ਡਿੱਬੀਪੁਰਾ ਪੁਰਾਣਾ ਸ਼ਹਿਰ ਵਿਖੇ ਸਮਾਲਸਰ ਵਿੱਚ ਇਕ ਬੱਚਿਆਂ ਦਾ ਨਿੱਜੀ ਸਕੂਲ ਚਲਾਉਂਦੀ ਅਧਿਆਪਕਾ ਨੀਲਮ ਰਾਣੀ ਰੋਜਾਨਾ ਦੀ ਤਰਾਂ ਘਰ ਵਾਪਸ ਪਰਤ ਰਹੀ ਸੀ ਕਿ ਉਸਦੇ ਘਰ ਤੋਂ ਕੁਝ ਕੁ ਗਜ ਦੀ ਦੂਰੀ ’ਤੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਬੜੀ ਦਰਿੰਗਦੀ ਨਾਲ ਪਰਸ ਝਪਟਣ ਮੌਕੇ ਉਕਤ ਅਧਿਆਪਕਾ ਨੂੰ ਘੜੀਸਣ ਤੋਂ ਵੀ ਗੁਰੇਜ ਨਾ ਕੀਤਾ। ਨੀਲਮ ਰਾਣੀ ਦੇ ਬੇਟੇ ਵਰੁਨ ਨੇ ਦੱਸਿਆ ਕਿ ਪਰਸ ਵਿੱਚ 2 ਮੋਬਾਇਲ ਫੋਨ ਅਤੇ ਸਕੂਲ ਦੇ ਜਰੂਰੀ ਦਸਤਾਵੇਜ ਸਨ। ਘਟਨਾ ਸਥਾਨ ’ਤੇ ਪੁੱਜੇ ਲੜਕਿਆਂ ਨੇ 112 ਨੰਬਰ ’ਤੇ ਫੋਨ ਕਰਕੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਸੁਨੇਹਾ ਮਿਲਿਆ ਕਿ 77173-09524 ਮੋਬਾਇਲ ਰਾਹੀਂ ਤੁਸੀਂ ਪੀਸੀਆਰ ਦੇ ਮੁਲਾਜਮਾ ਨਾਲ ਸੰਪਰਕ ਕਰ ਸਕਦੇ ਹੋ। ਜਦ ਉਕਤ ਨੰਬਰ ’ਤੇ ਡਾਇਲ ਕੀਤਾ ਗਿਆ ਤਾਂ ਉਹ ਸਵਿੱਚ ਆਫ ਆ ਰਿਹਾ ਸੀ। ਜਿਕਰਯੋਗ ਹੈ ਕਿ ਦਿਨ ਦਿਹਾੜੇ ਚੋਰਾਂ ਤੇ ਲੁਟੇਰਿਆਂ ਦੀਆਂ ਵੱਧਦੀਆਂ ਜਾ ਰਹੀਆਂ ਸਰਗਰਮੀਆਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਚੋਰਾਂ ਤੇ ਲੁਟੇਰਿਆਂ ਨੂੰ ਪੁਲਿਸ ਪ੍ਰਸ਼ਾਸ਼ਨ ਜਾਂ ਕਾਨੂੰਨ ਦਾ ਕੋਈ ਡਰ-ਭੈਅ ਨਾ ਰਿਹਾ ਹੋਵੇ।