ਕਿਤਾਬ ਦਾ ਨਾਮ- ਬਾਦਸ਼ਾਹ ਦਰਵੇਸ਼
ਲੇਖਕ ਦਾ ਨਾਮ. ਸੁਖਦੇਵ ਸਿੰਘ ਭੁੱਲੜ
ਪ੍ਰਕਾਸ਼ਕ -ਵਿਚਾਰ ਪਬਲੀਕੇਸ਼ਨ ਸਰਜੀਤ ਪੁਰ
ਕੀਮਤ -250 ਰੁਪਏ
7973520367-9417046117
ਸੁਖਦੇਵ ਸਿੰਘ ਭੁੱਲੜ ਵੀਰ ਜੀ ਦੀ ਬਾਦਸ਼ਾਹ ਦਰਵੇਸ਼ ਭੇਜੀ ਹੋਈ ਕਿਤਾਬ ਮਿਲੀ, ਇਸ ਵਿੱਚ ਜ਼ਫਰਨਾਮਾ ਸਾਹਿਬ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੋਈ ਹੈ। ਜੋ ਆਮ ਲੋਕਾਂ ਦੇ ਪੜ੍ਹਨ ਵਾਲੀ ਹੈ, ਜਿਸ ਦਾ ਸ਼ਾਇਦ ਆਮ ਲੋਕਾਂ ਨੂੰ ਨਹੀਂ ਪਤਾ ਕਿ ਜ਼ਫਰਨਾਮਾ ਕਿੱਥੇ ਲਿਖਿਆ ਗਿਆ ਸੀ ? ਕਿਵੇਂ ਲਿਖਿਆ ਗਿਆ ਸੀ ? ਤੇ ਦੀਨਾ ਕਾਗੜ ਕਿਉਂ ਬੋਲਿਆ ਜਾਂਦਾ ਹੈ ? ਇਹ ਜਫਰਨਾਮਾ ਕਿਸ ਝਿੜੀ ਵਿੱਚ ਬਿਰਾਜ ਕੇ ਲਿਖਿਆ ਗਿਆ ਸੀ ? ਕਿਤਾਬ ਦਾ ਇੱਕ-ਇੱਕ ਸ਼ਬਦ ਜ਼ਫ਼ਰਨਾਮਾ ਸਾਹਿਬ ਦੀ ਕਹਾਣੀ ਬੋਲਦਾ ਹੈ।ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਦੇ ਬਹੁਤ ਨੇੜੇ ਜ਼ਫ਼ਰਨਾਮਾ ਸਾਹਿਬ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਚਾਰ ਬੱਚਿਆਂ ਨੂੰ ਗਵਾ ਕੇ, ਦੇਸ਼ ਤੇ ਕੌਮ ਲਈ ਇਸ ਜਫਰਨਾਮਾ ਸਾਹਿਬ ਨੂੰ ਲਿਖਣ ਲਈ ਆਪਣੀ ਕਲਮ ਚਲਾਈ ? ਕਿਸ ਤਰ੍ਹਾਂ ਇੱਕ ਕਲਮ ਦੇ ਨਾਲ ਵਾਰ ਕਰਕੇ ਦੁਸ਼ਮਣ ਦਾ ਅੰਤ ਕੀਤਾ ? ਇਸ ਵਿੱਚ ਸਰਬੰਸ ਦਾਨੀ ਸਾਹਿਬੇ ਕਮਾਲ, ਨੀਲੇ ਦਾ ਸ਼ਾਹ ਸਵਾਰ, ਚੋਜੀ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਨਿਰੀ ਨੂਰਾਨੀ ਅਤੇ ਆਗਾਮੀ ਸ਼ਖਸੀਅਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਨਿਰਾਲੀ ਲਸਾਨੀ ਅਤੇ ਮਹਾਨ ਹਸਤੀ ਵਾਰੇ ਇੱਕ-ਇੱਕ ਸ਼ਬਦ ਸਾਡੇ ਹਿਰਦੇ ਨੂੰ ਵਲੂੰਦਰ ਦਾ ਹੈ। ਕਿਸ ਤਰ੍ਹਾਂ ਦਸਮ ਗੁਰੂ ਜੀ ਨੇ ਆਪਣੇ ਚਾਰੇ ਪੁੱਤ ਕੌਮ ਤੋਂ ਵਾਰ ਕੇ ਵੀ ਹੌਸਲੇ ਬੁਲੰਦ ਰੱਖੇ ? ਅਨੰਦਪੁਰ ਸਾਹਿਬ ਤੋਂ ਲੈ ਕੇ ਦੀਨਾ ਕਾਂਗੜ ਅਥਵਾ ਦਿਆਲਪੁਰੇ ਤੱਕ ਦਾ ਸਫ਼ਰ, ਇਸ ਕਿਤਾਬ ਦੇ ਵਿੱਚ ਸ਼ਬਦਾਂ ਨੂੰ ਮੋਤੀਆਂ ਵਾਂਗ (ਪਰੋਣਾ ਸ਼ਬਦ ਠੀਕ ਲੱਗਦਾ ਏ।) ਪਰਾਉਣਾ ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੈ ? ਜਫ਼ਰਨਾਮਾ ਸਾਹਿਬ ‘ਤੇ ਬਹੁਤ ਸਾਹਿਤਕਾਰਾਂ ਨੇ ਕਿਤਾਬਾਂ ਲਿਖੀਆਂ ਹਨ, ਪਰ ਸੁਖਦੇਵ ਸਿੰਘ ਭੁੱਲੜ ਲੇਖਕ ਨੇ ਦਿਆਲਪੁਰਾ ਭਾਈ ਕਾ ਬਾਰੇ ਬਹੁਤ ਹੀ ਸਹਿਜਤਾ ਨਾ ਇੱਕ-ਇੱਕ ਸ਼ਬਦ ਨੂੰ ਲਿਖਿਆ ਹੈ ਕਿਉਂਕਿ ਉਹ ਖੁਦ ਦਿਆਲਪੁਰਾ ਭਾਈ ਕੇ ਵਿੱਚ ਰਹਿਣ ਵਾਲੇ ਹਨ ਤੇ ਉਹਨਾਂ ਨੇ ਪੁਰਾਣੇ ਬਜ਼ੁਰਗਾਂ ਤੋਂ ਹਰ ਜਗ੍ਹਾ ਜਾ ਕੇ ਖੋਜ ਕੀਤੀ। ਦਸਮ ਪਿਤਾ ਜੀ ਹਰ ਰੋਜ਼ ਦੀਨੇ ਪਿੰਡ ਤੋਂ ਚੱਲ ਕੇ, ਕਾਂਗੜ ਪਿੰਡ ਦੇ ਨਾਲ ਵੱਸੇ ਪਿੰਡ ਦਿਆਲਪੁਰਾ ਭਾਈਕੇ ਆਉਂਦੇ। ਦਿਆਲਪੁਰੇ ਦੀ ਜ਼ਮੀਨ ਤੇ ਰੁੱਖਾਂ ਦੇ ਝੁੰਡ ਮੀਲਾਂ ਵਿੱਚ ਫੈਲੇ ਹੋਏ ਸਨ। ਉਨ੍ਹਾਂ ਸੰਘਣੇ ਰੁੱਖਾਂ ਦੀ ਝਿੜ੍ਹੀ ਵਿੱਚ ਬੈਠ ਕੇ ਜ਼ਫ਼ਰਨਾਮੇ ਦੇ ਸ਼ੇਅਰ ਲਿਖਦੇ। ਪਹਿਲਾਂ ਇਹ ਜਗ੍ਹਾ ਕਾਂਗੜ ਪਿੰਡ ਦੀ ਸੀ, ਪਰ ਜਦ ਦਿਆਲਪੁਰਾ ਭਾਈਕਾ ਅਬਾਦ ਹੋਇਆ ਤਾਂ ਇਹ ਜਗ੍ਹਾ ਦਿਆਲਪੁਰੇ ਪਿੰਡ ਵਿੱਚ ਚਲੀ ਗਈ।ਹੁਣ ਇਹ ਦੋਵੇਂ ਪਿੰਡ ਵੱਖਰੇ ਹੋ ਚੁੱਕੇ ਹਨ। ਜਿੱਥੇ ਜ਼ਫ਼ਰਨਾਮਾ ਸਾਹਿਬ ਲਿਖਿਆ ਗਿਆ ਸੀ, ਉਹ ਜਗ੍ਹਾ ਦਿਆਲਪੁਰਾ ਵਿੱਚ ਜਾ ਚੁੱਕੀ ਹੈ।ਕਾਂਗੜ ਦੇ ਵਿੱਚ ਭਾਈ ਰਾਏ ਜੋਧ ਜੀ ਦਾ ਗੁਰਦੁਆਰਾ ਸਾਹਿਬ, ਜੋ ਬਾਬਾ ਜੀ ਮਹਿਰ ਮਿੱਠੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਸਥਾਪਿਤ ਹੈ।ਇਸ ਦਾ ਇਤਿਹਾਸ ਤਾਂ ਬਹੁਤ ਪੁਰਾਣਾ ਹੈ, ਪਰ ਇਸ ਕਿਤਾਬ ਨੂੰ ਪੜ੍ਹ ਕੇ ਇਹ ਲੱਗਦਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਵਿਰਾਸਤ ਵਿੱਚ ਚਲੇ ਗਏ ਹਾਂ।ਇਹ ਕਿਤਾਬ ਇਤਿਹਾਸ ਦੇ ਹਰ ਪੰਨੇ ਨੂੰ ਦੁਹਰਾਉਂਦੀ ਹੈ। ਇਸ ਕਿਤਾਬ ਵਿੱਚ ਹਰ ਉਸ ਸ਼ਖਸ ਦਾ ਜ਼ਿਕਰ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਨ ਜਾਂ ਜਿਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਕੀਤੀ।ਦਿੱਲੀ ਦਰਬਾਰ ਦਾ ਇਤਿਹਾਸ , ਚਮਕੌਰ ਸਾਹਿਬ ਦੀ ਜੰਗ ਦਾ ਜ਼ਿਕਰ, ਚਾਰੇ ਸਾਹਿਬਜ਼ਾਦਿਆਂ ਦਾ ਬਚਪਨ, ਜਫਰਨਾਮਾ ਸਾਹਿਬ ਦਾ ਜਨਮ ਤੇ ਵਿਕਾਸ, ਬਾਗੜੀਆਂ ਰਿਆਸਤ ਦਾ ਇਤਿਹਾਸ ਵੀ ਇਸ ਕਿਤਾਬ ਦੇ ਵਿੱਚ ਭਲੀ-ਭਾਂਤ ਪੜ੍ਹਨ ਨੂੰ ਮਿਲ ਰਿਹਾ ਹੈ।ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸ਼ਾਮ ਵੇਲੇ ਰਹਿਰਾਸ ਤੋਂ ਬਾਅਦ ਦਰਬਾਰ ਸਜਾਉਂਦੇ ਸਨ, ਜੋ ਉਹ ਕਵਿਤਾ ਨੂੰ ਬਿਆਨ ਕਰਦੇ ਸਨ।ਉਹ ਹਰ ਕਵਿਤਾ ਨੂੰ ਬੜੇ ਸਹਿਜੇ ਸੁਭਾਅ ਨਾਲ ਬਿਆਨ ਕੀਤਾ ਹੈ।ਇਸ ਕਿਤਾਬ ਦੇ ਵਿੱਚ ਸੱਤ ਭਾਗ ਹਨ।ਹਰ ਭਾਗ ਆਪਣੀ ਕਹਾਣੀ ਦੁਹਰਾਉਂਦਾ ਹੈ।ਇਹ ਕਿਤਾਬ ਪੜ੍ਹਨ ਯੋਗ ਹੈ।ਇਤਿਹਾਸ ਦੀ ਜਾਣਕਾਰੀ ਮਿਲਦੀ ਹੈ।
ਦਸਮ ਪਿਤਾ ਦੀ ਸਿਫਤ ਸਾਲਾਹ ਕਹਿਣ ਕਥਨ ਤੋਂ ਬਾਹਰ ਏ। ਜੋਗੀ ਅੱਲ੍ਹਾ ਯਾਰ ਖਾਂ ਲਿਖਦਾ ਏ –
ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ।
ਜਿਤਨੀ ਵੀ ਹੋ ਤਾਰੀਫ਼ ਗੁਰੂ ਗੋਬਿੰਦ ਸਿੰਘ ਕੀ, ਵੁਹ ਕਮ ਹੈ।
ਦਵਿੰਦਰ ਕੌਰ ਖੁਸ਼ ਧਾਲੀਵਾਲ, ਰਿਸਰਚ ਐਸੋਸੀਏਟ, ਧੂਰਕੋਟ ਮੋਗਾ