ਗਿਆਨੀ ਸੁਰਿੰਦਰ ਸਿੰਘ ਨਿਮਾਣਾ ਅਤੇ ਸ. ਬਿਕਰਮਜੀਤ ਸਿੰਘ ਜੀਤ ਦੋਵੇਂ ਹੀ ਗੁਰੂ-ਘਰ ਦੇ ਪ੍ਰੇਮੀ ਤੇ ਗੁਰਮੁਖ ਇਨਸਾਨ ਹਨ। ਦੋਹਾਂ ਦੀ ਮਿੱਤਰਤਾ ਦਾ ਸਬੱਬ ਸ਼੍ਰੋ. ਗੁ. ਪ੍ਰ. ਕ. ਦਾ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼’ ਬਣਿਆ। ਜਿੱਥੇ ਗਿਆਨੀ ਜੀ ਸਹਾਇਕ ਸੰਪਾਦਕ ਵਜੋਂ ਅਤੇ ਜੀਤ ਜੀ ਇੱਕ ਪਰੂਫ਼ ਰੀਡਰ (ਹੁਣ ਸਹਾਇਕ ਸੰਪਾਦਕ) ਵਜੋਂ ਇੱਕ-ਦੂਜੇ ਦੇ ਨੇੜੇ ਆਏ। ਗਿਆਨੀ ਜੀ ਸੇਵਾਮੁਕਤੀ ਪਿੱਛੋਂ ਬਟਾਲੇ ਵਿਖੇ ਇੱਕ ਵਿਦਿਅਕ ਅਦਾਰੇ ਦੀ ਦੇਖਰੇਖ ਕਰਨ ਲੱਗੇ, ਜਦਕਿ ਜੀਤ ਜੀ ਅਜੇ ਆਪਣੇ ਸੇਵਾਕਾਲ ਵਿੱਚ ਹਨ। ਦੋਵੇਂ ਸ਼ਖ਼ਸੀਅਤਾਂ ਬਟਾਲੇ ਦੀਆਂ ਅਦਬੀ ਮਹਿਫ਼ਿਲਾਂ ਨਾਲ ਜੁੜੀਆਂ ਹੋਈਆਂ ਹਨ। ਬਟਾਲੇ ਦੀ ਚਰਚਿਤ ਅਦਬੀ ਸ਼ਖ਼ਸੀਅਤ ਤੇ ਪੰਜਾਬੀ ਲੋਕ ਲਿਖਰੀ ਮੰਚ ਬਟਾਲਾ ਦੇ ਰੂਹੇ-ਰਵਾਂ ਡਾ. ਅਨੂਪ ਸਿੰਘ ਦੀ ਸੁਯੋਗ ਅਗਵਾਈ ਹੇਠ ਰੀਵਿਊ ਅਧੀਨ ਇਹ ਪੁਸਤਕ (ਬਟਾਲਾ ਸਾਹਿਤ ਸਾਗਰ ਦੇ ਮੋਤੀ; ਲੇਖਕ ਸੁਰਿੰਦਰਸਿੰਘ ਨਿਮਾਣਾ ਅਤੇ ਬਿਕਰਮਜੀਤ ਸਿੰਘ ਜੀਤ; ਪ੍ਰਕਾਸ਼ਕਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ; ਪੰਨੇ 151; ਮੁੱਲ
151/-) ਪ੍ਰਕਾਸ਼ਿਤ ਹੋ ਕੇ ਪਾਠਕਾਂ ਦੇ ਰੂਬਰੂ ਹੈ।
ਜਿਵੇਂ ਕਿ ਪੁਸਤਕ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਸ ਵਿੱਚ ਬਟਾਲਾ ਅਤੇ ਇਸਦੇ ਆਸਪਾਸ ਦੇ ਖੇਤਰਾਂ ਦੇ ਸਾਹਿਤਕ ਮੱਸ ਵਾਲੇ ਲੇਖਕਾਂ/ਕਵੀਆਂ/ਗੀਤਕਾਰਾਂ ਆਦਿ ਦੇ ਸਾਹਿਤਕ ਸੰਸਾਰ ਨੂੰ ਰੇਖਾਂਕਿਤ ਕੀਤਾ ਗਿਆ ਹੈ। ਇਸ ਵਿੱਚ ਸ਼ਾਮਲ ਪੰਜ ਲੇਖਕ ਪੂਰਨ ਸਿੱਖੀ ਸਰੂਪ ਵਾਲੇ ਹਨ। ਇਸ ਕਿਤਾਬ ਨੂੰ ਉਲੀਕਣ ਦਾ ਸੁਪਨਾ ਦੋਹਾਂ ਲੇਖਕਾਂ ਨੇ ਕਰੀਬ ਇੱਕ ਦਹਾਕੇ ਤੋਂ ਵੀ ਪਹਿਲਾਂ ਲਿਆ ਸੀ ਪਰ ‘ਸਹਿਜ ਪੱਕੇ ਸੋ ਮੀਠਾ ਹੋਇ’ ਮੁਤਾਬਕ ਸਹਿਜ ਨਾਲ ਕੀਤਾ ਕੋਈ ਵੀ ਕਾਰਜ ਚਿਰ-ਸਥਾਈ ਹੁੰਦਾ ਹੈ। ਜੋ ਪੰਜ ਲੇਖਕ ਇਸ ਪੁਸਤਕ ਦੀ ਜ਼ੀਨਤ ਬਣੇ ਹਨ, ਉਨ੍ਹਾਂ ਵਿੱਚ ਹੈੱਡ ਮਾਸਟਰ ਸ. ਸਵਿੰਦਰ ਸਿੰਘ ਭਾਗੋਵਾਲੀਆ, ਸ਼੍ਰੀ ਅਜੀਤ ਕਮਲ, ਚੰਨ ਬੋਲ਼ੇਵਾਲੀਆ, ਸ. ਨਰਿੰਦਰ ਸਿੰਘ ਸੰਧੂ ਅਤੇ ਸ. ਬਲਵਿੰਦਰ ਸਿੰਘ ਗੰਭੀਰ ਦੇ ਨਾਂ ਸ਼ਾਮਲ ਹਨ। ਇਨ੍ਹਾਂ ਪੰਜੇ ਕਲਮਕਾਰਾਂ ਨੂੰ ਵੱਖੋ-ਵੱਖਰੇ ਵਿਸ਼ੇਸ਼ਣਾ ਸਹਿਤ ਅਲੰਕ੍ਰਿਤ ਕੀਤਾ ਗਿਆ ਹੈ, ਜਿਵੇਂ – ਬਟਾਲਾ ਖੇਤਰ ਦਾ ਬਜ਼ੁਰਗ ਨੌਜਵਾਨ, ਗਹਿਰ ਗੰਭੀਰ ਤੇ ਸੰਤੁਸ਼ਟ ਸ਼ਾਇਰ, ਉਚੇਰੇ ਸਾਹਿਤਕ ਮੁਕਾਮ ਨੂੰ ਪਹੁੰਚੇ, ਬਹੁਪੱਖੀ ਕਵੀ ਤੇ ਆਦਰਸ਼ ਅਧਿਆਪਕ, ਗੁਣਾਂ ਦੀ ਖਾਣ ਤੇ ਸੂਝਵਾਨ ਸਾਹਿਤਕਾਰ।
ਪੁਸਤਕ ਵਿੱਚ ਸਭ ਤੋਂ ਉਮਰ-ਦਰਾਜ਼ ਵਿਅਕਤੀ ਵਜੋਂ ਜ਼ਿਮੀਂਦਾਰ ਖਾਨਦਾਨ ਦੇ ਸ. ਸਵਿੰਦਰ ਸਿੰਘ ਭਾਗੋਵਾਲੀਆ (ਜਨਮ 1938) ਦਾ ਨਾਂ ਪਰਮ-ਅਗੇਤ ਹੈ (ਪੰਨੇ 15-51)। ਜੋ ਇਮਾਨਦਾਰੀ, ਸਮੇਂ ਦੇ ਪਾਬੰਦ, ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੇ, ਸੱਚ ਕਹਿਣ ਵਾਲੇ ਸੂਰਮੇ ਅਤੇ ਸਭ ਤੋਂ ਵੱਧ ਇੱਕ ਬੇਬਾਕ ਗਾਇਕ ਵਜੋਂ ਜਾਣੇ ਜਾਂਦੇ ਹਨ। ਇਨ੍ਹਾਂ ਨੇ 52 ਸਾਲ ਦੀ ਉਮਰ ਵਿੱਚ ਪ੍ਰਾਈਵੇਟ ਤੌਰ ਤੇ ਐਮਏ ਕੀਤੀ । ਮਰਹੂਮ ਸ਼ਾਇਰ ਸੁਰਜੀਤ ਪਾਤਰ (1945-2024) ਦੀ ਪੁਸਤਕ ‘ਹਵਾ ਵਿੱਚ ਲਿਖੇ ਹਰਫ਼’ ਉਨ੍ਹਾਂ ਦੀ ਪਹਿਲੀ ਪਸੰਦ ਰਹੀ। ਇਨ੍ਹਾਂ ਨਾਲ ਸੰਬੰਧਿਤ ਲੇਖ ਵਿੱਚ ਗੀਤਕਾਰੀ, ਟੱਪਿਆਂ, ਬੋਲੀਆਂ ਅਤੇ ਪੁਸਤਕਾਂ ਦੀ ਵਿਸਤ੍ਰਿਤ ਚਰਚਾ ਕਰਕੇ ਇਨ੍ਹਾਂ ਦੀ ਸ਼ਖ਼ਸੀਅਤ ਦੇ ਵਿਭਿੰਨ ਪਹਿਲੂਆਂ ਨੂੰ ਉਘਾੜਿਆ ਗਿਆ ਹੈ।
ਦੂਜਾ ਲੇਖ ਸ਼੍ਰੀ ਅਜੀਤ ਕਮਲ (ਜਨਮ 1947) ਬਾਰੇ ਹੈ, ਜੋ ਟਾਂਕ-ਕਸ਼ੱਤਰੀ ਭਾਈਚਾਰੇ ਨਾਲ ਸੰਬੰਧਿਤ ਹਨ (ਪੰਨੇ 52-66)। ਕਮਲ ਜੀ ਨੇ ਗ਼ਜ਼ਲਾਂ, ਨਾਵਲ ਤੇ ਹੋਰ ਸਾਹਿਤ ਰੂਪਾਂ ਵਿੱਚ ਰਚਨਾ ਕੀਤੀ। ਉਨ੍ਹਾਂ ਨੇ ਸਰਕਾਰੀ ਅਦਾਰੇ ਵਿੱਚ ਸਟੈਨੋ-ਟਾਈਪਿਸਟ ਵਜੋਂ (1976 ਵਿੱਚ) ਨੌਕਰੀ ਸ਼ੁਰੂ ਕੀਤੀ ਅਤੇ ਵੱਖ ਵੱਖ ਥਾਂਵਾਂ ਤੇ ਵਿਚਰਦਿਆਂ 2005 ਵਿੱਚ ਸੀਨੀਅਰ ਸਹਾਇਕ ਵਜੋਂ ਸੇਵਾਮੁਕਤ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ ਲੁਧਿਆਣਾ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਮੈਂਬਰ ਵਜੋਂ ਜੁੜਿਆ ਇਹ ਲੇਖਕ ਮੌਜੂਦਾ ਸਮੇਂ ਬਟਾਲਾ ਵਿਖੇ ਰਹਿ ਰਿਹਾ ਹੈ।
ਕਵੀ ਤੇ ਗੀਤਕਾਰ ਵਜੋਂ ਪ੍ਰਸਿੱਧ ਚੰਨ ਬੋਲ਼ੇਵਾਲੀਆ ਉਰਫ਼ ਸ. ਚਰਨ ਸਿੰਘ (ਜਨਮ 1950) ਪਿੰਡ ਬੋਲ਼ੇਵਾਲ (ਗੁਰਦਾਸਪੁਰ) ਦੇ ਜੰਮਪਲ ਹਨ (ਪੰਨੇ 67-124)। ਪੰਜਵੀਂ ਜਮਾਤ ‘ਚ ਪੜ੍ਹਦਿਆਂ ਹੀ ਉਨ੍ਹਾਂ ਦੇ ਗੀਤਾਂ ਦਾ ਕਿਤਾਬਚਾ ਅੰਮ੍ਰਿਤਸਰ ਦੇ ਇੱਕ ਪ੍ਰਕਾਸ਼ਕ ਨੇ ਛਾਪ ਕੇ ਉਹਦੇ ਭਵਿੱਖਮੁਖੀ ਗੀਤਕਾਰ ਹੋਣ ਦੀ ਮੋਹਰ ਲਾ ਦਿੱਤੀ ਸੀ। ਲੋਰੀਆਂ (ਬਾਲ ਗੀਤ), ਮਾਂ ਰਾਣੀ (ਕਹਾਣੀ ਸੰਗ੍ਰਹਿ) ਅਤੇ ਥੋਹਰਾਂ ਵਰਗੇ ਲੋਕ (ਗ਼ਜ਼ਲ ਸੰਗ੍ਰਹਿ) ਦੇ ਕਰਤਾ ਬੋਲ਼ੇਵਾਲੀਆ ਨੇ ਕੁਝ ਸਮਾਂ ਫ਼ੌਜ ਵਿੱਚ ਵੀ ਨੌਕਰੀ ਕੀਤੀ।
ਸੰਧੂ ਬਟਾਲਵੀ ਉਰਫ਼ ਸ. ਨਰਿੰਦਰ ਸਿੰਘ ਸੰਧੂ ਬਟਾਲੇ ਦੇ ਵੱਡੇ ਜ਼ਿਮੀਂਦਾਰ ਘਰਾਣੇ ਦੇ ਜੰਮਪਲ (ਜਨਮ 1953) ਹਨ (ਪੰਨੇ 125-137)। ਉਨ੍ਹਾਂ ਨੇ 1976 ਤੋਂ ਸਿੱਖਿਆ ਵਿਭਾਗ ਵਿੱਚ ਬਤੌਰ ਸਾਇੰਸ ਮਾਸਟਰ ਸੇਵਾ ਸ਼ੁਰੂ ਕੀਤੀ ਤੇ ਮੁੱਖ ਅਧਿਆਪਕ ਵਜੋਂ ਸੇਵਾਮੁਕਤ ਹੋਏ। ਸਾਲ 2000 ਤੋਂ ਕਵਿਤਾ ਲਿਖਣੀ ਸ਼ੁਰੂ ਕੀਤੀ ਜੋ ਪੰਜਾਬੀ ਦੇ ਪ੍ਰਮੁੱਖ ਪੱਤਰ-ਪੱਤ੍ਰਿਕਾਵਾਂ ਵਿੱਚ ਛਪਣ ਲੱਗੀਆਂ। ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ਆਗਾਜ਼ ਤੇ ਪ੍ਰਵਾਜ਼ ਅਤੇ ਜ਼ਿੰਦਗੀ ਦੇ ਅੰਗਸੰਗ ਪ੍ਰਕਾਸ਼ਿਤ ਹੋ ਚੁੱਕੇ ਹਨ।
ਇੱਕ ਪੁਸਤਕ ਦੇ ਅੰਤਿਮ ਲੇਖਕ ਵਜੋਂ ਸ਼ਾਮਲ ਬਲਵਿੰਦਰ ਸਿੰਘ ਗੰਭੀਰ ਦਾ ਜਨਮ ਜੱਟ ਪਰਿਵਾਰ ਵਿੱਚ ਪਿੰਡ ਤਾਰਾਗੜ (ਨੇੜੇ ਬਟਾਲਾ) ਵਿਖੇ ਹੋਇਆ (ਪੰਨੇ 138-151)। ਗੁਰਮਤਿ ਪ੍ਰਕਾਸ਼ ਵਿੱਚ ਲਿਖੇ ਬਹੁਤ ਸਾਰੇ ਲੇਖਾਂ ਦੇ ਲੇਖਕ ਗੰਭੀਰ ਨੇ ਐਮਏ ਬੀਐੱਡ ਕਰਕੇ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ ਹੈ। ਵਿਅੰਗ ਕਾਵਿ ਵਜੋਂ ਪ੍ਰਕਾਸ਼ਿਤ ਉਨ੍ਹਾਂ ਦੀ ਕਿਤਾਬ ਤੀਰ ਗੰਭੀਰ ਬਹੁਤ ਚਰਚਿਤ ਹੋਈ ਹੈ।
ਇਸ ਲੜੀ ਦੀ ਇਹ ਪਹਿਲੀ ਪੁਸਤਕ ਹੈ, ਜੋ ਕਿ ਪੁਸਤਕ ਦੇ ਸਰਵਰਕ ਤੋਂ ਵੀ ਸਪਸ਼ਟ ਹੁੰਦਾ ਹੈ। ਇਸ ਕਿਤਾਬ ਨੂੰ ਪੁਸਤਕ-ਲੇਖਕਾਂ ਨੇ ਆਪਣੀਆਂ ਸੁਰਗਵਾਸੀ ਮਾਤਾਵਾਂ ਅਮਰ ਕੌਰ ਅਤੇ ਤਜਿੰਦਰਪਾਲ ਕੌਰ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤਾ ਹੈ। ਇੱਕ ਗੱਲ ਮੇਰੇ ਜ਼ਿਹਨ ਵਿੱਚ ਵਾਰ ਵਾਰ ਆ ਰਹੀ ਹੈ ਕਿ ਬਟਾਲਾ ਸ਼ਹਿਰ ਦੀ ਕਿਸੇ ਨਾਰੀ-ਲੇਖਕ ਨੂੰ ਇਸ ਵਿੱਚ ਥਾਂ ਕਿਉਂ ਨਹੀਂ ਮਿਲੀ, ਜਦਕਿ ਸਿਮਰਤ ਸੁਮੈਰਾ ਜਿਹੀਆਂ ਸੂਝਵਾਨ ਤੇ ਪਰਿਪੱਕ ਲੇਖਕਾਵਾਂ ਦਾ ਜ਼ਿਕਰ ਨਿਮਾਣਾ ਜੀ ਨੇ ਭੂਮਿਕਾ ਵਿੱਚ ਆਪ ਕੀਤਾ ਹੈ! ਇਹ ਹੋਰ ਵੀ ਚੰਗੇਰਾ ਹੋਣਾ ਸੀ ਜੇਕਰ ਪੁਸਤਕ ਵਿੱਚ ਸ਼ਾਮਲ ਸ਼ਖ਼ਸੀਅਤਾਂ ਦੇ ਨਾਂ-ਪਤੇ ਅਤੇ ਸੰਪਰਕ ਨੰ. ਵੀ ਦੇ ਦਿਤੇ ਜਾਂਦੇ ਤਾਂ ਜੋ ਜਗਿਆਸੂ ਸਿੱਧਾ ਹੀ ਸੰਬੰਧਿਤ ਸ਼ਖ਼ਸ ਨਾਲ ਰਾਬਤਾ ਕਰਕੇ ਆਪਣੀ ਜਗਿਆਸਾ ਦਾ ਸਮਾਧਾਨ ਕਰ ਲੈਂਦਾ।
ਕੁਝ ਵੀ ਹੈ, ਬਟਾਲਾ ਖੇਤਰ ਦੇ ਲੇਖਕਾਂ ਨੂੰ ਇੱਕ ਮੰਚ ਤੇ ਇਕੱਤਰ ਕਰਕੇ ਪੁਸਤਕ-ਲੇਖਕਾਂ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਗਿਆਨੀ ਸੁਰਿੰਦਰ ਸਿੰਘ ਨਿਮਾਣਾ ਅਤੇ ਸ. ਬਿਕਰਮਜੀਤ ਸਿੰਘ ਜੀਤ ਦੇ ਸੁਯੋਗ ਯਤਨਾਂ ਨਾਲ ਸਾਹਮਣੇ ਆਈ ਇਸ ਪੁਸਤਕ ਦੇ ਦੁਰਲੱਭ ਮੋਤੀ ਵਾਕਈ ਬੇਸ਼ਕੀਮਤੀ ਹਨ, ਜਿਨ੍ਹਾਂ ਦੀ ਜ਼ਿੰਦਗੀ ਦੇ ਨੰਨੇ-ਨਿੱਕੇ ਵੇਰਵਿਆਂ ਤੋਂ ਲੈ ਕੇ ਸਾਹਿਤਕਾਰੀ ਵਿੱਚ ਪਾਏ ਯੋਗਦਾਨ ਦੀ ਵਿਸਤ੍ਰਿਤ ਚਰਚਾ ਹੋਈ ਹੈ, ਏਥੋਂ ਤੱਕ ਕਿ ਇੱਕ-ਇੱਕ ਕਹਾਣੀ ਅਤੇ ਕਵਿਤਾ ਤੇ ਬਰੀਕ ਨਜ਼ਰਸਾਨੀ ਕੀਤੀ ਗਈ ਹੈ। ਪੁਸਤਕ ਦੇ ਸਰਵਰਕ ਤੇ ਪੰਜੇ ਸ਼ਖ਼ਸੀਅਤਾਂ ਦੀਆਂ ਰੰਗੀਨ ਤਸਵੀਰਾਂ ਸੁਭਾਇਮਾਨ ਹਨ, ਜਦਕਿ ਅੰਦਰਵਾਰ ਇਹ ਆਪਣੀਆਂ ਜੀਵਨ-ਸਾਥਣਾਂ ਨਾਲ ਸੁਸ਼ੋਭਿਤ ਹਨ। ਦੋਵੇਂ ਪੁਸਤਕ-ਲੇਖਕਾਂ ਅਤੇ ਪੁਸਤਕ ਵਿੱਚ ਸ਼ਾਮਲ ਸਾਹਿਤਕਾਰਾਂ ਨੂੰ ਦਿਲੀ ਮੁਬਾਰਕ!
* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *