ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ : ਬਾਬਾ ਸੁਖਬੀਰ ਦਾਸ ਜੀ
ਕੋਟਕਪੂਰਾ/ਜੈਤੋ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜਾਦੇ ਧੰਨ-ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ 530ਵਾਂ ਪ੍ਰਕਾਸ਼ ਦਿਹਾੜਾ ਉਦਾਸੀਨ ਡੇਰਾ ਦੁੱਖ ਭੰਜਨ ਸਾਹਿਬ ਸ੍ਰੀ ਚੰਦਰ ਨਗਰ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ, ਤਹਿਸੀਲ ਜੈਤੋ ਜ਼ਿਲਾ ਫ਼ਰੀਦਕੋਟ ਵਿੱਚ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁਖਬੀਰ ਦਾਸ ਜੀ, ਬਾਬਾ ਜਸਵਿੰਦਰ ਦਾਸ ਜੀ ਦੀ ਅਗਵਾਈ ’ਚ ਨਗਰ ਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਦੀਵਾਨ ਮੌਕੇ ਕਥਾ/ਕੀਰਤਨ ਕਰਨ ਉਪਰੰਤ ਧੰਨ-ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਜੋੜਿਆ ਗਿਆ। ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਸੀ। ਬਾਹਰੋਂ ਆਈਆਂ ਸੰਗਤਾਂ, ਮਹਾਂਪੁਰਸ਼ਾਂ ਅਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਬਾਬਾ ਜਸਵਿੰਦਰ ਦਾਸ ਜੀ ਨੇ ਸੰਗਤਾਂ ਨੂੰ ਸਮਾਗਮ ਵਿੱਚ ਵੱਧ ਚੜ ਕੇ ਸ਼ਿਰਕਤ ਕਰਨ ਅਤੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਾਂਝ ਬਲੱਡ ਵੈੱਲਫ਼ੇਅਰ ਕਲੱਬ (ਰਜਿ:) ਫ਼ਰੀਦਕੋਟ ਵੱਲੋਂ ਸਿਵਲ ਹਸਪਤਾਲ ਮੋਗਾ ਅਤੇ ਦੀਪ ਬਲੱਡ ਬੈਂਕ ਫ਼ਰੀਦਕੋਟ ਦੀ ਸਹਾਇਤਾ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਸੁਖਬੀਰ ਦਾਸ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਬਾਬਾ ਸੁਖਬੀਰ ਦਾਸ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਕਾਰਜ਼ ਹੈ ਅਤੇ ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈ। ਉਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਜਿਸ ਨਾਲ ਅਨਮੋਲ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਹਰੇਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਉਨਾਂ ਕਿਹਾ ਕਿ ਖੂਨਦਾਨ ਲੋੜਵੰਦ ਵਿਅਕਤੀਆਂ ਦੀ ਜਾਨ ਬਚਾਉਣ ਦੇ ਕੰਮ ਆ ਸਕਦਾ ਹੈ ਅਤੇ ਕਿਸੇ ਵਿਅਕਤੀ ਦੀ ਜਾਨ ਬਚਾਉਣ ਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ। ਉਨਾਂ ਨੇ ਸਾਂਝ ਬਲੱਡ ਵੈਲਫ਼ੇਅਰ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵਾ ਇੱਕ ਅਜਿਹਾ ਕਾਰਜ਼ ਹੈ ਜਿਸ ਨਾਲ ਅਸੀਂ ਮਾਨਵਤਾ ਦੀ ਸੇਵਾ ਕਰ ਸਕਦੇ ਹਾਂ ਅਤੇ ਮਾਨਵਤਾ ਦੀ ਸੇਵਾ ਨੂੰ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਬਹੁਤ ਵੱਡਾ ਸਥਾਨ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਮਾਨਵਤਾ ਦੀ ਸੇਵਾ ਤੋਂ ਕਦੇ ਵੀ ਪਿਛੇ ਨਹੀਂ ਹਟਾਂਗੇ। ਇਸ ਮੌਕੇ ਬਾਬਾ ਸੁਖਬੀਰ ਦਾਸ ਜੀ ਨੇ ਦੱਸਿਆ ਕਿ ਕੈਂਪ ਵਿਚ ਹਰ ਸਾਲ ਦੀ ਤਰਾ ਇਸ ਸਾਲ ਵੀ 108 ਯੂਨਿਟ ਬਲੱਡ ਇਕੱਠਾ ਹੋਇਆ ਹੈ। ਇਸ ਮੌਕੇ ਡੇਰੇ ਦੇ ਸੇਵਾਦਾਰ ਡਾ. ਜਸਵਿੰਦਰ ਸਿੰਘ ਅੰਗਰੋਈਆ, ਨਵਜੋਤ ਸਿੰਘ ਅੰਗਰੋਈਆ, ਕਰਨ ਸਿੰਘ ਬਰਾੜ, ਰਾਜਨ ਦੂਆ, ਪੰਕਜ ਦਿਓੜਾ, ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਪੁੰਨੀ, ਨਵਜੋਤ ਸਿੰਘ ਜੈਤੋ, ਹਰਪ੍ਰੀਤ ਸਿੰਘ, ਸੂਰਿਆ ਬਰਾੜ ਅਤੇ ਰਮਨ ਰੋੜੀਕਪੂਰਾ ਆਦਿ ਵੀ ਹਾਜ਼ਰ ਸਨ।